ਓਵਰਲੋਡ ਟਿੱਪਰਾਂ ਨੇ ਰਾਹਗੀਰਾਂ ਦੀ ਰੋਜ਼ਾਨਾ ਜ਼ਿੰਦਗੀ 'ਚ ਵਿਘਨ ਪਾਇਆ
- ਪਿੰਡਾਂ ਦੀਆਂ ਸੰਪਰਕ ਸੜਕਾਂ ਤੇ ਪੁੱਲੀਆਂ ਟੁੱਟਣ ਲੱਗੀਆਂ
ਮਲਕੀਤ ਸਿੰਘ ਮਲਕਪੁਰ
ਲਾਲੜੂ 19 ਅਪ੍ਰੈਲ 2024: ਪਿੰਡਾਂ ਦੀਆਂ ਸੰਪਰਕ ਸੜਕਾਂ ਉੱਤੇ ਚਲ ਰਹੇ ਮਿੱਟੀ ਦੇ ਭਰੇ ਟਿੱਪਰਾਂ ਕਾਰਨ ਪਿੰਡ ਧਰਮਗੜ੍ਹ ਦੇ ਵਾਸੀ ਬਹੁਤ ਹੀ ਪ੍ਰੇਸ਼ਾਨ ਹਨ। ਪਿੰਡ ਧਰਮਗੜ੍ਹ ਵਾਸੀ ਜਸਵਿੰਦਰ ਸਿੰਘ, ਇੰਦਰਜੀਤ ਸਿੰਘ, ਸਰਬਜੀਤ ਸਿੰਘ, ਨਰਿੰਦਰ ਸਿੰਘ, ਜਗਜੀਤ ਸਿੰਘ ਰੋਡਾ, ਰਾਜਿੰਦਰ ਕੁਮਾਰ ਤੇ ਵਕੀਲ ਸਿੰਘ ਆਦਿ ਦਾ ਕਹਿਣਾ ਹੈ ਕਿ ਪਿੰਡ ਧਰਮਗੜ੍ਹ ਦੀ ਸੰਪਰਕ ਸੜਕ ਉੱਤੇ ਦਿਨ-ਰਾਤ ਮਿੱਟੀ ਦੇ ਓਵਰਲੋਡ ਟਿੱਪਰ ਚਲ ਰਹੇ ਹਨ, ਜਿਸ ਕਾਰਨ ਪਿੰਡ ਵਿੱਚ ਆਉਣ ਜਾਣ ਵੇਲੇ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 12 ਫੁੱਟੀ ਸੜਕਾਂ ਉੱਤੇ 10-10 ਫੁੱਟ ਚੌੜੇ ਟਿੱਪਰਾਂ ਦੇ ਚੱਲਣ ਨਾਲ ਆਉਣ ਜਾਣ ਵਾਲੇ ਵਾਹਨ ਚਾਲਕਾਂ ਲਈ ਥਾਂ ਹੀ ਨਹੀਂ ਬਚਦੀ ਅਤੇ ਉਨ੍ਹਾਂ ਨੂੰ ਕੱਚੇ ਵਿੱਚ ਆਪਣੇ ਵਾਹਨ ਉਤਾਰਨੇ ਪੈ ਰਹੇ ਹਨ, ਜੋ ਤਿਲਕ ਕੇ ਹਾਦਸੇ ਦਾ ਕਾਰਨ ਵੀ ਬਣ ਸਕਦੇ ਹਨ।
ਸੜਕ ਕਿਨਾਰੇ ਵਸੋਂ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਦਿਨ ਤੇ ਰਾਤ ਵੇਲੇ ਚਲ ਰਹੇ ਟਿੱਪਰਾਂ ਕਾਰਨ ਧੂੜ ਇੰਨੀ ਉਡਦੀ ਹੈ ਕਿ ਉਨ੍ਹਾਂ ਨੂੰ ਰੋਜ਼ਾਨਾ ਦਾ ਕੰਮ ਕਰਨਾ ਵੀ ਔਖਾ ਹੋਇਆ ਪਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਕੱਪੜੇ ਸੁੱਕਣੇ ਪਾਉਂਦੇ ਹਨ ਪਰ ਧੂੜ ਨਾਲ ਲੱਥ-ਪੱਥ ਹੋਏ ਕੱਪੜੇ ਮੁੜ ਤੋਂ ਧੋਣੇ ਪੈ ਰਹੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਓਵਰਲੋਡ ਟਿੱਪਰਾਂ ਕਾਰਨ ਉਨ੍ਹਾਂ ਦੀ 40 ਫੀਸਦੀ ਤੋਂ ਵੱਧ ਸੜਕ ਟੁੱਟ ਚੁੱਕੀ ਹੈ ਅਤੇ ਨਾਲਿਆਂ ਉੱਤੇ ਸੀਮਿੰਟ ਦੀ ਬਣੀ ਇਕ ਪੁਲੀ ਤਾਂ ਟੁੱਟ ਚੁੱਕੀ ਹੈ, ਜਦਕਿ ਕੁੱਝ ਹੋਰ ਟੁੱਟਣ ਕਿਨਾਰੇ ਹਨ। ਉਨ੍ਹਾਂ ਪ੍ਰਸਾਸ਼ਨ ਅਤੇ ਹਲਕਾ ਵਿਧਾਇਕ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਓਵਰਲੋਡ ਟਿੱਪਰਾਂ ਉੱਤੇ ਸਿਕੰਜਾ ਕਸਿਆ ਜਾਵੇ ਤਾਂ ਜੋ ਇਹ ਸੰਪਰਕ ਸੜਕਾਂ ਰਾਹੀਂ ਨਾ ਹੋ ਕੇ ਕੌਮੀ ਮਾਰਗ ਰਾਹੀਂ ਹੀ ਮਿੱਟੀ ਲਿਜਾਣ।