ਰਾਣਾ ਇੰਦਰ ਪ੍ਰਤਾਪ ਅਤੇ ਸੱਜਣ ਚੀਮਾ ਹੋਏ ਆਹਮੋ ਸਾਹਮਣੇ- ਲਾਏ ਦੋਸ਼
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 26 ਅਪ੍ਰੈਲ 2024 ਹਲਕਾ ਸੁਲਤਾਨਪੁਰ ਲੋਧੀ ਤੋਂ ਮੌਜੂਦਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਅਤੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਇੱਕ ਦੂਜੇ ਤੇ ਦੋਸ਼ ਲਗਾ ਰਹੇ ਹਨ। ਹਲਕਾ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਲੋਕਾਂ ਦੀ ਸਹੂਲਤ ਦੇ ਕਿਸੇ ਵੀ ਤਰ੍ਹਾਂ ਦੇ ਹੋ ਰਹੇ ਕਾਰਜ ਨੂੰ ਆਪ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਵੱਲੋਂ ਸਰਕਾਰੀ ਜੋਰ ਨਾਲ ਰੋਕਣਾ ਬਹੁਤ ਹੀ ਮੰਦਭਾਗੀ ਗੱਲ ਹੈ। ਉਹਨਾਂ ਡਡਵਿੰਡੀ ਵਿਖੇ ਸੁਲਤਾਨਪੁਰ ਕਪੂਰਥਲਾ ਸੜਕ ਦੇ ਪੈਚ ਵਰਕ ਦਾ ਕੰਮ ਸ਼ੁਰੂ ਕਰਵਾਉਣ ਮੌਕੇ ਕਿਹਾ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਟੁੱਟੀ ਹੋਈ ਇਸ ਸੜਕ ਤੋਂ ਪ੍ਰੇਸ਼ਾਨ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਖੁਦ ਪੈਸੇ ਇਕੱਠੇ ਕਰਕੇ ਸੜਕ ਦੀ ਮੁਰੰਮਤ ਦਾ ਤਹਈਆ ਕੀਤਾ ਹੈ ਤਾਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਵੱਲੋਂ ਅਧਿਕਾਰੀਆਂ ਨੂੰ ਸ਼ਿਕਾਇਤ ਕਰਕੇ ਇਹ ਕੰਮ ਰੋਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਆਪਣੀ ਤਾਕਤ ਦੀ ਦੁਰਵਰਤੋਂ ਕਰ ਰਹੀ ਹੈ। ਜਿਸ ਕਾਰਨ ਬੀਤੇ ਕੱਲ ਅਧਿਕਾਰੀਆਂ ਵੱਲੋਂ ਸੜਕ ਦੀ ਮੁਰੰਮਤ ਦਾ ਕੰਮ ਰੋਕ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਚੋਣ ਜ਼ਾਬਤੇ ਦੀ ਕੋਈ ਉਲੰਘਣਾ ਨਹੀਂ ਹੋ ਰਹੀ ਕਿਉਂਕਿ ਆਮ ਲੋਕਾਂ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਵਿੱਚੋਂ ਕੋਈ ਵੀ ਪਾਰਟੀ ਵੱਲੋਂ ਚੋਣ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣ ਜ਼ਾਬਤਾ ਕਰੀਬ ਡੇਢ ਮਹੀਨੇ ਤੱਕ ਲਾਗੂ ਰਹੇਗਾ ਪਰ ਲੋਕਾਂ ਦੇ ਹੋ ਰਹੇ ਨੁਕਸਾਨ ਲਈ ਕੌਣ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਿਆਸੀ ਆਗੂ ਨੂੰ ਲੋਕਾਂ ਦੇ ਕੰਮਾਂ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਹ ਸਭ ਜਨਤਾ ਦਾ ਕੰਮ ਹੈ ਅਤੇ ਜਨਤਾ ਦੇ ਪੈਸੇ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਕੰਮਾਂ ਵਿੱਚ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ। ਇਸ ਮੌਕੇ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਦੇ ਸਾਬਕਾ ਚੇਅਰਮੈਨ ਕਰਮਬੀਰ ਸਿੰਘ ਕੇ.