ਅਸ਼ੋਕ ਵਰਮਾ
ਬਠਿੰਡਾ, 12 ਅਪਰੈਲ 2021: ਬਠਿੰਡਾ-ਡੱਬਵਾਲੀ ਕੌਮੀ ਸ਼ਾਹਰਾਹ ਮਾਰਗ ਨੰਬਰ 54 ਨੂੰ ਚਹੁੰ ਮਾਰਗੀ ਕਰਨ ਲਈ ਪ੍ਰਾਪਤ ਕੀਤੀ ਜਾਣ ਵਾਲੀ ਜਮੀਨ ਦੇ ਭਾਅ ਤੋਂ ਰੱਫੜ ਪੈ ਗਿਆ ਹੈ । ਪਿੰਡ ਜੋਧਪੁਰ ਰੋਮਾਣਾ,ਗੁਰੂਸਰ ਸੈਣੇਵਾਲਾ, ਗੈਹਿਰੀ ਬੁੱਟਰ ,ਸੰਗਤ ਕਲਾਂ,ਪਥਰਾਲਾ, ਚੱਕ ਰੁਲਦੂ ਸਿੰਘ ਵਾਲਾ,ਜੱਸੀ ਬਾਗਵਾਲੀ ਅਤੇ ਕਿਸ਼ਨਪੁਰਾ ਆਦਿ ਪਿੰਡਾਂ ਦੇ ਰਕਬੇ ਵਿੱਚ ਪੈਂਦੀ ਜ਼ਮੀਨ ਦੇ ਮਾਲਕਾਂ ਤੋਂ ਇਲਾਵਾ ਪ੍ਰਭਾਵਿਤ ਲੋਕ ਜ਼ਮੀਨ ਐਕੁਆਇਰ ਮਾਮਲੇ ਨੂੰ ਲੈ ਕੇ ਲਾਮਬੰਦ ਹੋ ਗਏ ਹਨ। ਪ੍ਰਭਾਵਿਤ ਲੋਕਾਂ ਨੇ ਇੱਕ ਤਰਾਂ ਨਾਲ ਸੰਘਰਸ਼ ਕਮੇਟੀ ਬਣਾ ਕੇ ਸੜਕ ਲਾਗੇ ਧਰਨਾ ਲਾ ਦਿੱਤਾ ਹੈ ਜਿਸ ਨੂੰ ਕਿਸਾਨ ਧਿਰਾਂ ਨੇ ਹਮਾਇਤ ਦੇ ਦਿੱਤੀ ਹੈ। ਸੰਘਰਸ਼ ਕਮੇਟੀ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਢੁੱਕਵਾਂ ਮੁਆਵਜਾ ਨਾਂ ਮਿਲਿਆ ਤਾਂ ਉਹ ਨਿਆਂ ਪ੍ਰਾਪਤੀ ਲਈ ਹੋਰ ਵੀ ਤਿੱਖੇ ਸੰਘਰਸ਼ਾਂ ਦੇ ਰਾਹ ਵੀ ਪੈ ਸਕਦੇ ਹਨ।
ਇਸ ਪ੍ਰਜੈਕਟ ਦਾ ਚੰਗਾ ਪੱਖ ਇਹ ਹੈ ਕਿ ਮੁਕੰਮਲ ਹੋਣ ਤੋਂ ਬਾਅਦ ਸਿਰਫ ਡੱਬਵਾਲੀ ਨਹੀਂ ਬਲਕਿ ਦੂਰ ਦੂਰ ਤੱਕ ਦਾ ਸਫਰ ਕਾਫੀ ਸੌਖਾਲਾ ਅਤੇ ਇਸ ਸੜਕ ਤੇ ਹਾਦਸਿਆਂ ਤੇ ਆਵਾਜਾਈ ਜਾਮ ਰਹਿਣ ਦੇ ਰੋਗ ਤੋਂ ਛੁਟਕਾਰਾ ਮਿਲ ਜਾਏਗਾ ਜਦੋਂਕਿ ਗੰਭੀਰ ਪਹਿਲੂ ਹੈ ਕਿ ਵੱਡੀ ਗਿਣਤੀ ਲੋਕਾਂ ਦੀ ਆਪਣੀ ਸਾਰੀ ਉਮਰ ਦੀ ਪੂੰਜੀ ਸਦਾ ਲਈ ਉਨ੍ਹਾਂ ਤੋਂ ਖੁੱਸ ਜਾਏਗੀ ਇਸ ਸੜਕ ਲਈ ਜ਼ਮੀਨ ਐਕੁਆਇਰ ਕਰਨ ਵਾਸਤੇ ਐਵਾਰਡ ਜਾਰੀ ਕਰ ਦਿੱਤਾ ਗਿਆ ਹੈ। ਇੰਨ੍ਹਾਂ ਪਿੰਡਾਂ ਦੀ ਜਿਹੜੀ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ ਉਸ ‘ਚ ਰਿਹਾਇਸ਼ੀ ,ਖੇਤੀਬਾੜੀ ਅਤੇ ਵਪਾਰਕ ਵੀ ਸ਼ਾਮਲ ਹੈ। ਪਤਾ ਲੱਗਿਆ ਹੈ ਕਿ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਮੁਆਵਜਾ ਰਾਸ਼ੀ ਵੰਡਣ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਸਰਕਾਰੀ ਆਦੇਸ਼ਾਂ ਦਾ ਪਤਾ ਲਗਦਿਆਂ ਹੀ ਇਸ ਸੜਕ ਦੀ ਮਾਰ ਹੇਠ ਆਉਣ ਵਾਲੇ ਲੋਕ ਸੜਕਾਂ ਤੇ ਉੱਤਰਨ ਲੱਗੇ ਹਨ।
ਸੰਘਰਸ਼ ਕਰਨ ਵਾਲੇ ਲੋਕਾਂ ਨੇ ਦੱਸਿਆ ਕਿ ਪਿੰਡਾਂ ਦੀ ਜਮੀਨ ਦਾ ਭਾਅ ਦੋ ਕਰੋੜ ਰੁਪਏ ਪ੍ਰਤੀ ਏਕੜ ਬਣਦਾ ਹੈ ਜਿਸ ਦਾ ਭੋਏਂ ਪ੍ਰਪਾਤੀ ਕੁਲੈਕਟਰ ਕਮ ਐਸ ਡੀ ਐਮ ਬਠਿੰਡਾ ਨੇ ਨਿਗੂਣਾ ਮੁਆਵਜਾ ਨਿਰਧਾਰਤ ਕੀਤਾ ਹੈ ਜੋਕਿ ਸ਼ਰੇਆਮ ਧੱਕਾ ਹੈ। ਸੰਘਰਸ਼ੀ ਧਿਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜਗ੍ਹਾ ਦਾ ਬਹੁਤ ਹੀ ਘੱਟ ਮੁਆਵਜਾ ਦਿੱਤਾ ਜਾ ਰਿਹਾ ਹੈ ਇਸ ਕਰ ਕੇ ਉਨ੍ਹਾਂ ਨੂੰ ਇਹ ਸੜਕ ਕਾਫ਼ੀ ਮਹਿੰਗੀ ਪਵੇਗੀ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਅਤੇ ਗਹਿਰੀ ਬੁੱਟਰ ਦੇ ਪ੍ਰਧਾਨ ਮੰਦਰ ਸਿੰਘ ਆਦਿ ਆਗੂਆਂ ਨੇ ਦੱਸਿਆ ਕਿ ਸਰਕਾਰ ਨੇ ਕਿਸਾਨਾਂ ਦੀਆਂ ਬੇਸ਼ਕੀਮਤੀ ਜਮੀਨਾਂ,ਮਕਾਨਾਂ ਅਤੇ ਵਪਾਰਿਕ ਥਾਵਾਂ ਦਾ ਕੌਡੀ ਮੁੱਲ ਪਾਇਆ ਹੈ ਜਿਸ ਨੂੰ ਉਹ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ ।
