ਇਫਟੂ ਮਨਾਏਗੀ ਬੱਸ ਅੱਡਾ ਨਵਾਂਸ਼ਹਿਰ ਵਿਖੇ ਕੌਮਾਂਤਰੀ ਮਜਦੂਰ ਦਿਹਾੜਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 26 ਅਪ੍ਰੈਲ 2024 - ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼(ਇਫਟੂ) ਵੱਲੋਂ ਪਹਿਲੀ ਮਈ ਨੂੰ ਜਿਲਾ ਪੱਧਰੀ ਅੰਤਰਰਾਸ਼ਟਰੀ ਮਜਦੂਰ ਦਿਵਸ ਮਨਾਇਆ ਜਾਵੇਗਾ।ਇਸ ਸਬੰਧੀ ਇਫਟੂ ਦੀ ਜਿਲਾ ਕਮੇਟੀ ਦੀ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਇਫਟੂ ਦੇ ਸੂਬਾ ਡਿਪਟੀ ਸੈਕਟਰੀ ਅਵਤਾਰ ਸਿੰਘ ਤਾਰੀ ਅਤੇ ਜਿਲਾ ਪ੍ਰਧਾਨ ਗੁਰਦਿਆਲ ਰੱਕੜ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਆਟੋ ਵਰਕਰ, ਰੇਹੜੀ ਵਰਕਰ ,ਭੱਠਾ ਵਰਕਰ,ਉਸਾਰੀ ਮਿਸਤਰੀ ਮਜਦੂਰ , ਪ੍ਰਵਾਸੀ ਮਜਦੂਰ ਅਤੇ ਪੇਂਡੂ ਮਜਦੂਰ ਭਰਵੀਂ ਸ਼ਮੂਲੀਅਤ ਕਰਨਗੇ।ਇਸ ਸਬੰਧੀ ਜਥੇਬੰਦੀਆਂ ਦੀਆਂ ਹੋਈਆਂ ਮੀਟਿੰਗਾਂ ਵਿੱਚ ਪਹਿਲੀ ਮਈ ਨੂੰ ਮੁਕੰਮਲ ਹੜਤਾਲ ਕਰਕੇ ਮਈ ਦਿਹਾੜੇ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ।ਆਗੂਆਂ ਨੇ ਕਿਹਾ ਕਿ ਪਹਿਲੀ ਮਈ ਦਾ ਦਿਹਾੜਾ ਮਜਦੂਰ ਜਮਾਤ ਦਾ ਇਤਿਹਾਸਕ ਦਿਹਾੜਾ ਹੈ ਜੋ ਮਜਦੂਰ ਜਮਾਤ ਸਾਰੀ ਦੁਨੀਆਂ ਵਿੱਚ ਮਨਾਉਂਦੀ ਹੈ।
ਇਹ ਦਿਨ ਮਜਦੂਰ ਜਮਾਤ ਲਈ ਸੱਭ ਤੋਂ ਪਵਿੱਤਰ ਦਿਹਾੜਾ ਹੈ।ਉਹਨਾਂ ਕਿਹਾ ਕਿ ਅੱਜ ਮਜਦੂਰ ਜਮਾਤ ਸਾਹਮਣੇ ਬਹੁਤ ਸਾਰੀਆਂ ਚਣੌਤੀਆਂ ਹਨ ਜਿਹਨਾਂ ਦਾ ਮੁਕਾਬਲਾ ਮਜਦੂਰਾਂ ਨੂੰ ਜਥੇਬੰਦ ਹੋਕੇ ਅਤੇ ਤਿੱਖੇ ਸੰਘਰਸ਼ਾਂ ਨਾਲ ਕੀਤਾ ਜਾ ਸਕਦਾ ਹੈ।ਮਜਦੂਰਾਂ ਨੂੰ ਆਪਣੀ ਜਿੰਦਗੀ ਬਸਰ ਕਰਨ ਲਈ ਮਹਿੰਗਾਈ, ਬੇਰੁਜ਼ਗਾਰੀ ਅਤੇ ਸਰਕਾਰੀ ਜਬਰ ਨਾਲ ਜੂਝਣਾ ਪੈ ਰਿਹਾ ਹੈ।ਇਸ ਦਿਹਾੜੇ ਉੱਤੇ ਸਾਨੂੰ ਸੰਸਾਰ ਭਰ ਦੇ ਕਾਰਪੋਰੇਟਾਂ, ਉਹਨਾਂ ਵੱਲੋਂ ਕੀਤੀ ਜਾ ਰਹੀ ਕਿਰਤ ਦੀ ਲੁੱਟ ਵਿਰੁੱਧ ਲਾਮਬੰਦ ਹੋਣਾ ਸਮੇਂ ਦੀ ਭਖਵੀਂ ਲੋੜ ਹੈ।ਉਹਨਾਂ ਨੇ ਸੱਦਾ ਦਿੱਤਾ ਕਿ ਜਿਲੇ ਭਰ ਦੇ ਮਜਦੂਰ ਇਫਟੂ ਵੱਲੋਂ ਬੱਸ ਅੱਡਾ ਨਵਾਂਸ਼ਹਿਰ ਵਿਖੇ ਮਨਾਏ ਜਾ ਰਹੇ ਕੌਮਾਂਤਰੀ ਮਜਦੂਰ ਦਿਵਸ ਦੇ ਪਹਿਲੀ ਮਈ ਦੇ ਇਸ ਪ੍ਰੋਗਰਾਮ ਵਿੱਚ ਭਰਵੀਂ ਸ਼ਮੂਲੀਅਤ ਕਰਨ।ਇਸ ਸਮਾਗਮ ਨੂੰ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਅਤੇ ਯੂਨੀਅਨ ਦੇ ਹੋਰ ਆਗੂ ਸੰਬੋਧਨ ਕਰਨਗੇ।