ਸਿਵਲ ਹਸਪਤਾਲ ਦੇ ਡੇਂਗੂ ਵਾਰਡ ’ਚ ਭਰਤੀ ਮਰੀਜ
ਅਸ਼ੋਕ ਵਰਮਾ
ਬਠਿੰਡਾ, 09 ਨਵੰਬਰ 2019: ਬਠਿੰਡਾ ’ਚ ਡੇਂਗੂ ਦੇ ਮਰੀਜਾਂ ਦਾ ਅੰਕੜਾ ਚਾਰ ਸੌ ਤੇ ਪੁੱਜ ਗਿਆ ਹੈ ਜੋਕਿ ਸਥਿਤੀ ਦੀ ਗੰਭੀਰਤਾ ਵੱਲ ਇਸ਼ਾਰਾ ਕਰਦਾ ਹੈ। ਸਿਹਤ ਵਿਭਾਗ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਬਾਵਜੂਦ ਨਾਂ ਤਾਂ ਲੋਕ ਜਾਗਰੂਕ ਹੋਏ ਹਨ ਅਤੇ ਨਾਂ ਹੀ ਲਾਰਵਾ ਮਿਲਣ ਦਾ ਸਿਲਸਿਲਾ ਮੁੱਕਿਆ ਹੈ।ਸਿਹਤ ਵਿਭਾਗ ਨੇ ਸ਼ਹਿਰ ਦੇ ਤਿੰਨ ਚੇਤਰਾਂ ਦੀ ਅਤੀਸੰਵੇਦਨਸ਼ੀਲ ਵਜੋਂ ਸ਼ਿਨਾਖਤ ਕੀਤੀ ਹੈ ਜਦੋਂਕਿ ਇੱਕ ਦਰਜਨ ਇਲਾਕੇ ਸੰਵਦਨਸ਼ੀਲ ਮੰਨੇ ਗਏ ਹਨ। ਬਹਤੀ ਖਤਰਨਾਕ ਸਥਿਤੀ ਵਾਲੇ ਇਲਾਕਿਆਂ ’ਚ ਬਾਬਾ ਦੀਪ ਸਿੰਘ ਨਗਰ,ਬਲਰਾਜ ਨਗਰ ਅਤੇ ਊਧਮ ਸਿੰਘ ਨਗਰ ਸ਼ਾਮਲ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇੰਨਾਂ ਖੇਤਰਾਂ ’ਚ ਲਾਰਵਾ ਮਿਲਣ ਦਾ ਕਾਰਨ ਪਾਣੀ ਦੀ ਘਾਟ ਹੈ। ਜਲ ਸਪਲਾਈ ਸਕੀਮਾਂ ਰਾਹੀਂ ਢੁੱਕਵੀਂ ਮਾਤਰਾਂ ’ਚ ਨਾਂ ਮਿਲਣ ਕਰਕੇੇ ਇਸ ਤਰਫ ਵੱਸਦੇ ਲੋਕ ਵੱਡੇ ਵੱਡੇ ਡਰੱਮਾਂ ’ਚ ਪਾਣੀ ਸਟੋਰ ਕਰਦੇ ਹਨ। ਉਨਾਂ ਦੱਸਿਆ ਕਿ ਇੰਨਾਂ ਡਰੱਮਾਂ ਵਿਚਲੇ ਪਾਣੀ ਕਾਰਨ ਲਾਰਵਾ ਪਲਦਾ ਹੈ ਜੋਕਿ ਡੇਂਗੂ ਦੀ ਉਤਪਤੀ ਕਰਦਾ ਹੈ।
ਓਧਰ ਡੇਂਗੂ ਦੇ ਮਾਮਲੇ ‘ਚ ਸਥਿਤੀ ਗੰਭੀਰ ਪਰ ਕਾਬੂ ਹੇਠ ਦੱਸੀ ਜਾ ਰਹੀ ਹੈ। ਦੋ ਦਿਨ ਪਹਿਲਾਂ ਪਈ ਬਾਰਸ਼ ਕਾਰਨ ਗਰਮ ਮੌਸਮ ‘ਚ ਪਰਤੀ ਠੰਢਕ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਪ੍ਰਦਾਨ ਕੀਤੀ ਹੈ ਪਰ ਇਸ ਨਾਲ ਅਫਸਰਾਂ ਦੇ ਫਿਕਰ ਵੀ ਵਧ ਗਏ ਹਨ। ਸਿਹਤ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਬਾਰਸ਼ ਨਾਲ ਡੇਂਗੂ ਦੇ ਮੱਛਰਾਂ ਦੀ ਪੈਦਾਇਸ਼ ਵਧ ਸਕਦੀ ਹੈ। ਉਨਾਂ ਦੱਸਿਆ ਕਿ ਅਜਿਹੇ ਮੀਂਹ ਨਾਲ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਮਲੇਰੀਆ ,ਡੇਂਗੂ ਤੇ ਚਿਕਨਗੁਨੀਆਂ ਫੈਲਣ ਦੇ ਮੌਕੇ ਵਧ ਜਾਂਦੇ ਹਨ।
