ਪੰਜਾਬ ਸਰਕਾਰ ਆਉਣ ਵਾਲੇ ਬਜ਼ਟ ਵਿੱਚ ਰੱਖੇ ਵਣਜ ਵਪਾਰੀਆ ਦਾ ਧਿਆਨ - ਦਰਸ਼ਨ ਮਹਾਜਨ
ਰੋਹਿਤ ਗੁਪਤਾ
ਗੁਰਦਾਸਪੁਰ, 5 ਮਾਰਚ 2023 - ਦਰਸ਼ਨ ਮਹਾਜਨ ਪ੍ਰਧਾਨ ਪੰਜਾਬ ਪ੍ਰਦੇਸ਼ ਵਪਾਰੀ ਮੰਡਲ ਜਿਲ੍ਹਾ ਇਕਾਈ ਗੁਰਦਾਸਪੁਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਆਉਣ ਵਾਲੇ ਬਜਟ ਵਿੱਚ ਪੰਜਾਬ ਦੇ ਵਪਾਰੀਆਂ ਦੀਆਂ ਹੱਕੀ ਮੰਗਾਂ, ਸਹੂਲਤਾਂ ਅਤੇ ਉਨ੍ਹਾਂ ਦੀ ਸੁਰੱਖਿਆ ਬਾਰੇ ਵਿਸ਼ੇਸ਼ ਐਲਾਨ ਕੀਤਾ ਜਾਵੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਮੇਂ ਪੰਜਾਬ ਦੇ ਵਪਾਰੀਆਂ ਨੂੰ ਬਹੁਤ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਅੰਤਰ-ਰਾਸ਼ਟਰੀ ਕੰਪਨੀਆਂ ਦੇ ਆਨਲਾਈਨ ਸਮਾਨ ਵੇਚਣ ਨਾਲ ਦੁਕਾਨਦਾਰ 'ਤੇ ਬਹੁਤ ਵੱਡਾ ਅਸਰ ਹੋਇਆ ਹੈ। ਆਮ ਵਪਾਰੀਆਂ ਦਾ ਵਪਾਰ ਬੰਦ ਹੋਣ ਦੀ ਕਗਾਰ 'ਤੇ ਪਹੁੰਚ ਗਿਆ ਹੈ।
ਸਰਕਾਰ ਆਮ ਵਪਾਰੀਆਂ ਨੂੰ ਵਾਧੂ ਸਹੂਲਤਾਂ ਮੁਹੱਈਆ ਕਰੇ ਤਾਂ ਜੋ ਉਹ ਬਹੁ-ਰਾਸ਼ਟਰੀ ਕੰਪਨੀਆਂ ਦਾ ਕਿਸੇ ਹੱਦ ਤੱਕ ਮੁਕਾਬਲਾ ਕਰ ਸਕਣ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿੱਚ ਬਹੁਤ ਸਾਰੇ ਵਪਾਰੀਆਂ ਕੋਲੋਂ ਗੈਰ ਸਮਾਜੀ ਅਨਸਰਾਂ ਵੱਲੋਂ ਫਿਰੋਤੀਆਂ ਮੰਗੀਆਂ ਗਈਆਂ ਹਨ ਅਤੇ ਕਤਲ ਵੀ ਹੋਏ ਹਨ, ਉਨ੍ਹਾਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਅਤੇ ਆਰਥਿਕ ਮਦਦ ਵੀ ਪ੍ਰਦਾਨ ਕੀਤੀ ਜਾਵੇ। ਕਿਸੇ ਵੀ ਵਪਾਰੀ ਦੀ 60 ਸਾਲ ਦੀ ਉਮਰ ਪੂਰੇ ਹੋਣ 'ਤੇ ਉਨ੍ਹਾਂ ਲਈ ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇ। ਵਪਾਰੀਆਂ ਦਾ ਮੈਡੀਕਲ ਬੀਮਾਂ ਘੱਟ ਤੋਂ ਘੱਟ 10 ਲੱਖ ਰੁਪਏ ਕੀਤਾ ਜਾਵੇ।
ਜਿਸ ਤਰ੍ਹਾਂ ਘਰੇਲੂ ਬਿਜਲੀ 600 ਯੁਨਿਟ ਮੁਫਤ ਕੀਤੀ ਹੈ ਉਸ ਤਰਜ 'ਤੇ ਵਪਾਰੀਆਂ ਨੂੰ ਵੀ ਸਸਤੀ ਬਿਜਲੀ ਦਿੱਤੀ ਜਾਵੇ। ਵਪਾਰੀ ਕਿਸੇ ਵੀ ਸਰਕਾਰ ਦੀ ਰੀੜ ਦੀ ਹੱਡੀ ਹੁੰਦੇ ਹਨ ਕਿਉਂਕਿ ਉਨ੍ਹਾਂ ਦੇ ਦਿੱਤੇ ਟੈਕਸ ਨਾਲ ਹੀ ਸਰਕਾਰਾਂ ਚੱਲਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਕਿਸੇ ਵੀ ਵਪਾਰੀ ਦੀ ਦੁਕਾਨ ਜਾਂ ਫੈਕਟਰੀ 'ਚ ਅੱਗ ਲੱਗ ਜਾਣ ਨਾਲ ਪੂਰਾ ਨੁਕਸਾਨ ਹੋ ਜਾਂਦਾ ਹੈ। ਉਨ੍ਹਾਂ ਲਈ ਵਿਸ਼ੇਸ਼ ਫੰਡਾਂ ਦਾ ਇੰਤਜਾਮ ਕੀਤਾ ਜਾਵੇ ਤਾਂ ਜੋ ਵਪਾਰੀਆਂ ਦੇ ਨੁਕਸਾਨ ਦੀ ਕੁਝ ਭਰਪਾਈ ਹੋ ਸਕੇ। ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ 'ਚ ਸੁਧਾਰ ਕੀਤਾ ਜਾਵੇ ਤਾਂ ਜੋਂ ਵਪਾਰੀ ਆਪਣਾ ਕਾਰੋਬਾਰ ਸ਼ਾਂਤੀ ਨਾਲ ਕਰ ਸਕਣ।