ਅਵਤਾਰ ਗਾਊਸ਼ਾਲਾ ਦੇ ਸੇਵਾਦਾਰਾਂ ਤੇ ਹਮਲਾ ਇੱਕ ਗਿਣੀ ਮਿਥੀ ਸਾਜ਼ਿਸ਼ ਤਹਿਤ ਸੰਤ ਸੀਚੇਵਾਲ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ,14 ਜੂਨ 2021 - ਅਵਤਾਰ ਗਾਊਸ਼ਾਲਾ ਫੱਤੇਵਾਲ (ਅਹਾਲੀ ਕਲਾਂ) ਵਿਖੇ ਪਦਮ ਸ਼੍ਰੀ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸੇਵਾਦਾਰਾਂ ਦੀ ਕੀਤੀ ਗਈ ਕੁੱਟਮਾਰ ਦੇ ਮਾਮਲੇ ਸਬੰਧੀ ਪੁਲਸ ਵੱਲੋਂ ਪਿੰਡ ਸ਼ੇਖਮਾਗਾ ਵਾਸੀ ਗੁਰਮੁਖ ਸਿੰਘ ਅਤੇ ਚੰਚਲ ਸਿੰਘ (ਦੋਵੇਂ ਪਿਉ-ਪੁੱਤ ) ਖਿਲਾਫ ਕੇਸ ਦਰਜ ਕੀਤਾ ਗਿਆ ਹੈ । ਪਰ ਇਸਤੋਂ ਬਾਅਦ ਮੰਡ ਖੇਤਰ ਦੇ ਪਿੰਡ ਸ਼ੇਖਮਾਂਗਾ ਦੇ ਕਾਂਗਰਸ ਆਗੂ ਵੱਲੋਂ ਸ਼ੋਸ਼ਲ ਮੀਡੀਆ ਤੇ ਵਾਇਰਲ ਇੱਕ ਵੀਡੀਓ ਵਿੱਚ ਸੰਤ ਸੀਚੇਵਾਲ ਖਿਲਾਫ ਲਗਾਏ ਗਏ ਸੰਗੀਨ ਦੋਸ਼ਾਂ ਤੇ ਬਾਬਾ ਸੀਚੇਵਾਲ ਪ੍ਰਤੀ ਵਰਤੀ ਗਈ ਭਾਸ਼ਾ ਨੂੰ ਲੈ ਕੇ ਸੰਤ ਸੀਚੇਵਾਲ ਦੇ ਪੈਰੋਕਾਰਾਂ ਤੇ ਵਾਤਾਵਰਣ ਪ੍ਰੇਮੀ ਹੋਰ ਪਿੰਡਾਂ ਦੀਆਂ ਸੰਗਤਾਂ ਵਿੱਚ ਭਾਰੀ ਰੋਸ ਪੈਦਾ ਹੋ ਗਿਆ ਹੈ ਤੇ ਇਹ ਮਾਮਲਾ ਕਾਫੀ ਤੂਲ ਫੜਦਾ ਜਾ ਰਿਹਾ ਹੈ ।
ਇਸ ਸਬੰਧੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਖਿਲਾਫ ਸਿਆਸੀ ਆਗੂ ਦੀ ਸ਼ਹਿ ਤੇ ਗਿਣੀ ਮਿਥੀ ਸਾਜ਼ਿਸ਼ ਤਹਿਤ ਝੂਠੇ ਦੋਸ਼ ਲਗਾਏ ਗਏ ਹਨ ਤੇ ਗਲਤ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਬੀਤੇ ਦਿਨ ਸਾਡੇ ਬਜ਼ੁਰਗ ਸੇਵਾਦਾਰਾਂ ਤੇ ਮੰਡ ਖੇਤਰ ਦੀ ਗਊਸ਼ਾਲਾ ਵਿਖੇ ਸੋਚੀ ਸਮਝੀ ਸਾਜ਼ਿਸ਼ ਤਹਿਤ ਹਮਲਾ ਕਰਵਾਇਆ ਗਿਆ ਹੈ , ਜੋ ਕਿ ਬਹੁਤ ਹੀ ਮੰਦਭਾਗੀ ਅਤੇ ਸ਼ਰਮਨਾਕ ਗੱਲ ਹੈ।ਸੰਤ ਸੀਚੇਵਾਲ ਨੇ ਸਾਜ਼ਿਸ਼ ਕਰਤਾ ਨੂੰ ਖੁੱਲ੍ਹ ਕੇ ਸਾਹਮਣੇ ਆਉਣ ਦਾ ਸੱਦਾ ਦਿੰਦੇ ਹੋਏ ਵੰਗਾਰਦਿਆਂ ਕਿਹਾ ਕਿ ਸੇਵਾਦਾਰਾਂ ਨੂੰ ਇਸ ਤਰ੍ਹਾਂ ਡਰਾਇਆ ਨਹੀਂ ਜਾ ਸਕੇਗਾ ।ਉਨ੍ਹਾਂ ਕਿਹਾ ਕਿ ਉਕਤ ਗਊਸ਼ਾਲਾ ਵਾਲੀ ਥਾਂ ਤੇ ਗਊਸ਼ਾਲਾ ਬਣਨ ਤੋਂ ਪਹਿਲਾਂ ਮੰਡ ਖੇਤਰ ਦੇ ਕੁਝ ਇੱਕ ਲੋਕ ਸ਼ਿਕਾਰ ਕਰਨ ਲਈ ਜਾਂਦੇ ਸਨ ,ਜੋ ਕਿ ਗਊਸ਼ਾਲਾ ਬਣਨ ਉਪਰੰਤ ਬੰਦ ਹੋ ਗਿਆ ਤੇ ਇਸ ਗੱਲ ਨੂੰ ਲੈ ਕੇ ਸ਼ਿਕਾਰ ਖੇਡਣ ਵਾਲਿਆਂ ਦੇ ਮਨਾਂ ਵਿੱਚ ਗੁੱਸਾ ਸੀ।
