ਤਰਨ ਤਾਰਨ, 11 ਜੁਲਾਈ 2020 - ਤਰਨਤਾਰਨ ਜ਼ਿਲ੍ਹੇ ਦੇ ਪਿੰਡ ਢੋਟੀਆਂ ਵਿਖੇ ਇੱਕ ਗਾਂ ਨੂੰ ਸਿਰ ’ਚ ਗੋਲੀਆਂ ਮਾਰ ਮੌਤ ਦੇ ਘਾਟ ਉਤਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੌਰਾਨ ਹਿੰਦੂ ਜਥੇਬੰਦੀਆਂ ਵਲੋਂ ਇਸ ਘਟਨਾ ਦੀ ਜਿੱਥੇ ਨਿੰਦਾ ਕੀਤੀ ਜਾ ਰਹੀ ਹੈ, ਉੱਥੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪਿੰਡ ਢੋਟੀਆਂ ਵਾਸੀ ਸ਼ਮਸ਼ੇਰ ਸਿੰਘ ਪੁੱਤਰ ਅਮਰੀਕ ਸਿੰਘ 9 ਜੁਲਾਈ ਦੀ ਰਾਤ 10.30 ਵਜੇ ਆਪਣੇ ਨੌਂਕਰ ਸੁਖਦੇਵ ਸਿੰਘ ਪੁੱਤਰ ਮੰਗਲ ਸਿੰਘ ਨਾਲ ਟ੍ਰੈਕਟਰ ’ਤੇ ਸਵਾਰ ਹੋ ਆਪਣੀ ਝੋਨੇ ਦੀ ਫਸਲ ਲਈ ਜ਼ਮੀਨ ਵਾਹ ਰਿਹਾ ਸੀ ਨੇ ਵੇਖਿਆ ਕਿ ਪਿੰਡ ਦੇ ਪੁੱਲ ਵਾਲੇ ਪਾਸਿਉ ਇਕ ਟਰੈਕਟਰ ਜਿਸ ਦੇ ਪਿੱਛੇ ਇਕ ਕਾਲੇ ਰੰਗ ਦੀ ਗਾਂ ਬੰਨੀ ਹੋਈ ਸੀ। ਇਸ ਦੌਰਾਨ ਅਚਾਨਕ 2 ਗੋਲੀਆਂ ਚੱਲਣ ਦੀ ਅਵਾਜ ਸੁੱਣ ਕੇ ਉਨ੍ਹਾਂ ਆਪਣੇ ਮੋਟਰ ਸਾਈਕਲ ’ਤੇ ਸਵਾਰ ਹੋ ਨਜ਼ਦੀਕ ਜਾ ਵੇਖਿਆ ਤਾਂ ਗਾਂ ਦੇ ਮੱਥੇ ਵਿਚ ਗੋਲੀਆਂ ਵੱਜੀਆਂ ਹੋਣ ਕਾਰਨ ਉਹ ਲਹੂ ਲੁਹਾਣ ਹੋਈ ਪਈ ਸੀ। ਜਿਸ ਦੀ ਤੜਫ ਤੜਫ ਕੇ ਮੌਕੇ ’ਤੇ ਹੀ ਮੌਤ ਹੋ ਗਈ
ਇਸ ਦੌਰਾਨ ਜਦੋਂ ਟ੍ਰੈਕਟਰ ਸਵਾਰ ਵਿਅਕਤੀ ਨੇ ਆਪਣੇ ਹੱਥ ’ਚ ਪਿਸਤੌਲ ਫੜੀ ਹੋਈ ਸੀ ਤੇ ਉਸ ਦੇ ਸਾਥੀ ਨੇ ਹੱਥ ਵਿਚ ਡਾਂਗ ਫੜੀ ਹੋਈ ਸੀ, ਜਿਨ੍ਹਾਂ ਨੇ ਟ੍ਰੈਕਟਰ ਨਾਲ ਸੰਗਲ ਸਮੇਤ ਬੰਨੀ ਹੋਈ ਗਾਂ ਨੂੰ ਖੋਲ੍ਹ ਕੇ ਟਰੈਕਟਰ ਭਜਾ ਕੇ ਲੈ ਗਏ। ਇਸ ਦੌਰਾਨ ਉਨ੍ਹਾਂ ਜਦੋਂ ਪਿੱਛਾ ਕੀਤਾ ਤਾਂ ਉਕਤ ਵਿਅਕਤੀ ਨੇ ਉਨ੍ਹਾਂ ਉੱਪਰ ਟ੍ਰੈਕਟਰ ਚੜਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਆਪਣੇ ਨੌਂਕਰ ਸਮੇਤ ਪਿੰਡ ਵੇਈਂਪੁਈ ਦੀ ਪਾਣੀ ਵਾਲੀ ਟੈਂਕੀ ਨਜਦੀਕ ਪੁੱਜੇ ਤਾਂ ਉਕਤ ਟ੍ਰੈਕਟਰ ਸਵਾਰ ਨੇ ਸਾਨੂੰ ਜਾਨੋ ਮਾਰਨ ਦੀ ਨੀਅਤ ਨਾਲ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਸਬੰਧੀ ਪਵਨ ਕੁੰਦਰਾ ਢੋਟੀਆਂ ਸਮੇਤ ਹੋਰ ਹਿੰਦੂ ਨੇਤਾਵਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਗਿ੍ਰਫਤਾਰ ਕੀਤਾ ਜਾਵੇ। ਇਸ ਸਬੰਧੀ ਥਾਣਾ ਸਰਹਾਲੀ ਦੇ ਮੁਖੀ ਇਸੰਪੈਕਟਰ ਚੰਦਰ ਭੂਸ਼ਣ ਸ਼ਰਮਾ ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਕਰਦੇ ਹੋਏ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਇਸ ਸਬੰਧੀ ਏ.ਐੱਸ.ਆਈ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮੁਦਈ ਦੇ ਬਿਆਨਾਂ ’ਤੇ ਜੰਗਬੀਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਢੋਟੀਆਂ ਅਤੇ ਇੱਕ ਅਣਪਛਾਤੇ ਵਿਅਕਤੀ ਖਿਲਾਫ ਮੁਕੱਦਮਾ ਨੰਬਰ 215 ਧਾਰਾ 429 ਆਈ.ਪੀ.ਸੀ., ਸੈਕਸ਼ਨ 11 (1) ਪ੍ਰੋਵੈਸ਼ਨ ਆਫ ਕਰੋਵਲਟੀ ਟੂ ਐਨੀਮਲ ਐਕਟ 1960 ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਸਬੰਧੀ ਫਿਰੋਜ਼ਪੁਰ ਰੇਂਜ ਆਈ.ਜੀ. ਹਰਦਿਆਲ ਸਿੰਘ ਮਾਨ ਨੇ ਬਾਬੂਸ਼ਾਹੀ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਾਂ ਦੇ ਸਰੀਰ 'ਤੇ ਕੁੱਝ ਸੱਟਾਂ ਦੇ ਨਿਸ਼ਾਨ ਜਰੂਰ ਹਨ ਪਰ ਇਹ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਗਾਂ ਦੀ ਮੌਤ ਗੋਲੀ ਲੱਗਣ ਕਾਰਨ ਜਾਂ ਫਿਰ ਕਿਸੇ ਹੋਰ ਕਾਰਨ ਹੋਈ ਹੈ।