ਬੀ., ਪ੍ਰਧਾਨ ਕੰਵਲਨੈਣ ਸਿੰਘ ਕੇਨੀ, ਨਗਰ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਰਾਜੂ, ਉਪ ਪ੍ਰਧਾਨ, ਨਵਨੀਤ ਸਿੰਘ ਚੀਮਾ, ਕੌਂਸਲਰ ਤੇਜਵੰਤ ਸਿੰਘ, ਅਸ਼ੋਕ ਮੋਗਲਾ ਸਾਬਕਾ ਪ੍ਰਧਾਨ, ਅਨਿਲ ਭੋਲਾ, ਤਜਿੰਦਰ ਸਿੰਘ ਮੋਮੀ, ਅਜੀਤ ਸਿੰਘ ਔਜਲਾ, ਕੌਂਸਲਰ ਪਵਨ ਕਨੌਜੀਆ, ਸਾਬਕਾ ਚੇਅਰਮੈਨ ਹਰਜਿੰਦਰ ਸਿੰਘ ਤਕੀਆ, ਚੇਅਰਮੈਨ ਹਰਚਰਨ ਸਿੰਘ ਬੱਗਾ, ਜਗਜੀਤ ਸਿੰਘ ਚੰਦੀ, ਸੰਮਤੀ ਮੈਂਬਰ ਸੁਰਜੀਤ ਸਿੰਘ ਸਾਧੂਵਾਲ, ਨੰਬਰਦਾਰ ਗੁਰਜੰਟ ਸਿੰਘ ਹੈਬਤਪੁਰ, ਯਾਦਵਿੰਦਰ ਸਿੰਘ ਸੋਢੀ, ਦਿਲਬਾਗ ਸਿੰਘ ਠੱਟਾ ਨਵਾਂ, ਅਮਰਜੀਤ ਸਿੰਘ ਖਿੰਡਾ, ਗੁਰਦੀਪ ਸਿੰਘ ਸ਼ਹੀਦ, ਸਤਿੰਦਰ ਸਿੰਘ ਚੀਮਾ, ਬਲਜਿੰਦਰ ਸਿੰਘ ਖਿੰਡਾ, ਗੋਲਡੀ ਧੰਜੂ ਪ੍ਰਧਾਨ ਯੂਥ ਕਾਂਗਰਸ, ਸਰਪੰਚ ਮੇਹਰ ਸਿੰਘ, ਸਰਬਜੀਤ ਸਿੰਘ ਸਾਬਾ, ਸ. ਹਰਵਿੰਦਰ ਚੀਮਾ, ਸਰਪੰਚ ਲਾਡੀ ਮੁਰਾਦਪੁਰ, ਨੰਬਰਦਾਰ ਵਰਿਆਮ ਸਿੰਘ, ਗੁਰਬੀਰ ਸਿੰਘ ਆਹਲੀ, ਸਰਪੰਚ ਗੁਰਮੀਤ ਸਿੰਘ, ਸਰਪੰਚ ਹਰਦੇਵ ਸਿੰਘ ਗੋਲਡੀ, ਗੁਰਜੋਤ ਸਿੰਘ, ਕੌਂਸਲਰ ਸੰਤਪ੍ਰੀਤ ਸਿੰਘ, ਪਰਮਜੀਤ ਸਿੰਘ ਬਾਊਪੁਰ, ਸਰਪੰਚ ਦਵਿੰਦਰ ਸਿੰਘ, ਮਨੂੰ ਪ੍ਰਧਾਨ, ਪੀਏ ਅਮਰਜੀਤ ਸਿੰਘ ਅਤੇ ਪੀ.ਏ ਅਭਿਸ਼ੇਕ ਆਦਿ ਹਾਜ਼ਰ ਸਨ |
ਆਪ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਕਿਹਾ...
ਇਸ ਸਬੰਧੀ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਵਿਧਾਇਕ ਇਹ ਸਾਬਤ ਕਰ ਦੇਣ ਕਿ ਰੋਡ ਦੀ ਮੁਰੰਮਤ ਦਾ ਕੰਮ ਉਹਨਾਂ ਨੇ ਰੁਕਵਾਇਆ ਹੈ ਅਤੇ ਰਿਸ਼ਵਤ ਦਾ ਇਕ ਰੁਪਈਆ ਵੀ ਕਿਸੇ ਕੋਲੋਂ ਲਿਆ ਹੋਵੇ ਤਾਂ ਉਹ ਸਿਆਸਤ ਛੱਡ ਦੇਣਗੇ। ਕਿਹਾ ਕਿ ਹਲਕਾ ਵਿਧਾਇਕ ਵੱਲੋਂ ਇਹ ਸਿਰਫ ਇੱਕ ਚੋਣ ਸਟੰਟ ਖੇਡਿਆ ਜਾ ਰਿਹਾ ਹੈ ਜਦਕਿ ਇਸ ਸੜਕ ਦੀ ਮੁਰੰਮਤ ਦੇ ਟੈਂਡਰ ਫਰਵਰੀ ਮਹੀਨੇ ਵਿੱਚ ਹੀ ਹੋ ਚੁੱਕੇ ਹਨ ਅਤੇ ਜਲਦ ਹੀ ਇਹ ਕੰਮ ਸ਼ੁਰੂ ਹੋਣ ਵਾਲਾ ਸੀ। ਉਹਨਾਂ ਕਿਹਾ ਕਿ ਵਿਧਾਨ ਸਭਾ ਇਲੈਕਸ਼ਨ ਦੌਰਾਨ ਵਿਧਾਇਕ ਵੱਲੋਂ ਹਲਕੇ ਦੇ ਲੋਕਾਂ ਨਾਲ ਪੀਜੀਆਈ ਤੋਂ ਡਾਕਟਰ ਲਿਆਉਣ ਅਤੇ 5-5 ਮਰਲੇ ਦੇ ਪਲਾਟ ਦੇਣ ਸਮੇਤ ਕਈ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ ਜਿਨਾਂ ਦਾ ਹੁਣ ਕਦੇ ਕੋਈ ਜਿਕਰ ਨਹੀਂ ਕੀਤਾ ਗਿਆ ਸਗੋਂ ਇਸ ਸੜਕ ਦੀ ਮੁਰੰਮਤ ਦਾ ਕੰਮ ਸਹੇੜ ਕੇ ਲੋਕਾਂ ਵਿੱਚ ਜਾਣ ਦਾ ਬਹਾਨਾ ਬਣਾਇਆ ਗਿਆ ਹੈ। ਉਹਨਾਂ ਆਰੋਪ ਲਗਾਇਆ ਕਿ ਇੱਕ ਪਾਸੇ ਝੂਠ, ਫਰੇਬ, ਨਸ਼ਾ, ਚਿੱਟਾ, ਗੋਲੀਆਂ ਤੇ ਪੈਸੇ ਵੰਡਣ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਜਦਕਿ ਦੂਜੇ ਪਾਸੇ ਖੇਡਾਂ ਅਤੇ ਸਾਫ ਸੁਥਰੀ ਰਾਜਨੀਤੀ ਨਾਲ ਲੋਕਾਂ ਦੀ ਸੇਵਾ ਕੀਤੀ ਜਾ ਰਹੀ।