ਇਸ ਸਾਰੇ ਮਾਮਲੇ ਨੂੰ ਲੈ ਕੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਅਤੇ ਸ਼ਾਹਕੋਟ ਦੇ ਤਿੰਨ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਦੇ ਹੋਏ ਇਕੱਠੇ ਹੋਏ ਜਿਨ੍ਹਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਗਊਸ਼ਾਲਾ ਦੇ ਸੇਵਾਦਾਰਾਂ ਤੇ ਹਮਲਾ ਕਰਨ ਵਾਲੇ ਅਤੇ ਵੀਡੀਓ ਵਾਇਰਲ ਕਰਕੇ ਸੰਤਾਂ ਪ੍ਰਤੀ ਮਾੜੀ ਸ਼ਬਦਾਵਲੀ ਵਰਤਣ ਵਾਲੇ ਵਿਅਕਤੀ ਤੇ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਹ ਵੀ ਮੰਗ ਕੀਤੀ ਕਿ ਵੀਡਿਓ ਵਿੱਚ ਝੂਠੇ ਦੋਸ਼ ਲਗਾਉਣ ਵਾਲਾ ਵਿਅਕਤੀ ਸੰਤ ਸੀਚੇਵਾਲ ਪਾਸੋਂ ਆ ਕੇ ਮੁਆਫ਼ੀ ਮੰਗ ਲਵੇ ਨਹੀਂ ਤਾਂ ਇਲਾਕੇ ਦੀਆਂ ਸੰਗਤਾਂ ਮਿਲ ਕੇ ਡੀ.ਐਸ.ਪੀ. ਦਫਤਰ ਸੁਲਤਾਨਪੁਰ ਲੋਧੀ ਦਾ ਘਿਰਾਓ ਕਰਨਗੀਆਂ ਅਤੇ ਜੇ ਲੋੜ ਪਈ ਤਾਂ ਐਸ.ਐਸ.ਪੀ. ਕਪੂਰਥਲਾ ਅਤੇ ਡੀ.ਆਈ.ਜੀ. ਜਲੰਧਰ ਰੇਂਜ ਅਤੇ ਮੁੱਖ ਮੰਤਰੀ ਪੰਜਾਬ ਤੱਕ ਵੀ ਮਾਮਲਾ ਲਿਜਾਇਆ ਜਾਵੇਗਾ।
ਦੱਸਣਯੋਗ ਹੈ ਕਿ ਅਵਤਾਰ ਗਊਸ਼ਾਲਾ ਫੱਤੇਵਾਲ ਵਿਖੇ ਹੋਏ ਹਮਲੇ ਉਪਰੰਤ ਸੰਤ ਸੀਚੇਵਾਲ ਦੇ ਸੇਵਾਦਾਰਾਂ ਤੇ ਪਿੰਡ ਸ਼ੇਖਮਾਂਗਾ ਦੇ ਕੁਝ ਲੋਕਾਂ ਵਿੱਚਕਾਰ ਪੈਦਾ ਹੋਇਆ ਵਿਵਾਦ ਅਤੇ ਉਪਰੰਤ ਹੋ ਰਹੀ ਦੂਸ਼ਣਬਾਜੀ ਸਿਆਸੀ ਰੰਗ ਵੀ ਫੜਦੀ ਜਾ ਰਹੀ ਹੈ । ਇਸ ਮਾਮਲੇ ਤੇ ਟਿੱਪਣੀ ਕਰਦੇ ਹੋਏ ਪੰਜਾਬ ਦੀ ਸਾਬਕਾ ਕੈਬਨਿਟ ਮੰਤਰੀ ਡਾ. ਉਪਿੰਦਰਜੀਤ ਕੌਰ ਦੇ ਸਭ ਤੋਂ ਭਰੋਸੇਮੰਦ ਅਕਾਲੀ ਆਗੂ ਜਥੇ ਸੁਰਜੀਤ ਸਿੰਘ ਢਿੱਲੋਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਨੇ ਪਿੰਡ ਸ਼ੇਖਮਾਂਗਾ ਦੇ ਕਾਂਗਰਸੀ ਆਗੂ ਵੱਲੋਂ ਸੰਤ ਸੀਚੇਵਾਲ ਪ੍ਰਤੀ ਵਰਤੀ ਗਈ ਭੱਦੀ ਸ਼ਬਦਾਵਲੀ ਦੀ ਸਖਤ ਨਿੰਦਾ ਕੀਤੀ ਹੈ ਤੇ ਚਿਤਾਵਨੀ ਦਿੱਤੀ ਹੈ ਕਿ ਪੁਲਸ ਪ੍ਰਸ਼ਾਸਨ ਉਕਤ ਵਿਅਕਤੀ ਖਿਲਾਫ ਕਾਨੂੰਨੀ ਕਾਰਵਾਈ ਕਰੇ ਨਹੀਂ ਤਾਂ ਇਲਾਕੇ ਦੀਆਂ ਸੰਗਤਾਂ ਵੱਲੋਂ ਡੀ.ਐੱਸ.ਪੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।
