ਅਸ਼ੋਕ ਵਰਮਾ
ਬਠਿੰਡਾ, 29 ਨਵੰਬਰ 2020 - ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਦੀ ਅਗਵਾਈ ਹੇਠ ‘ਗੁਰੂ ਨਾਨਕ ਬਾਣੀ ਦੀ ਸਰਵਵਿਆਪੀ ਪ੍ਰਸੰਗਿਕਤਾ’ ਵਿਸ਼ੇ ਤੇ ਵੈਬੀਨਾਰ ਕਰਵਾਇਆ। ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਪ੍ਰੋਫੈਸਰ ਮਨਜੀਤ ਸਿੰਘ (ਸੇਵਾ ਮੁਕਤ) ਵੈਬੀਨਾਰ ਦੇ ਮੁੱਖ ਬੁਲਾਰੇ ਸਨ। ਵੈਬੀਨਾਰ ਦੀ ਸ਼ੁਰੂਆਤ ਕਰਦਿਆਂ ਆਈਕਿਯੂਏਸੀ ਡਾਇਰੈਕਟਰ ਪ੍ਰੋ. ਐਸ.ਕੇ. ਬਾਵਾ ਨੇ ਸਮਾਜਿਕ, ਵਾਤਾਵਰਣ ਅਤੇ ਰਾਜਨੀਤਿਕ ਦਿ੍ਰਸ ਵਿੱਚ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੀ ਸਾਰਥਿਕਤਾ ਤੇ ਚਾਨਣਾ ਪਾਇਆ।
ਮੁੱਖ ਬੁਲਾਰੇ ਪ੍ਰੋ ਮਨਜੀਤ ਸਿੰਘ ਨੇ ਦੱਸਿਆ ਕਿ ਸਿੱਖ ਧਰਮ ਦੇ ਪਵਿੱਤਰ ਗਰੰਥ ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਦਰਜ ‘ਗੁਰੂ ਨਾਨਕ ਬਾਣੀ’ ਪੰਜਾਬ ਦਾ ਅਧਿਆਤਮਕ ਸਾਹਿਤ ਹੈ ਜੋ ਹਰ ਸਮੇਂ ’ਚ ਸੰਸਾਰਿਕ ਪ੍ਰਸੰਗਤਾ ਰਖਦਾ ਹੈ। ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਲਿਖੇ ਗਏ ਕਲਾਸੀਕਲ ਸਾਹਿਤ ਦੀ ਜੜਾਂ ਪੰਜਾਬ ਦੇ ਸੱਭਿਆਚਾਰ ਅਤੇ ਲੋਕਧਾਰਾਵਾਂ ਵਿੱਚ ਹਨ ਪਰ ਇਸਦੀ ਵਿਸ਼ਵਵਿਆਪੀ ਪ੍ਰਸੰਗਤਾ ਹੈ ਕਿਉਂਕਿ ਇਸ ਵਿੱਚ ਲੋਕ ਭਲਾਈ, ਸਭ ਲਈ ਸਮਾਜਕ ਬਰਾਬਰੀ, ਮਹਿਲਾ ਸਸ਼ਕਤੀਕਰਨ, ਮਨੁੱਖਤਾ ਅਤੇ ਸ਼ਾਂਤੀ ਦਾ ਸੰਦੇਸ਼ ਦਿੱਤਾ ਗਿਆ ਹੈ।
ਉਹਨਾਂ ਕਿਹਾ ਕਿ ਗੁਰਬਾਣੀ ਨੇ ਸਾਰਿਆਂ ਨੂੰ ਕੁਦਰਤ ਦੇ ਅਨੁਸਾਰ ਚੱਲਣ, ਸਚਿਆਰਾ ਜੀਵਨ ਬਤੀਤ ਕਰਨ ਅਤੇ ਦੂਸਰਿਆਂ ਦੇ ਭਲੇ ਲਈ ਉਪਦੇਸ਼ ਦਿੱਤਾ ਹੈ। ਉਹਨਾਂ ਭਾਰਤ ਦੇ ਰਾਸ਼ਟਰਗਾਨ ਦੇ ਲੇਖਕ ਰਬਿੰਦਰਨਾਥ ਟੈਗੋਰ ਵੱਲੋਂ ਗੁਰੂ ਨਾਨਕ ਆਰਤੀ ਦਾ ਜਿਕਰ ਵੀ ਕੀਤਾ। ਉਹਨਾਂ ਕਿਹਾ ਕਿ ਬਾਬੇ ਨਾਨਕ ਦੀਆਂ ਸਿੱਖਿਆਵਾਂ ਕਿਰਤ ਕਰੋ, ਨਾਮ ਜਪੋ, ਅਤੇ ਵੰਡ ਛਕੋ ਜੀਵਨ ਜਿਉਣ ਦੇ ਹਮੇਸ਼ਾ ਬੁਨਿਆਦੀ ਸਿਧਾਂਤ ਮੰਨੇ ਜਾਣਗੇ। ਇਸ ਮੌਕੇ ਡਾ ਰਮਨਪਰੀਤ ਕੌਰ ਅਤੇ ਡੀਨ ਇੰਚਾਰਜ ਅਕਾਦਮਿਕ ਪ੍ਰੋ. ਆਰ.ਕੇ. ਵੁਸੀਰਿਕਾ ਨੇ ਵਿਚਾਰ ਪੇਸ਼ ਕੀਤਾ ਜਦੋਂ ਕਿ ਧੰਨਵਾਦ ਡਾ. ਅਮਨਦੀਪ ਸਿੰਘ ਨੇ ਕੀਤਾ।