ਪੰਜਾਬ ਇਨਵੈਸਟਮੈਂਟ ਸਮਿੱਟ ਮੌਕੇ ਸੀ.ਐਮ ਚੰਨੀ ਵੱਲੋਂ ਕੀਤੇ ਐਲਾਨਾਂ ਦਾ ਪਵਨ ਦੀਵਾਨ ਨੇ ਕੀਤਾ ਸਵਾਗਤ
- ਉਦਯੋਗਿਕ ਤਰੱਕੀ ਲਈ ਮੀਲ ਦਾ ਪੱਥਰ ਸਾਬਤ ਹੋਣਗੇ
ਲੁਧਿਆਣਾ 27 ਅਕਤੂਬਰ 2021 - ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਨੇ ਲੁਧਿਆਣਾ ਵਿੱਚ ਹੋਈ ਪੰਜਾਬ ਇਨਵੈਸਟਮੈਂਟ ਸਮਿਟ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕੀਤੇ ਗਏ ਐਲਾਨਾਂ ਦਾ ਸਵਾਗਤ ਕੀਤਾ ਹੈ ਤੇ ਇਸਨੂੰ ਸੂਬੇ ਵਿਚ ਉਦਯੋਗਿਕ ਤਰੱਕੀ ਲਈ ਮੀਲ ਦਾ ਪੱਥਰ ਕਰਾਰ ਦਿੱਤਾ ਹੈ।
ਇਥੇ ਜਾਰੀ ਇਕ ਬਿਆਨ ਵਿਚ ਦੀਵਾਨ ਨੇ ਸੀਐਮ ਚੰਨੀ ਨੇ ਸੂਬੇ ਅੰਦਰ ਉਦਯੋਗਿਕ ਕ੍ਰਾਂਤੀ ਦੀ ਦਿਸ਼ਾ ਵਿਚ ਜਿਥੇ ਲਾਲ ਫੀਤਾਸ਼ਾਹੀ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਜਿਸਦੇ ਤਹਿਤ ਪੰਜਾਬ ਅੰਦਰ ਲਾਲ ਫੀਤਾਸ਼ਾਹੀ ਨੂੰ ਖ਼ਤਮ ਕੀਤਾ ਜਾਵੇਗਾ। ਛੋਟੇ ਤੇ ਦਰਮਿਆਨੇ ਉਦਯੋਗਾਂ ਦੇ ਵਿਸਥਾਰ ਨੂੰ ਗਤੀਸ਼ੀਲ ਬਣਾਉਣ ਲਈ ਪੰਜਾਬ ਰਾਈਟ ਟੂ ਬਿਜ਼ਨਸ ਐਕਟ-2020 ਵਿਚ ਸੋਧਾਂ ਨੂੰ ਪ੍ਰਵਾਨਗੀ ਦੇ ਦਿਤੀ ਗਈ ਹੈ। ਇਸ ਨਾਲ ਪੰਜਾਬ ਅੰਦਰ ਹੁਣ ਬਿਜਨਸ ਕਰਨਾ ਹੋਰ ਸੌਖਾ ਹੋ ਜਾਵੇਗਾ।
ਇਸੇ ਤਰ੍ਹਾਂ ਹੁਣ, ਜੀ.ਐਸ.ਟੀ ਅਤੇ ਵੈਟ ਦਾ ਮੁਲਾਂਕਣ ਬਿਨਾਂ ਪੇਸ਼ ਹੋਏ ਕੀਤੇ ਜਾਣ ਦੀ ਪ੍ਰਵਾਨਗੀ ਦਿੱਤੀ ਗਈ ਹੈ, ਜਿਸ ਤਹਿਤ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਇਸ ਉਦੇਸ਼ ਲਈ ਕਰ ਦਫਤਰਾਂ ਵਿਚ ਜਾਣ ਦੀ ਜ਼ਰੂਰਤ ਨਹੀ ਪਵੇਗੀ।
ਜਦਕਿ ਵਿੱਤੀ ਵਰ੍ਹੇ 2014-15, 2015-16 ਅਤੇ 2016-17 ਦੇ ਵੈਟ ਦੇ ਲੰਬਿਤ ਮਾਮਲਿਆਂ `ਚ ਕੁਲ ਮੰਗ ਚੋਂ ਸਿਰਫ 30 ਫੀਸਦ ਬਕਾਏ ਨੂੰ ਵਿਚਾਰਿਆ ਜਾਵੇਗਾ। ਜਿਸ ਵਿਚੋਂ 20 ਫੀਸਦ ਪਹਿਲੇ ਸਾਲ ਅਤੇ ਬਾਕੀ ਬਚਦੇ 80 ਫੀਸਦ ਨੂੰ ਅਗਲੇ ਸਾਲ ਵਿਚ ਰਿਕਵਰ ਕੀਤਾ ਜਾਵੇਗਾ। ਪੰਜਾਬ ਸਰਕਾਰ ਨੇ ਮੀਡੀਅਮ ਇੰਡਸਟਰੀ ਲਈ ਬਿਜਲੀ ਕੁਨੈਕਸ਼ਨ ਦੇ ਫਿਕਸ ਚਾਰਜਾਂ ਨੂੰ ਵੀ 50 ਫ਼ੀਸਦੀ ਘਟਾ ਦਿੱਤਾ ਹੈ। ਇਸ ਨਾਲ ਉਦਯੋਗਾਂ ਨੂੰ ਬਿਜਲੀ ਸਸਤੀ ਮਿਲੇਗੀ। ਉਦਯੋਗਿਕ ਫੋਕਲ ਪੁਆਇੰਟਾਂ ਅੰਦਰ ਬੁਨਿਆਦੀ ਢਾਂਚੇ ਦੀ ਮਜਬੂਤੀ ਲਈ ਵੀ 150 ਕਰੋੜ ਖਰਚੇ ਜਾਣਗੇ।