ਕੀ ਹੈ ਵੀਡੀਓ ਦਾ ਮਾਮਲਾ :- ਪਿੰਡ ਸ਼ੇਖਮਾਂਗਾ ਦੇ ਇੱਕ ਵਿਅਕਤੀ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਖਿਲਾਫ ਬੋਲਦੇ ਹੋਏ ਦੋਸ਼ ਲਾਇਆ ਗਿਆ ਹੈ ਕਿ ਉਹ ਇੱਥੇ ਧੱਕੇ ਨਾਲ ਜਮੀਨਾਂ ਤੇ ਕਬਜੇ ਕਰਦੇ ਹਨ । ਇਹ ਵੀ ਦੋਸ਼ ਲਾਇਆ ਹੈ ਕਿ ਸਾਡੀਆਂ ਜਮੀਨਾਂ 'ਚੋਂ ਸਾਨੂੰ ਰੇਤਾ ਕੱਢਣ ਦੀ ਆਗਿਆ ਨਹੀਂ ਹੈ ਤੇ ਸੰਤ ਸੀਚੇਵਾਲ ਦੇ ਸੇਵਾਦਾਰ ਸ਼ਰੇਆਮ ਰੇਤਾ ਕੱਢ ਕੇ ਮਹਿੰਗੇ ਰੇਟਾਂ ਤੇ ਟਰਾਲੇ ਵੇਚਦੇ ਹਨ । ਇਹ ਵੀ ਦੋਸ਼ ਲਾਇਆ ਕਿ ਬਾਬੇ ਦੇ ਸੇਵਾਦਾਰ ਨਸ਼ੇ ਖਾਂਦੇ ਹਨ ।
ਅਜਿਹੇ ਸੰਗੀਨ ਦੋਸ਼ਾਂ ਬਾਰੇ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਸੰਤ ਸੀਚੇਵਾਲ ਦੇ ਪੈਰੋਕਾਰਾਂ ਵਿੱਚ ਭਾਰੀ ਰੋਸ ਦੀ ਲਹਿਰ ਹੈ ਤੇ ਉਨ੍ਹਾਂ ਨਾਮ ਲਏ ਬਿਨਾਂ ਦੋਸ਼ ਲਾਇਆ ਹੈ ਕਿ ਸੱਤਾਧਾਰੀ ਸਿਆਸੀ ਆਗੂ ਦੀ ਸ਼ਹਿ ਤੇ ਹੀ ਸਾਡੇ ਸੇਵਾਦਾਰਾਂ ਤੇ ਹਮਲੇ ਹੋ ਰਹੇ ਹਨ ਤੇ ਇਹ ਵੀਡੀਓ ਵਾਇਰਲ ਹੋਈ ਹੈ ।
ਕੀ ਕਹਿੰਦੇ ਹਨ ਡੀ.ਐਸ.ਪੀ. ਬੱਲ :-ਇਸ ਸਬੰਧੀ ਸੁਲਤਾਨਪੁਰ ਲੋਧੀ ਦੇ ਡੀ.ਐਸ.ਪੀ. ਸਰਵਨ ਸਿੰਘ ਬੱਲ ਨੇ ਕਿਹਾ ਕਿ ਇਤਰਾਜਯੋਗ ਵੀਡੀਓ ਬਾਰੇ ਪੁਲਸ ਨੂੰ ਹੁਣ ਤੱਕ ਕੋਈ ਸ਼ਿਕਾਇਤ ਨਹੀਂ ਆਈ ਹੈ ਤੇ ਸ਼ਿਕਾਇਤ ਮਿਲਣ ਤੇ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਪਿੰਡ ਆਹਲੀ ਖੁਰਦ ਨੇੜੇ ਅਵਤਾਰ ਗਊਸ਼ਾਲਾ ਫੱਤੇਵਾਲ ਦੇ ਸੇਵਾਦਾਰਾਂ ਨਾਲ ਹੋਏ ਟਕਰਾਅ ਦੇ ਮਾਮਲੇ ਵਿੱਚ ਗੁਰਵਿੰਦਰ ਸਿੰਘ ਦੀ ਸ਼ਿਕਾਇਤ ਤੇ ਦੋ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਹੈ , ਜਿਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਅਮਨ ਕਾਨੂੰਨ ਖੁਰਾਬ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ।