ਪੰਜ ਸਾਲਾਂ ਤੋਂ ਕਿਸਾਨ ਸੁਖਵਿੰਦਰ ਸਿੰਘ ਪਿੰਡ ਸ਼ਾਹਪੁਰ ਨੇ ਨਹੀਂ ਲਗਾਈ ਪਰਾਲੀ ਨੂੰ ਅੱਗ
ਰੂਪਨਗਰ, ਬਾਬੂਸ਼ਾਹੀ ਨੈੱਟਵਰਕ, 23 ਸਤੰਬਰ 2021- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਝੋਨੇ ਦੀ ਪਰਾਲ਼ੀ ਅਤੇ ਹੋਰ ਫ਼ਸਲਾਂ ਦੀ ਰਹਿੰਦ ਖੂੰਹਦ ਨਾ ਸਾੜਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਚਲਾਈ ਮੁਹਿੰਮ ਤਹਿਤ ਪਿਛਲੇ ਸਾਲ ਜ਼ਿਲ੍ਹਾ ਐਸ ਏ ਐਸ ਨਗਰ ਵਿੱਚ ਪਰਾਲੀ ਅਤੇ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਦੀ ਘਟਨਾਵਾਂ ਵਿਚ ਬਹੁਤ ਕਮੀ ਆਈ ਹੈ। ਅਜਿਹੇ ਹੀ ਉਪਰਾਲੇ ਕਰ ਰਿਹਾ ਹੈ ਪਿੰਡ ਸ਼ਾਹਪੁਰ ਬਲਾਕ ਮਾਜਰੀ ਦਾ ਕਿਸਾਨ ਸੁਖਵਿੰਦਰ ਸਿੰਘ ਪੁੱਤਰ ਮੋਤਾ ਸਿੰਘ ਜਿਸ ਨੇ ਪਿਛਲੇ ਸੀਜ਼ਨ ਚ ਆਪਣੀ 10 ਏਕੜ ਅਤੇ ਹੋਰ ਕਿਸਾਨਾਂ ਦੀ ਵੀ 100 ਏਕੜ ਜ਼ਮੀਨ ਵਿਚ ਪਰਾਲੀ ਅਤੇ ਹੋਰ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਦੀ ਬਜਾਏ ਜ਼ਮੀਨ ਵਿੱਚ ਹੀ ਖਪਾਇਆ।
ਸੁਖਵਿੰਦਰ ਸਿੰਘ ਨੇ ਉਦਮੀ ਕਿਸਾਨ ਸੋਸਾਇਟੀ ਸ਼ਾਹਪੁਰ ਨਾਂਅ ਦਾ ਆਪਣਾ ਕਿਸਾਨ ਗਰੁੱਪ ਵੀ ਬਣਾਇਆ ਹੋਇਆ ਹੈ, ਜਿਸ ਦੇ ਕੁੱਲ 11 ਮੈਂਬਰ ਹਨ। ਇਸ ਗਰੁੱਪ ਰਾਹੀਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਅਤੇ ਹੋਰ ਫ਼ਸਲਾਂ ਦੀ ਰਹਿੰਦ ਖੂੰਹਦ ਨਾ ਸਾੜਣ ਲਈ ਜਾਗਰੂਕ ਕੀਤਾ ਜਾਂਦਾ ਹੈ,ਉੱਥੇ ਪਰਾਲ਼ੀ ਅਤੇ ਹੋਰ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਜ਼ਮੀਨ ਵਿੱਚ ਹੀ ਖਪਾਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸਬਸਿਡੀ ਉੱਤੇ ਦਿੱਤੀ ਗਈ ਆਧੁਨਿਕ ਮਸ਼ੀਨਰੀ ਵੀ ਮੁਹੱਈਆ ਕਾਰਵਾਈ ਜਾਂਦੀ ਹੈ। ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ 5 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ। ਉਸ ਨੇ ਦੱਸਿਆ ਕਿ ਇਸ ਸਾਲ ਉਸ ਨੇ 9 ਏਕੜ ਰਕਬੇ ਵਿੱਚ ਝੋਨੇ ਦੀ ਬਿਜਾਈ ਕੀਤੀ ਹੋਈ ਹੈ ਜਿਸ ਵਿਚੋਂ 5 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ,ਜਿਸ ਦੀ ਕਟਾਈ ਤੋਂ ਬਾਦ ਖੇਤ ਵਿਚ ਉਲਟਾਵਾ ਹਲ ਫੇਰ ਕੇ ਗੋਭੀ,ਆਲੂ ਅਤੇ ਗਾਜਰਾਂ ਦੀ ਬਿਜਾਈ ਕੀਤੀ ਜਾਵੇਗੀ।ਇਸ ਬਾਰੇ ਖੇਤੀਬਾੜੀ ਅਫ਼ਸਰ ਡਾਂ ਗੁਰਬਚਨ ਸਿੰਘ ਨੇ ਕਿਹਾ ਕਿ ਕਿਸਾਨ ਸੁਖਵਿੰਦਰ ਸਿੰਘ ਵਾਂਗ ਬਾਕੀ ਕਿਸਾਨਾਂ ਨੂੰ ਵੀ ਆਧੁਨਿਕ ਖੇਤੀ ਦਾ ਰਸਤਾ ਅਪਣਾਉਣਾ ਚਾਹੀਦਾ ਹੈ ਅਤੇ ਝੋਨੇ ਦੀ ਰਹਿੰਦ ਖੂੰਹਦ ਨੂੰ ਜਮੀਨ ਵਿੱਚ ਹੀ ਮਿਲਾਉਣਾ ਚਾਹੀਦਾ ਹੈ।