ਉਨ੍ਹਾਂ ਦੱਸਿਆ ਕਿ ਇਸ ਸੜਕ ਤੇ ਪੈਂਦੀਆਂ ਵਪਾਰਕ ਜਮੀਨਾਂ ਦੇ ਵਰਗ ਨੂੰ ਉਲਟ ਪੁਲਟ ਕਰ ਦਿੱਤਾ ਗਿਆ ਹੈ ਜਿਸ ਨੂੰ ਲੈਕੇ ਲੋਕ ਕਰੋੜਾਂ ਦੇ ਰਗੜੇ ਹੇਠ ਆ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸੜਕ ਦੀ ਮਾਰ ਹੇਠ ਵੱਡੀ ਗਿਣਤੀ ਦੁਕਾਨਦਾਰ ਆ ਰਹੇ ਹਨ ਜਿੰਨ੍ਹਾਂ ਨੇ ਮੁਸ਼ਕਲ ਨਾਲ ਆਪਣਾ ਰੁਜਗਾਰ ਚਲਾਇਆ ਹੋਇਆ ਹੈ।
ਢੁੱਕਵਾਂ ਮੁਆਵਜਾ ਦੇਵੇ ਸਰਕਾਰ
ਧਰਨੇ ਦੇ ਕੋਆਰਡੀਨੇਟਰ ਬਲਵੀਰ ਸਿੰਘ ਗਹਿਰੀ ਬੁੱਟਰ, ਮਾਲਵਿੰਦਰ ਸਿੰਘ ਢਿੱਲੋਂ ਤੇ ਰਾਮ ਸਿੰਘ, ਗੁਰੂਸਰ ਸੈਣੇ ਵਾਲਾ ਤੋਂ ਗੁਰਦਿੱਤ ਸਿੰਘ, ਹਰਦੇਵ ਸਿੰਘ ਗਿੱਲ, ਜੋਧਪੁਰ ਰੋਮਾਣਾ ਤੋਂ ਵਰਿੰਦਰ ਸਿੰਘ, ਜਸਪਾਲ ਸਿੰਘ, ਸੰਗਤ ਕਲਾਂ ਤੋਂ ਕੁਲਬੀਰ ਸਿੰਘ, ਮਛਾਣਾ ਤੋਂ ਜਰਨੈਲ ਸਿੰਘ, ਛਿੰਦਰਪਾਲ ਸਿੰਘ, ਗੁਰਥੜੀ ਤੋਂ ਚੌਧਰੀ ਸਿੰਘ, ਦੇਸ ਰਾਜ, ਜੱਸੀ ਬਾਗ ਵਾਲੀ ਤੋਂ ਜਸ਼ਨ ਗਿੱਲ, ਕਿ੍ਰਸ਼ਨ ਸ਼ਰਮਾ, ਕੁਟੀ ਤੋਂ ਗੁਰਭਗਤ ਸਿੰਘ, ਬੂਟਾ ਸਿੰਘ, ਪਿੰਡ ਚੱਕ ਰੁਲਦੂ ਸਿੰਘ ਵਾਲਾ ਤੋਂ ਗੁਰਚਰਨ ਸਿੰਘ, ਹਰਦਿਆਲ ਸਿੰਘ, ਪਥਰਾਲਾ ਤੋਂ ਮੰਗਲ ਸਿੰਘ ਫੌਜੀ ਅਤੇ ਬੁੱਗਾ ਸਿੰਘ ਨੇ ਨੇ ਮੰਗ ਕੀਤੀ ਕਿ ਸਰਕਾਰ ਨੂੰ ਉਜਾੜੇ ਦੀ ਮਾਰ ਹੇਠ ਆਉਣ ਵਾਲਿਆਂ ਨੂੰ ਢੁੱਕਵੀਂ ਕੀਮਤ ਦੇ ਨਾਲ ਨਾਲ ਉਜਾੜਾ ਭੱਤਾ ਦੇਣਾ ਅਤੇ ਲੋਕਾਂ ਦੇ ਰੁਜਗਾਰ ਨੂੰ ਮੁੱਖ ਰੱਖ ਕੇ ਹੀ ਕੋਈ ਫੈਸਲਾ ਕਰਨਾ ਚਾਹੀਦਾ ਹੈ ।
