ਲੁਧਿਆਣਾ: 21 ਸਤੰਬਰ 2019 - ਮਾਲਵਾ ਸਭਿਆਚਾਰਕ ਮੰਚ ਦੇ ਪ੍ਰਧਾਨ ਤੇ ਬਾਬਾ ਬੰਦਾ ਸਿੰਘ ਬਹਾਦਰ ਫਾਉਡੇਸ਼ਨ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਦੇ ਪੰਜਾਬ ਰਾਜ ਉਦਯੋਗ ਵਿਕਾਸ ਕਾਰਪੋਰੇਸ਼ਨ ਦਾ ਚੇਅਰਮੈਨ ਬਣਨ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਚੇਅਰਮੈਨ ਗੁਰਭਜਨ ਗਿੱਲ, ਕਾਰਜਕਾਰੀ ਮੈਂਬਰ ਤ੍ਰੈਲੋਚਨ ਲੋਚੀ, ਸਕੱਤਰ ਮਨਜਿੰਦਰ ਧਨੋਆਤੇ ਡਾ: ਜਗਵਿੰਦਰ ਜੋਧਾ ਤੋਂ ਇਲਾਵਾ ਪੰਜਾਬੀ ਕਵੀ ਤਰਸੇਮ ਨੂਰ ਨੇ ਨਵ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਮੁਬਾਰਕਬਾਦ ਦਿੱਤੀ।
ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਵਾਰਤਕ ਪਿਤਾਮਾ ਸ਼ਰਧਾ ਰਾਮ ਫਿਲੌਰੀ ਦਾ ਜਨਮ ਦਿਨ 20 ਸਤੰਬਰ ਨੂੰ ਕ੍ਰਿਸ਼ਨਾ ਮੰਦਰ ਮਾਡਲ ਟਾਉਨ ਲੁਧਿਆਣਾ ਵਿੱਚ ਮਨਾਇਆ ਜਾ ਰਿਹਾ ਹੈ, ਜਿਸ ਚ ਲੇਖਕਾਂ ਦੀ ਸ਼ਮੂਲੀਅਤ ਬੇਹੱਦ ਜ਼ਰੂਰੀ ਹੈ। ਇਸ ਮੌਕੇ ਓਮ ਪ੍ਰਕਾਸ਼ ਗਾਸੋ ਦੀ ਪੁਸਤਕ ਤਲਖ਼ੀਆਂ ਦੇ ਰੂਬਰੂ ਦੀ ਕਾਪੀ ਕ ਕ ਬਾਵਾ ਜੀ ਨੂੰ ਭੇਂਟ ਕਰਦਿਆ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਗਿੱਲ ਨੇ ਕਿਹਾ ਹੈ ਕਿ ਤ੍ਰੈਕਾਲਦਰਸ਼ੀ ਲੇਖਕ ਓਮ ਪ੍ਰਕਾਸ਼ ਗਾਸੋ ਦੀਆਂ ਲਿਖਤਾਂ ਚੋਂ ਸਰਬ ਸਮਿਆਂ ਦਾ ਪੰਜਾਬ ਬੋਲਦਾ ਹੈ। ਗਾਸੋ ਦੀ ਸਾਹਿੱਤ ਸਾਧਨਾ ਦੀ ਉਮਰ ਇਸ ਵੇਲੇ 60 ਸਾਲ ਤੋਂ ਵਧੇਰੇ ਹੈ। ਇਹ ਬੀਤਿਆ ਸਮਾਂ ਉਨ੍ਹਾਂ ਸਾਹਿੱਤ ਸਿਰਜਣਾ, ਅਧਿਅਨ ਤੇ ਅਧਿਆਪਨ ਦੇ ਲੇਖੇ ਲਾਇਆ ਹੈ।
ਪ੍ਰੋ: ਗਿੱਲ ਨੇ ਅਜ ਗਾਸੋ ਜੀ ਦੀ ਵਾਰਤਕ ਪੁਸਤਕ ਤਲਖ਼ੀਆਂ ਦੇ ਰੂਬਰੂ ਬਾਰੇ ਬੋਲਦਿਆਂ ਕਿਹਾ ਕਿ ਔਸਤ ਪੰਜਾਬੀ ਲੇਖਕ ਕੋਲ ਯੁਗਬੋਧ ਨਹੀਂ ਹੈ ਪਰ ਓਮ ਪ੍ਰਕਾਸ਼ ਗਾਸੋ ਦੇ ਨਾਵਲਾਂ ਤੇ ਵਾਰਤਕ ਚ ਧਰਤੀ ਨਿਸ਼ੰਗ ਇਤਿਹਾਸ ਮਿਥਿਹਾਸ ਤੇ ਆਪਣਾ ਦਰਦ ਸੁਣਾਉਂਦੀ ਹੈ।
ਸਾਨੂੰ ਮਾਣ ਹੈ ਕਿ ਓਮ ਪ੍ਰਕਾਸ਼ ਗਾਸੋ ਸਾਡਾ ਸਾਂਝਾ ਬਾਬਲ ਹੈ ਜਿਸ ਦੀ ਗਿਆਨ ਪੋਟਲੀ ਚੋਂ ਸਾਨੂੰ ਹਰ ਵੇਲੇ, ਹਰ ਥਾਂ ਹਰ ਸਾਮਾਨ ਮਿਲ ਜਾਂਦਾ ਹੈ। ਉਸਦੇ ਬੋਲਾਂ ਚ ਯੁਗ ਵੇਦਨਾ ਦਾ ਵਾਸ ਹੋਣ ਕਾਰਨ ਹੀ ਸ਼ਿਵ ਜੀ ਵਾਂਗ ਤਲਖ਼ੀਆਂ ਦੇ ਘੁੱਟ ਭਰਦਿਆਂ ਉਨ੍ਹਾਂ ਨਾਲ ਦਸਤਪੰਜਾ ਲੈਂਦਾ ਹੈ।
ਉਨ੍ਹਾਂ ਕਿਹਾ ਕਿ ਗਾਸੋ ਲੋਕਾਂ ਦਾ ਲਿਖਾਰੀ ਹੈ ਅਤੇ ਮਿੱਤਰ ਮੰਡਲ ਪ੍ਰਕਾਸ਼ਨ ਵੱਲੋਂ ਪੁਸਤਕਾਂ ਖ਼ੁਦ ਛਾਪ ਕੇ ਹਜ਼ਾਰਾਂ ਪਾਠਕਾਂ ਤੀਕ ਆਪ ਪਹੁੰਚਾਉਂਦਾ ਹੈ। 192 ਸਫ਼ਿਆਂ ਦੀ ਇਸ ਪੁਸਤਕ ਦੀ ਕੀਮਤ ਕੇਵਲ ਸੌ ਰੁਪਿਆ ਰੱਖੀ ਗਈ ਹੈ।
ਓਮ ਪ੍ਰਕਾਸ਼ ਗਾਸੋ ਦੀ ਗ਼ੈਰਹਾਜ਼ਰੀ ਚ ਚਰਚਾ ਕਰਦਿਆਂ ਪੰਜਾਬੀ ਕਵੀ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਓਮ ਪ੍ਰਕਾਸ਼ ਗਾਸੋ ਜੀ ਸਾਡੇ ਸਭ ਦੇ ਮਾਰਗ ਦਰਸ਼ਕ ਹਨ।