ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਨੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਸਟਰਾਂਗ ਰੂਮ ਦਾ ਕੀਤਾ ਨਿਰੀਖਣ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 25 ਅਪ੍ਰੈਲ,2024 : ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਰੂਪਨਗਰ ਡਾ.ਪ੍ਰੀਤੀ ਯਾਦਵ ਆਈ.ਏ.ਐਸ ਨੇ ਅੱਜ ਲੋਕ ਸਭਾ ਚੋਣਾਂ 2024 ਦੌਰਾਨ ਲੋਕ ਸਭਾ ਹਲਕਾ 06 ਅਨੰਦਪੁਰ ਸਾਹਿਬ ਅਧੀਨ ਪੈਂਦੇ ਵਿਧਾਨ ਸਭਾ ਹਲਕਾ 049 ਅਨੰਦਪੁਰ ਸਾਹਿਬ ਲਈ ਨਿਰਧਾਰਤ ਸਟਰਾਂਗ ਰੂਮ ਸਰਕਾਰੀ ਕੰਨਿਆ ਸੀਨੀ.ਸੈਕੰ.ਸਕੂਲ ਦਾ ਨਿਰੀਖਣ ਕੀਤਾ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾ ਅਨੁਸਾਰ ਨਿਰਧਾਰਤ ਜਰੂਰੀ ਮਾਪਦੰਡ ਅਪਨਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੇ ਨਾਲ ਵਧੀਕ ਜਿਲ੍ਹਾ ਚੋਣ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਅਤੇ ਸਹਾਇਕ ਰਿਟਰਨਿੰਗ ਅਫਸਰ ਕਮ ਉਪ ਮੰਡਲ ਮੈਜਿਸਟ੍ਰੇਟ ਰਾਜਪਾਲ ਸਿੰਘ ਸੇਖੋਂ ਵੀ ਮੋਜੂਦ ਸਨ।
ਡਾ.ਪ੍ਰੀਤੀ ਯਾਦਵ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਟਰਾਂਗ ਰੂਮ ਵਿੱਚ ਈ.ਵੀ.ਐਮ ਤਿਆਰ ਕਰਕੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ 233 ਪੋਲਿੰਗ ਬੂਥਾਂ ਲਈ ਭੇਜੀਆ ਜਾਣਗੀਆਂ, ਇਸ ਲਈ ਸੁਰੱਖਿਆਂ ਦੇ ਸਖਤ ਪ੍ਰਬੰਧ ਕੀਤੇ ਜਾਣਗੇ। ਇਸ ਦੌਰਾਨ ਵੀਡੀਓਗ੍ਰਾਫੀ ਹੋਵੇਗੀ ਅਤੇ ਸੀ.ਸੀ.ਟੀ.ਵੀ ਕੈਮਰਿਆਂ ਰਾਹੀ ਸਟਰਾਂਗ ਰੂਮ ਦੀ ਸੁਰੱਖਿਆਂ ਦੀ 24 ਘੰਟੇ ਨਿਗਰਾਨੀ ਰੱਖੀ ਜਾਵੇਗੀ। ਸਟਰਾਂਗ ਰੂਮ ਦੀ ਸੁਰੱਖਿਆਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾ ਅਨੁਸਾਰ ਨਿਰਧਾਰਤ ਮਾਪਦੰਡ ਅਪਣਾ ਕੇ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ 5 ਮਾਸਟਰ ਟ੍ਰੇਨਰ ਇਸ ਵਿਧਾਨ ਸਭਾ ਹਲਕੇ ਵਿੱਚ 24 ਸੁਪਰਵਾਈਜਰਾਂ ਤੇ ਲਗਭਗ 270 ਪ੍ਰੋਜਾਈਡਿੰਗ ਅਤੇ ਲਗਭਗ 750 ਪੋਲਿੰਗ ਸਟਾਫ ਦੇ ਕਰਮਚਾਰੀਆਂ ਨੂੰ ਸਿਖਲਾਈ ਦੇਣਗੇ। ਇਸ ਦੇ ਲਈ 50-50 ਕਰਮਚਾਰੀਆਂ ਦੇ ਬੈਚ ਤਿਆਰ ਕੀਤੇ ਜਾਣਗੇ ਅਤੇ ਉਨ੍ਹਾਂ ਨੂੰ ਦੋ ਟਾਈਮ ਅਲੱਗ- ਅਲੱਗ ਭਾਗਾਂ ਵਿਚ ਵੰਡ ਕੇ ਟ੍ਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਮੁੱਚੀ ਪ੍ਰਕਿਰਿਆ ਨੂੰ ਬਹੁਤ ਹੀ ਅਸਾਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਵੀਪ ਗਤੀਵਿਧੀਆਂ ਤਹਿਤ ਪਹਿਲਾ ਹੀ ਵੋਟਰਾਂ ਨੂੰ ਜਾਗਰੂਕ ਕਰਨ ਲਈ ਵਿਸੇਸ਼ ਅਭਿਆਨ ਚਲਾਏ ਜਾ ਰਹੇ ਹਨ, ਸਮੁੱਚੀ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਲਗਾਤਾਰ ਮਾਡਲ ਪੋਲਿੰਗ ਬੂਥਾ, ਪਿੰਕ ਪੋਲਿੰਗ ਬੂਥ ਅਤੇ ਵਲਨਰੇਬਲ ਪੋਲਿੰਗ ਬੂਥਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸਾਰੇ ਲੋੜੀਦੇ ਪ੍ਰਬੰਧ ਕੀਤੇ ਜਾ ਰਹੇ ਹਨ। ਵੋਟਰਾਂ ਦੀ ਸਹੂਲਤ ਲਈ ਸਮੁੱਚੀ ਪ੍ਰਕਿਰਿਆ ਦੀ ਉਹ ਖੁੱਦ ਨਿਗਰਾਨੀ ਕਰ ਰਹੇ ਹਨ।