ਸਰਬਜੀਤ ਸੁਖੀਜਾ
ਸ੍ਰੀ ਮੁਕਤਸਰ ਸਾਹਿਬ, 9 ਮਾਰਚ 2021 - ਭਾਂਵੇ ਕਿ ਬੈਂਕ ਵੱਲੋਂ ਆਪਣੇ ਉਪਭੋਗਤਾ ਨੂੰ ਕਿਹਾ ਜਾਂਦਾ ਹੈ ਕਿ ਉਹ ਕਿਸੇ ਤਰਾਂ ਦਾ ਓਟੀਪੀ ਨਹੀਂ ਮੰਗਦੇ ਪਰ ਫਿਰ ਵੀ ਲੋਕ ਠੱਗਾਂ ਦੇ ਝਾਂਸੇ ਵਿਚ ਆ ਕੇ ਲੱਖਾਂ ਰੁਪਏ ਗੁਆ ਲੈਂਦੇ ਹਨ। ਇਸੇ ਤਰਾਂ ਹੀ ਮਲੋਟ ਨਿਵਾਸੀ ਇੱਕ ਵਿਅਕਤੀ ਦੀ ਪਤਨੀ ਦਾ ਕ੍ਰੈਡਿਟ ਕਾਰਡ ਬੰਦ ਕਰਨ ਦੇ ਨਾਮ ’ਤੇ ਦੋ ਲੋਕਾਂ ਨੇ 2 ਲੱਖ ਰੁਪਏ ਦਾ ਚੂਨਾ ਲਗਾ ਦਿੱਤਾ। ਕੈਰੋ ਰੋਡ ਨਿਵਾਸੀ ਮਦਨ ਗੋਪਾਲ ਨੇ ਦੱਸਿਆ ਕਿ ਉਸਦੀ ਪਤਨੀ ਦਾ ਐਕਸਿਸ ਬੈਂਕ ਵਿਚ ਖਾਤਾ ਹੈ। ਜਿਸ ਦੇ ਨਾਮ ’ਤੇ ਇੱਕ ਕ੍ਰੈਡਿਟ ਕਾਰਡ ਵੀ ਬਣਿਆ ਹੋਇਆ ਹੈ।
ਬੀਤੀ 19 ਫਰਵਰੀ ਨੂੰ ਉਸਦੇ ਮੋਬਾਇਲ ’ਤੇ ਫੋਨ ਆਇਆ ਕਿ ਅਸੀਂ ਐਕਸਿਸ ਬੈਂਕ ਵਿਚੋਂ ਬੋਲ ਰਹੇ ਹਾਂ ਅਤੇ ਤੁਹਾਡੀ ਪਤਨੀ ਆਪਣਾ ਕ੍ਰੈਡਿਟ ਕਾਰਡ ਨਹੀਂ ਵਰਤ ਰਹੀ ਹੈ। ਜਿਸ ਤੇ ਮਦਨ ਗੋਪਾਲ ਨੇ ਕ੍ਰੈਡਿਟ ਕਾਰਡ ਵਰਤਣ ਤੋਂ ਇਨਕਾਰ ਕਰਦੇ ਹੋਏ ਬੰਦ ਕਰਨ ਲਈ ਕਿਹਾ। ਜਿਸ ’ਤੇ ਉਸ ਠੱਗ ਨੇ ਕਿਹਾ ਕਿ ਇੱਕ ਓਟੀਪੀ ਆਇਆ ਹੈ ਉਹ ਦੱਸ ਦਿਓ ਤਾਂ ਤੁਹਾਡਾ ਕ੍ਰੈਡਿਟ ਕਾਰਡ ਬੰਦ ਕਰ ਦਿੰਦੇ ਹਾਂ।
ਜਦੋਂ ਉਸਨੇ ਓਟੀਪੀ ਦੱਸਿਆ ਤਾਂ ਉਕਤ ਠੱਗ ਨੇ ਉਸਦੀ ਪਤਨੀ ਦੇ ਖਾਤੇ ਵਿਚੋਂ 2 ਲੱਖ 8 ਹਜ਼ਾਰ 955 ਰੁਪਏ ਉਡਾ ਲਏ। ਥਾਣਾ ਸਿਟੀ ਮਲੋਟ ਦੀ ਪੁਲਸ ਨੇ ਜਾਂਚ ਦੌਰਾਨ ਪਾਇਆ ਕਿ ਇਹ ਠੱਗੀ ਸੱਤਿਆਵਾਨ ਕੁਮਾਰ ਨਿਵਾਸੀ ਮਕਾਨ ਨੰਬਰ 32 ਸਲਾਰਪੁਰ ਗੋਤਮ ਬੁੱਧ ਨਗਰ ਨੋਇਡਾ (ਯੂ.ਪੀ) ਅਤੇ ਦਵਿੰਦਰ ਮਹਿਤੇ ਨਿਵਾਸੀ ਪ੍ਰੀਤਮਪੁਰਾ ਦਿੱਲੀ ਨੇ ਕੀਤੀ ਹੈ। ਪੁਲਸ ਨੇ ਉਕਤ ਦੋਵਾਂ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਜਦਕਿ ਦੋਸ਼ੀਆਂ ਦੀ ਗਿ੍ਰਫਤਾਰੀ ਬਾਕੀ ਹੈ।