ਹਰਜਿੰਦਰ ਸਿੰਘ ਭੱਟੀ
- ਬਿਜ਼ਨੈਸ ਫਸਟ ਪੋਰਟਲ' ਨਵੇਂ ਵਪਾਰ / ਕਾਰੋਬਾਰ ਸ਼ੁਰੂਆਤ ਲਈ ਪੰਜਾਬ ਦੀ ਪਹਿਲਕਦਮੀ : ਡਿਪਟੀ ਕਮਿਸ਼ਨਰ
- 10 ਦਿਨਾਂ 'ਚ ਸਾਰੀਆਂ ਮਨਜ਼ੂਰੀਆਂ ਪ੍ਰਾਪਤ ਕਰ ਜ਼ਿਲ੍ਹੇ ਦਾ ਪਹਿਲਾ ਉਦਮੀ ਬਣਿਆ ਸ਼ਮਸ਼ੇਰ ਸਿੰਘ ਸੰਧੂ
- ਖੇਤੀ ਨਾਲ ਸਬੰਧਤ ਉਤਪਾਦਨ ਦੀ ਸਟੋਰਜ਼ ਬਣਾਉਣ ਲਈ ਨਿਰਧਾਰਤ ਸਮੇਂ 'ਚ ਮਿਲੀ ਪ੍ਰਵਾਨਗੀ
ਐਸ.ਏ.ਐਸ ਨਗਰ, 11 ਨਵੰਬਰ 2020 - ਪੰਜਾਬ ਰਾਈਟ ਟੂ ਬਿਜ਼ਨੈਸ ਐਕਟ-2020 ਤਹਿਤ ਅੱਜ ਜ਼ਿਲ੍ਹੇ ਦਾ ਪਹਿਲਾ ਸਰਟੀਫਿਕੇਟ ਵਧੀਕ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਕਾਰੋਬਾਰੀ ਸ਼ਮਸ਼ੇਰ ਸਿੰਘ ਸੰਧੂ ਨੂੰ ਖੇਤੀ ਅਧਾਰਤ ਉਤਪਾਦਨ ਦੀ ਸਟੋਰਜ਼ ਬਣਾਉਣ ਲਈ ਜਾਰੀ ਕੀਤਾ ਗਿਆ।
ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਅਧਿਕਾਰੀਆਂ ਅਤੇ ਉਦਮੀਆਂ ਨਾਲ ਮੀਟਿੰਗ ਕਰਦਿਆਂ ਪੰਜਾਬ ਰਾਇਟ ਟੂ ਬਿਜ਼ਨੈਸ ਐਕਟ ਦੀ ਵਿਸ਼ੇਸ਼ਤਾ ਦੱਸਦਿਆਂ ਕਿਹਾ ਕਿ ਇਸ ਐਕਟ ਤਹਿਤ 'ਬਿਜ਼ਨੈਸ ਫਸਟ ਪੋਰਟਲ' 'ਤੇ ਰਾਜ ਵਿੱਚ ਨਵਾਂ ਵਪਾਰ / ਕਾਰੋਬਾਰ ਸ਼ੁਰੂ ਕਰਨ ਵਾਲੇ ਨੂੰ ਇੱਕ ਥਾਂ 'ਤੇ ਹੀ ਅਰਜ਼ੀ ਦੇਣ ਤੋਂ ਬਾਅਦ ਰਿਕਾਰਡ ਸਮੇਂ 'ਚ ਸਾਰੀਆਂ ਐਨ.ਓ.ਸੀਜ ਤੇ ਲੋੜੀਂਦੀਆਂ ਪ੍ਰਵਾਨਗੀਆਂ ਦੇ ਕੇ ਸਰਟੀਫਿਕੇਟ ਜਾਰੀ ਕਰਨ ਦੀ ਪਹਿਲਕਦਮੀ ਲਿਆਂਦੀ ਗਈ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਜਲਾਲਪੁਰ ਵਿਖੇ ਖੇਤੀ ਅਧਾਰਤ ਉਤਪਾਦਕਾਂ ਦੀ ਸਟੋਰਜ਼ ਬਣਾਉਣ ਲਈ ਸਬੰਧਤ ਵਿਭਾਗਾਂ ਤੋਂ ਲੋੜੀਂਦੀਆਂ ਮਨਜ਼ੂਰੀਆਂ ਸਿੰਗਲ ਵਿੰਡੋ ਰਾਹੀਂ 10 ਦਿਨਾਂ ਦੇ ਰਿਕਾਰਡ ਸਮੇਂ 'ਚ ਪ੍ਰਾਪਤ ਕਰਕੇ ਲੋਰਡ ਸਟੋਨ ਡਿਪੈਲਪਰ ਐਂਡ ਇਨਫਰਾ ਦਾ ਮਾਲਕ ਸਮਸ਼ੇਰ ਸਿੰਘ ਸੰਧੂ ਜ਼ਿਲ੍ਹੇ ਦਾ ਅਜਿਹਾ ਪਹਿਲਾ ਉਦਮੀ ਬਣ ਗਿਆ ਹੈ, ਜਿਸ ਨੂੰ ਆਨਲਾਈਨ ਅਰਜ਼ੀ ਦੇਣ ਦੇ ਨਿਰਧਾਰਤ ਸਮੇਂ ਤੋਂ ਪਹਲਾਂ 10 ਵੇਂ ਦਿਨ ਸਾਰੀਆਂ ਪ੍ਰਵਾਨਗੀਆਂ ਹਾਸਲ ਹੋ ਗਈਆਂ ਹਨ।