ਆਬਿਟੇਟਰ ਕੋਲ ਅਪੀਲ :ਐਸ ਡੀ ਐਮ
ਐਸ.ਡੀ.ਐਮ. ਬਠਿੰਡਾ ਬਬਨਦੀਪ ਸਿੰਘ ਵਾਲੀਆ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸਮੁੱਚੀ ਕਾਰਵਾਈ ਸਾਲ2013 ਦੇ ਐਕਟ ਦੇ ਦਾਇਰੇ ’ਚ ਕੀਤੀ ਹੈ। ਉਨ੍ਹਾਂ ਕਿਹਾ ਕਿ ਭੂਮੀ ਪ੍ਰਾਪਤੀ ਕੁਲੈਕਟਰ ਵਜੋਂ ਉਨ੍ਹਾਂ ਦਾ ਨਿਰਣਾ ਅੰਤਿਮ ਨਹੀਂ ਹੈ। ਉਨ੍ਹਾਂ ਆਖਿਆ ਕਿ ਜਿਸਨੂੰ ਜਾਪਦਾ ਹੈ ਕਿ ਕੋਈ ਧੱਕਾ ਹੋ ਰਿਹਾ ਹੈ ਤਾਂ ਉਹ ਆਰਬਿਟਰ ਕੋਲ ਅਪੀਲ ਕਰ ਸਕਦਾ ਹੈ ।
ਮੁਆਵਜੇ ’ਚ ਧੱਕਾ ਬਰਦਾਸ਼ਤ ਨਹੀਂ:ਕਿਸਾਨ ਆਗੂ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਕਿਸੇ ਵੀ ਕਿਸਾਨ ਜਮੀਨ ਪ੍ਰਾਪਤੀ ਦੇ ਮਾਮਲੇ ’ਚ ਧੱਕਾ ਨਹੀਂ ਕਰਨ ਦਿੱਤਾ ਜਾਏਗਾ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਖੁਦ ਨੂੰ ਕਿਸਾਨਾਂ ਦਾ ਹਮਾਇਤੀ ਦੱਸਦੀ ਪਰ ਇੱਥੇ ਤਾਂ ਕਿਸਾਨਾਂ ਨੂੰ ਕਰੋੜਾਂ ਦਾ ਰਗੜਾ ਲਾਉਣ ਦੀ ਤਿਆਰੀ ਹੈ ਪਰ ਸਰਕਾਰ ਚੁੱਪ ਹੈ। ਉਨ੍ਹਾਂ ਆਖਿਆ ਕਿ ਬਠਿੰਡਾ ਡੱਬਵਾਲੀ ਸੜਕ ਦੇ ਮੁਆਵਜੇ ਨੂੰ ਲੈਕੇ ਕਾਫੀ ਬੇਨਿਯਮੀਆਂ ਹਨ ਜਿੰਨ੍ਹਾਂ ਨੂੰ ਦੂਰ ਕਰਨਾ ਚਾਹੀਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਧੱਕੇਸ਼ਾਹੀ ਕਰਨ ਤੇ ਉੱਤਰੀ ਤਾਂ ਉਸ ਨੂੰ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ ਕਿਉਕਿ ਪੀੜਤ ਲੋਕਾਂ ਨੇ ਆਰ ਪਾਰ ਦੀ ਲੜਾਈ ਦਾ ਮਨ ਬਣਾ ਲਿਆ ਹੈ।