ਡੇਂਗੂ ਦੇ ਮੱਛਰ ਨੇ ਸ਼ਹਿਰੀ ਜਿੰਦਗੀ ਨੂੰ ਬੁਰੀ ਤਰਾਂ ਡੰਗਿਆ ਹੈ ਅਤੇ ਸ਼ਹਿਰੀਆਂ ਦਾ ਅਵੇਸਲਾਪਣ ਬੀਮਾਰੀ ‘ਚ ਵਾਧਾ ਕਰ ਰਿਹਾ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲਾਰਵੇ ਦੀ ਪਛਾਣ ਲਈ ਚਲਾਈ ਮੁਹਿੰਮ ਦੌਰਾਨ ਹੁਣ ਤੱਕ 800 ਥਾਵਾਂ ਵਿੱਚੋਂ ਡੇਂਗੂ ਮੱਛਰ ਦਾ ਲਾਰਵਾ ਮਿਲਿਆ ਹੈ। ਅਵੇਸਲੇਪਣ ਦਾ ਨਤੀਜਾ ਹੈ ਕਿ ਇਸ ਵਾਰ ਡੇਂਗੂ ਦਾ ਡੰਗ ਘਟਣ ਦੀ ਥਾਂ ਵਧਦਾ ਹੀ ਜਾ ਰਿਹਾ ਹੈ। ਸ਼ਨੀਵਾਰ ਤੱਕ ਡੇਂਗੂ ਦੇ ਮਰੀਜਾਂ ਦੀ ਗਿਣਤੀ 4ਸੌ ਤੱਕ ਪੁੱਜ ਚੁੱਕੀ ਹੈ। ਸੂਤਰ ਦੱਸਦੇ ਹਨ ਕਿ ਜੇਕਰ ਡੂੰਘਾਈ ਨਾਲ ਪੜਤਾਲ ਹੋਵੇ ਤਾਂ ਗਿਣਤੀ ਇਸ ਤੋਂ ਜਿਆਦਾ ਹੋ ਸਕਦੀ ਹੈ। ਬੁਖਾਰ ਦੇ ਨਵੇਂ ਮਰੀਜਾਂ ਦਾ ਲਗਾਤਾਰ ਆਉਣਾ ਜਾਰੀ ਹੈ ਜਿਸ ਨੂੰ ਸਿਹਤ ਵਿਭਾਗ ਦੇ ਸਥਾਨਕ ਅਧਿਕਾਰੀਆਂ ਨੇ ਮੰਨਿਆ ਹੈ।
ਸਿਹਤ ਵਿਭਾਗ ‘ਚ ਉਨਾਂ ਮਰੀਜਾਂ ਨੂੰ ਡੇਂਗੂ ਪਾਜ਼ਿਟਿਵ ਮੰਨਦਾ ਹੈ ਜਿੰਨਾਂ ਦਾ ਮੈਕਲਾਂਜ਼ਾ ਟੈਸਟ ਪਾਜ਼ਿਟਿਵ ਆਉਂਦਾ ਹੈ ਤੇ ਇਹ ਟੈਸਟ ਹਸਪਤਾਲ ‘ਚ ਮੁਫਤ ਕੀਤੇ ਜਾ ਰਹੇ ਹਨ। ਸਿਹਤ ਮਾਹਿਰਾਂ ਮੁਤਾਬਕ ਡੇਂਗੂ ਫੈਲਾਉਣ ਵਾਲਾ ਮੱਛਰ ਦਿਨ ਵੇਲੇ ਕੱਟਦਾ ਅਤੇ ਸਾਫ਼ ਪਾਣੀ ਵਿੱਚ ਪਲਦਾ ਹੈ। ਇਸ ਲਈ ਆਮ ਲੋਕਾਂ ਨੂੰ ਆਪਣੇ ਘਰਾਂ, ਦਫ਼ਤਰਾਂ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਵਧੇਰੇ ਚੌਕਸੀ ਨਾਲ ਸਫਾਈ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਫੌਗਿੰਗ ਦੌਰਾਨ ਲੋਕ ਘਰਾਂ ਦੀਆਂ ਖਿੜਕੀਆਂ ਤੇ ਹੋਰ ਰਸਤੇ ਖੁੱਲੇ ਰੱਖਣ ਤਾਂ ਕਿ ਦਵਾਈ ਦਾ ਵਿਆਪਕ ਅਸਰ ਹੋ ਸਕੇ।