ਸਿੰਗਲ ਵਿੰਡੋ ਪ੍ਰਣਾਲੀ 'ਬਿਜ਼ਨੈਸ ਫਰਸਟ ਪੋਰਟਲ' ਰਾਹੀਂ ਪ੍ਰਾਪਤ ਪ੍ਰਵਾਨਗੀਆਂ ਦਾ ਪੱਤਰ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਕੋਲੋਂ ਹਾਸਲ ਕਰਨ ਉਪਰੰਤ ਉਦਮੀ ਸਮਸ਼ੇਰ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਪ੍ਰਵਾਨਗੀਆਂ ਸਮੇਂ ਸਿਰ ਨਾ ਮਿਲਣ ਕਰਕੇ ਨਵੇਂ ਉਦਮੀ ਦਾ ਉਤਸ਼ਾਹ ਸ਼ੁਰੂਆਤੀ ਸਮੇਂ 'ਚ ਹੀ ਮੱਠਾ ਪੈ ਜਾਂਦਾ ਸੀ ਪਰ ਹੁਣ ਪੰਜਾਬ ਸਰਕਾਰ ਦੇ ਉਦਯੋਗ ਤੇ ਵਣਜ਼ ਵਿਭਾਗ ਵੱਲੋਂ ਲਾਗੂ ਕੀਤੇ ਗਏ 'ਪੰਜਾਬ ਰਾਈਟ ਟੂ ਬਿਜਨੈਸ ਐਕਟ-2020' ਦਾ ਲਾਭ ਨਵੇਂ ਉਦਮੀਆਂ ਨੂੰ ਜਰੂਰ ਮਿਲੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਅੰਦਰ ਉਦਯੋਗਾਂ ਨੂੰ ਹੁਲਾਰਾ ਦੇਣ ਲਈ ਘੜ੍ਹੀਆਂ ਹਾਂ ਪੱਖੀ ਨੀਤੀਆਂ ਅਤੇ ਨਵੇਂ ਕਾਰੋਬਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਰਿਆਇਤਾਂ ਸਦਕਾ ਨਵੇਂ ਉਦਮੀ ਖੁਸ਼ ਹਨ।ਪੰਜਾਬ ਸਰਕਾਰ ਨੇ ਸੂਬੇ 'ਚ ਉਦਯੋਗ ਪੱਖੀ ਮਾਹੌਲ ਸਿਰਜਿਆ ਹੈ ਅਤੇ ਹੁਣ ਉਦਯੋਗਿਕ ਕ੍ਰਾਂਤੀ ਨੂੰ ਸਿਖਰ 'ਤੇ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਰਾਈਟ ਟੂ ਬਿਜਨੈਸ ਐਕਟ 2020 ਤਹਿਤ ਨਵੇਂ ਉਦਮੀਆਂ ਵੱਲੋਂ ਪੰਜਾਬ ਬਿਜ਼ਨੈਸ ਫਸਟ ਪੋਰਟਲ 'ਤੇ ਅਰਜ਼ੀ ਅਪਲੋਡ ਕਰਨ ਦੇ 13 ਦਿਨਾਂ ਦੇ ਰਿਕਾਰਡ ਸਮੇਂ 'ਚ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਜਾਰੀ ਕੀਤੀਆਂ ਜਾਂਦੀ ਹਨ। ਇਸ ਮੌਕੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਗੁਰਚਰਨ ਸਿੰਘ ਦਿਓਲ, ਫੰਕਸ਼ਨਲ ਮੈਨੇਜਰ ਦੀਪ ਸਿੰਘ ਗਿੱਲ, ਬਲਬੀਰ ਸਿੰਘ ਵੀ ਮੌਜੂਦ ਸਨ।