ਵ੍ਹਾਈਟ ਹਾਊਸ ਨੇ ਵਾਇਰਸ ਦੇ ਵਿਭਿੰਨ ਰੂਪਾਂ ਦੇ ਮੱਦੇਨਜ਼ਰ ਅਮਰੀਕੀ ਲੋਕਾਂ ਨੂੰ ਟੀਕਾ ਲਗਵਾਉਣ ਦੀ ਕੀਤੀ ਅਪੀਲ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 18 ਅਪ੍ਰੈਲ 2021: ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਖਿਲਾਫ ਟੀਕਾਕਰਨ ਜੰਗ ਜਾਰੀ ਹੈ। ਦੇਸ਼ ਦੇ ਹਰ ਬਾਲਗ ਦੇ ਸੋਮਵਾਰ ਨੂੰ ਕੋਰੋਨਾ ਵਾਇਰਸ ਟੀਕਾ ਲਗਵਾਉਣ ਦੇ ਯੋਗ ਹੋਣ ਤੋਂ ਪਹਿਲਾਂ, ਵ੍ਹਾਈਟ ਹਾਊਸ ਨੇ ਟੀਕੇ ਦੀ ਮਹੱਤਤਾ ਦਸਦਿਆਂ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਹੈ। ਕਿਉਂਕਿ ਵਾਇਰਸ ਦੇ ਵਿਭਿੰਨ ਰੂਪ ,ਜਿਹਨਾਂ ਵਿੱਚ ਵਧੇਰੇ ਸੰਚਾਰਿਤ ਬੀ -117 ਰੂਪ ਤੇਜ਼ੀ ਨਾਲ ਸਾਹਮਣੇ ਆ ਰਿਹਾ ਹੈ ਅਤੇ ਤਕਰੀਬਨ 70,000 ਦੇ ਕਰੀਬ ਨਵੇਂ ਕੇਸ ਪ੍ਰਤੀ ਦਿਨ ਸਾਹਮਣੇ ਆ ਰਹੇ ਹਨ। ਵ੍ਹਾਈਟ ਹਾਊਸ ਦੇ ਕੋਰੋਨਾ ਸਲਾਹਕਾਰ ਐਂਡੀ ਸਲੈਵਿਟ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਅਮਰੀਕਾ ਮਹਾਂਮਾਰੀ ਨੂੰ ਹਰਾਉਣ ਦੇ ਰਾਹ ਤੇ ਹੈ ਅਤੇ ਦੇਸ਼ ਕੋਲ ਟੀਕਿਆਂ ਦੀ ਕਾਫ਼ੀ ਸਪਲਾਈ ਹੈ। ਕੁੱਲ ਆਬਾਦੀ ਦੇ ਇੱਕ ਤਿਹਾਈ ਤੋਂ ਵੱਧ ਲੋਕਾਂ ਨੇ ਵੈਕਸੀਨ ਦੀ ਇੱਕ ਖੁਰਾਕ ਹਾਸਲ ਕਰ ਲਈ ਹੈ, ਜਦੋਂ ਕਿ ਸਭ ਤੋਂ ਵੱਧ ਜੋਖਮ ਵਾਲੀ ਜਨਸੰਖਿਆ ਦੇ 80%, ਬਾਲਗ ਅਤੇ 65 ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਇੱਕ ਖੁਰਾਕ ਮਿਲੀ ਹੈ। ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ) ਦੇ ਨਿਰਦੇਸ਼ਕ ਡਾ. ਰੋਸ਼ੇਲ ਵਾਲੈਂਸਕੀ ਅਨੁਸਾਰ ਤੇਜ਼ੀ ਨਾਲ ਫੈਲਣ ਵਾਲੇ, ਵਾਇਰਸ ਦੇ ਮਾਰੂ ਰੂਪਾਂ ਜਿਵੇਂ ਕਿ ਬੀ. 117, ਜੋ ਕਿ ਪਹਿਲਾਂ ਯੂ.ਕੇ. ਵਿੱਚ ਲੱਭੇ ਗਏ ਸਨ, ਨੇ ਯੂ.ਐੱਸ. ਵਿੱਚ ਆਪਣੇ ਪੈਰ ਪਸਾਰੇ ਹਨ। ਸੀ.ਡੀ.ਸੀ. ਦੇ ਅੰਕੜੇ ਦਰਸਾਉਂਦੇ ਹਨ ਕਿ ਮਾਰਚ ਦੇ ਅਖੀਰਲੇ ਹਫਤੇ ਦੌਰਾਨ ਇਸਦੇ 44% ਕੇਸ ਸੀ, ਪਰ ਵਾਲੈਂਸਕੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਗਿਣਤੀ ਹੁਣ ਉਸ ਸਮੇਂ ਨਾਲੋਂ ਵੱਧ ਹੈ। ਮਿਸ਼ੀਗਨ ਵਿੱਚ ਮਾਰਚ ਦੇ ਆਖਰੀ ਹਫ਼ਤੇ ਤੋਂ ਬੀ -117 ਮਾਮਲਿਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ।ਵ੍ਹਾਈਟ ਹਾਊਸ ਦੀ ਕੋਰੋਨਾ ਵਾਇਰਸ ਰਿਸਪਾਂਸ ਟੀਮ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਪਾਬੰਦੀਆਂ ਵਿੱਚ ਢਿੱਲ ਵਾਇਰਸ ਦੇ ਫੈਲਣ ਵਿੱਚ ਯੋਗਦਾਨ ਪਾ ਰਹੀ ਹੈ। ਇਸ ਲਈ ਲੋਕਾਂ ਨੂੰ ਮਾਸਕ ਪਹਿਣਨ, ਆਪਣੇ ਹੱਥ ਧੋਣ ਅਤੇ ਟੀਕਾ ਲਗਾਉਣ ਦੀ ਅਪੀਲ ਕੀਤੀ ਗਈ ਹੈ।