ਡੇਅਰੀ ਫਾਰਮਿੰਗ 'ਚ ਨੁਕਸਾਨ ਹੋਣ ਦਾ ਮੁੱਖ ਕਾਰਨ ਹੈ ਪਸ਼ੂਆਂ ਵਿੱਚ ਬਾਂਝਪਣ : ਡਾਕਟਰ ਬਿਮਲ ਸ਼ਰਮਾ
ਮਲਕੀਤ ਸਿੰਘ ਮਲਕਪੁਰ
ਲਾਲੜੂ 19 ਅਪ੍ਰੈਲ 2024: ਪੰਜਾਬ ਵਿੱਚ ਡੇਅਰੀ ਫਾਰਮਿੰਗ ਦੇ ਵੱਡੇ ਨੁਕਸਾਨ ਲਈ ਪਸ਼ੂਆਂ ਵਿੱਚ ਬਾਂਝਪਣ ਮੁਖ ਤੌਰ ਉਤੇ ਜਿੰਮੇਵਾਰ ਹੈ, ਜਦਕਿਬਾਹਰਲੇ ਮੁਲਕਾਂ ਵਿੱਚ ਤਾਂ ਅਜਿਹੇ ਪਸ਼ੂਆਂ ਨੂੰ ਬੁੱਚੜਖਾਨੇ ਵਿੱਚ ਭੇਜ ਦਿੱਤਾ ਜਾਂਦਾ ਹੈ। ਵਧੀਆ ਪ੍ਰਜਨਣ ਅਤੇ ਵਧੀਆ ਸਿਹਤਮੰਦ ਵੱਛੇ/ਵਛੀਆਂ ਪ੍ਰਾਪਤ ਕਰਨ ਲਈ ਸਾਨੂੰ ਨਰ ਅਤੇ ਮਾਦਾ ਜਾਨਵਰਾਂ ਦਾ ਚੰਗੀ ਤਰ੍ਹਾਂ ਧਿਆਨ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਬਿਮਾਰੀਆਂ ਤੋਂ ਮੁਕਤ ਰੱਖਣਾ ਚਾਹੀਦਾ ਹੈ। ਜਾਨਵਰਾਂ ਦੀ ਬਾਂਝਪਣ ਸਬੰਧੀ ਬਿਮਾਰੀ ਤੋਂ ਬਚਾਅ ਸਬੰਧੀ ਕਿਸਾਨ ਭਰਾਵਾਂ ਨੂੰ ਜਾਗਰੂਕ ਕਰਦਿਆ ਡਾਕਟਰ ਬਿਮਲ ਸ਼ਰਮਾ ਸੰਯੁਕਤ ਨਿਰਦੇਸ਼ਕ ਨੇ ਕਿਹਾ ਕਿ ਬਾਂਝਪਣ ਦੇ ਕਈ ਕਾਰਨ ਹਨ,ਜਿਵੇਂ ਕਿ ਪਸ਼ੂਆਂ ਨੂੰ ਗਰਭ ਦੌਰਾਨ ਚੰਗੀ ਖੁਰਾਕ ਨਾ ਦੇਣਾ , ਗਰਭ ਧਾਰਨ ਕਰਕੇ ਇੱਕ ਬੱਚੇ ਨੂੰ ਜਨਮ ਦੇਣ ਵਿੱਚ ਅਸਫਲਤਾ, ਹਾਰਮੋਨਜ਼ ਵਿੱਚ ਸੰਤੁਲਨ ਨਾ ਹੋਣਾ ਅਤੇ ਪ੍ਰਬੰਧਨ ਖਾਮੀਆਂ ਹਨ। ਆਮ ਤੌਰ ਉਤੇ ਪਸ਼ੂਆਂ ਦਾ ਹੀਟ ਸਾਈਕਲ 18 ਤੋਂ 21 ਦਿਨ ਦੇ ਦਰਮਿਆਨ ਹੁੰਦਾ ਹੈ, ਜਿਸ ਵਿੱਚ ਪਸ਼ੂ ਇੱਕ ਵਾਰੀ ਹੀਟ ਵਿੱਚ ਆਉਂਦਾ ਹੈ ।
ਮੱਝਾਂ ਵਿੱਚ ਹੀਟ ਪੀਰੀਅਡ 18 ਤੋਂ 24 ਘੰਟੇ ਅਤੇ ਅਮਰੀਕਨ ਨਸਲ ਦੀਆਂ ਗਊਆਂ ਵਿੱਚ 72 ਘੰਟੇ ਤੱਕ ਵੀ ਹੋ ਸਕਦਾ ਹੈ। ਮੱਝਾਂ ਵਿੱਚ ਸਾਈਲੈਂਟ ਹੀਟ ਵੀ ਬਾਂਝਪਣ ਦਾ ਮੁੱਖ ਕਾਰਨ ਹੈ, ਕਿਉਂਕਿ ਪਸ਼ੂ ਪਾਲਕਾਂ ਨੂੰ ਪਤਾ ਹੀ ਨਹੀਂ ਚਲਦਾ ਕਿ ਉਨ੍ਹਾਂ ਦੀ ਮੱਝ ਹੀਟ ਵਿੱਚ ਹੈ ਜਾ ਨਹੀਂ। ਇਸ ਲਈ ਪਸ਼ੂ ਪਾਲਕਾਂ ਨੂੰ ਆਪਣੇ ਪਸ਼ੂਆਂ ਦੀ ਸਵੇਰੇ ਸ਼ਾਮ ਪੂਰੀ ਨਿਗਰਾਨੀ ਕਰਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਨੂੰ ਸਾਈਲੈਂਟ ਹੀਟ ਦਾ ਵੀ ਪਤਾ ਲੱਗ ਸਕੇ ਅਤੇ ਇਸ ਸੰਬੰਧੀ ਰਿਕਾਰਡ ਰੱਖਣਾ ਵੀ ਬਹੁਤ ਜ਼ਰੂਰੀ ਹੈ। ਪਸ਼ੂਆਂ ਵਿੱਚ ਬਨਾਉਟੀ ਗਰਭਧਾਨ ਜਾਂ ਕੁਦਰਤੀ ਮਿਲਾਪ ਵੀ ਸਹੀ ਸਮੇਂ ਉਤੇ ਕਰਵਾਉਣਾ ਚਾਹੀਦਾ ਹੈ ਅਤੇ ਜੇਕਰ ਪਸ਼ੂਆਂ ਵਿੱਚ ਗਰਭ ਨਹੀਂ ਠਹਿਰਦਾ ਤਾਂ ਉਸ ਦਾ ਮਾਹਰ ਡਾਕਟਰ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ। ਬਾਂਝਪਣ ਦੀ ਸਮੱਸਿਆ ਨੂੰ ਰੋਕਣ ਲਈ ਪਸ਼ੂਆਂ ਨੂੰ ਰੋਜਾਨਾ 100 ਤੋਂ 200 ਗ੍ਰਾਮ ਮਿਨਰਲ ਮਿਕਚਰ, ਜਿਸ ਨੂੰ ਧਾਤਾਂ ਦਾ ਚੂਰਾ ਵੀ ਕਹਿੰਦੇ ਹਨ, ਜ਼ਰੂਰ ਪਾਉਣਾ ਚਾਹੀਦਾ ਹੈ ਅਤੇ ਸਾਲ ਵਿੱਚ ਘੱਟੋ-ਘੱਟ ਦੋ ਵਾਰੀ ਪੇਟ ਦੇ ਕੀੜਿਆਂ ਦੀ ਦਵਾਈ ਵੀ ਜ਼ਰੂਰ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ ਲੋੜ ਮੁਤਾਬਕ ਹਰਾ ਚਾਰਾ ਅਤੇ ਵੰਡ ਵੀ ਜ਼ਰੂਰ ਪਾਉਣੀ ਚਾਹੀਦੀ ਹੈ।ਇਸ ਤਰ੍ਹਾਂ ਪਸ਼ੂ ਪਾਲਕ ਪਸ਼ੂਆ ਦੇ ਗਰਭ ਧਾਰਨ ਦੀ ਦਰ ਵਿੱਚ ਵਾਧਾ ਕਰ ਸਕਦੇ ਹਨ। ਡਾ. ਸ਼ਰਮਾ ਨੇ ਦੱਸਿਆ ਕਿ ਗਰਭ ਅਵਸਥਾ ਦੌਰਾਨ ਹਰੇ ਚਾਰੇ ਦੀ ਲੋੜੀਂਦੀ ਮਾਤਰਾ ਦੇ ਨਾਲ ਨਵਜੰਮੇ ਵੱਛੇ /ਵੱਛੀਆਂ ਨੂੰ ਅੰਨ੍ਹੇਪਣ ਦੇ ਰੋਗ ਤੋਂ ਵੀ ਬਚਾਇਆ ਜਾ ਸਕਦਾ ਹੈ।
ਗਰਭ ਧਾਰਨ ਕਰਨ ਤੋਂ ਬਾਅਦ 60 ਤੋਂ 90 ਦਿਨਾਂ ਦਰਮਿਆਨ ਗਰਭ ਅਵਸਥਾ ਦੀ ਪੁਸ਼ਟੀ ਵੀ ਮਾਹਿਰ ਡਾਕਟਰ ਤੋਂ ਕਰਵਾ ਲੈਣੀ ਚਾਹੀਦੀ ਹੈ। ਗਊਆਂ ਵਿੱਚ ਗਰਭ ਅਵਸਥਾ ਦੀ ਮਿਆਦ 275 ਤੋਂ 285 ਦਿਨ ਹੁੰਦੀ ਹੈ ਅਤੇ ਮੱਝਾਂ ਵਿੱਚ 300 ਤੋਂ 310 ਦਿਨ ਹੁੰਦੀ ਹੈ । ਗਰਭ ਅਵਸਥਾ ਦੇ ਆਖਰੀ ਮਹੀਨਿਆਂ ਦੌਰਾਨ ਪਸ਼ੂਆਂ ਨੂੰ ਅਣਉਚਿਤ ਤਣਾਓ ਅਤੇ ਆਵਾਜਾਈ ਤੋਂ ਪਰਹੇਜ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਲਈ ਵਧੀਆ ਖਾਣ- ਪੀਣ ਦਾ ਪ੍ਰਬੰਧ ਅਤੇ ਸੂਣ ਤੋਂ ਕੁਝ ਸਮਾਂ ਪਹਿਲਾਂ ਸਧਾਰਨ ਪਸ਼ੂਆਂ ਤੋਂ ਦੂਰ ਰੱਖਣਾ ਚਾਹੀਦਾ ਹੈ। ਗਰਭਵਤੀ ਪਸ਼ੂਆਂ ਦਾ ਦੋ ਮਹੀਨੇ ਸੂਣ ਤੋਂ ਪਹਿਲਾਂ ਦੁੱਧ ਚੋਣਾ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸੰਤੁਲਤ ਰਾਸ਼ਨ ਅਤੇ ਕਸਰਤ ਕਰਨ ਦਿੱਤੀ ਜਾਣੀ ਚਾਹੀਦੀ ਹੈ ਇਸ ਨਾਲ ਮਾਂ ਦੀ ਸਿਹਤ ਵਿੱਚ ਸੁਧਾਰ ਕਰਨ ਵਿੱਚ ਮਿਲਦੀ ਹੈ ਅਤੇ ਔਸਤ ਭਾਰ ਨਾਲ ਇੱਕ ਸਿਹਤਮੰਦ ਵੱਛੇ /ਵੱਛੀ ਦਾ ਜਨਮ ਹੁੰਦਾ ਹੈ।