ਡੇਂਗੂ ਨਾਲ ਨਿਪਟਣ ਲਈ ਯਤਨ ਜਾਰੀ:
ਵੈਕਟਰ ਬੌਰਨ ਬਿਮਾਰੀਆਂ ਦੇ ਨੋਡਲ ਅਫਸਰ ਡਾ. ਉਮੇਸ਼ ਗੁਪਤਾ ਦਾ ਕਹਿਣਾ ਸੀ ਕਿ ਉਨਾਂ ਕੋਲ ਸ਼ੁੱਕਰਵਾਰ ਤੱਕ327 ਮਰੀਜਾਂ ਦੀ ਸੂਚੀ ਆ ਗਈ ਹੈ ਜਦੋਂਕਿ ਕੁਝ ਦੇ ਟੈਸਟ ਬਾਕੀ ਹਨ। ਉਨਾਂ ਦੱਸਿਆ ਕਿ ਪਹਿਲਾਂ ਦੋ ਲਿਬਾਰਟਰੀਆਂ ਡੇਂਗੂ ਦੇ ਟੈਸਟ ਲਈ ਪ੍ਰਵਾਨਿਤ ਸਨ ਪਰ ਹੁਣ ਦੋ ਹੋਰ ਨੂੰ ਪ੍ਰਵਾਨਗੀ ਮਿਲ ਗਈ ਹੈ। ਉਨਾਂ ਦੱਸਿਆ ਕਿ ਜਦੋਂ ਤੱਕ ਲਾਰਵਾ ਮਿਲਣਾ ਬੰਦ ਨਹੀਂ ਹੰੁਦਾ ਡੇਂਗੂ ਦੇ ਕੇਸ ਆਉਂਦੇ ਰਹਿਣਗੇ। ਉਨਾਂ ਮੰਨਿਆ ਕਿ ਹਾਲਾਤ ਗੰਭੀਰ ਹੋ ਸਕਦੇ ਹਨ ਫਿਰ ਵੀ ਸਿਹਤ ਵਿਭਾਗ ਵੱਲੋਂ ਸਥਿਤੀ ਨਾਲ ਨਿਪਟਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਉਨਾਂ ਆਖਿਆ ਕਿ ਹਸਪਤਾਲ ‘ਚ ਦਵਾਈਆਂ ਦੀ ਕੋਈ ਘਾਟ ਨਹੀਂ ਹੈ।
ਡੇਂਗੂ ਲਈ ਲੋਕ ਵੀ ਜਿੰਮੇਵਾਰ
ਸਿਵਲ ਸਰਜਨ ਡਾ. ਅਮਰੀਕ ਸਿੰਘ ਦਾ ਕਹਿਣਾ ਹੈ ਕਿ ਡੇਂਗੂ ਦਾ ਹੱਲਾ ਸ਼ਹਿਰਾਂ ‘ਤੇ ਇਸ ਕਰਕੇ ਹੈ ਕਿਉਂਕਿ ਲੋਕ ਫਰਿੱਜ, ਕੂਲਰ ਅਤੇ ਗਮਲਿਆਂ ਦੇ ਪਾਣੀ ਦਾ ਖਿਆਲ ਨਹੀਂ ਰੱਖਦੇ ਹਨ ਉਨਾਂ ਕਿਹਾ ਕਿ ਇਸ ਮਾਮਲੇ ‘ਚ ਸਰਕਾਰੀ ਦਫਤਰ ਵੀ ਕਾਫੀ ਅਵੇਸਲੇ ਹਨ ਸਿਵਲ ਸਰਜਨ ਅਨੁਸਾਰ ਸਰਕਾਰੀ ਦਫਤਰਾਂ ਦੇ 9 ਕੂਲਰਾਂ ‘ਚੋਂ ਡੇਂਗੂ ਦੇ ਲਾਰਵਾ ਮਿਲੇ ਹਨ ਡਾ.ਰੰਧਾਵਾ ਨੇ ਕਿਹਾ ਕਿ ਡੇਂਗੂ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਡੇਂਗੂ ਪੀੜਤਾਂ ਦੇ ਟੈਸਟ ਤੇ ਇਲਾਜ ਦੀ ਮੁਫ਼ਤ ਸਹੂਲਤ ਦੇਣ ਦੇ ਨਾਲ-ਨਾਲ ਇਸ ਬੀਮਾਰੀ ਦੇ ਇਲਾਜ ਲਈ ਹਸਪਤਾਲ ਵਿੱਚ ਵਿਸ਼ੇਸ਼ ਵਾਰਡ ਸਥਾਪਤ ਕੀਤਾ ਗਿਆ ਹੈ ਜਿੱਥੇ ਡੇਂਗੂ ਦੇ ਟੈਸਟ ਲਈ ਲੋੜੀਂਦਾ ਸਾਜ਼ੋ ਸਮਾਨ ਮੌਜੂਦ ਹੈ।