ਫੀਲਡ ਕਾਮਿਆਂ ਵੱਲੋਂ ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡਾ ’ਚ ਰੋਸ ਮੁਜ਼ਾਹਰੇ ਦਾ ਐਲਾਨ
ਅਸ਼ੋਕ ਵਰਮਾ, ਬਾਬੂਸ਼ਾਹੀ ਨੈੱਟਵਰਕ
ਬਠਿੰਡਾ,23ਅਕਤੂਬਰ2021:ਪੀ.ਡਬਲਿਯੂ.ਡੀ. ਜਲ ਸਪਲਾਈ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ਤੇ ਫੀਲਡ ਕਾਮੇ ਮੁੱਖ ਮੰਤਰੀ ਦੇ ਹਲਕੇ ਵਿਚ 28 ਅਕਤੂਬਰ ਨੂੰ ਰੋਸ ਮੁਜ਼ਾਹਰਾ ਕਰਨਗੇ ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ, ਸੂਬਾ ਜਨਰਲ ਸਕੱਤਰ ਅਨਿਲ ਕੁਮਾਰ ਬਰਨਾਲਾ, ਗੁਰਵਿੰਦਰ ਖਮਾਣੋਂ, ਕਿਸ਼ੋਰ ਚੰਦ ਗਾਜ,ਜਸਬੀਰ ਖੋਖਰ ,ਰਣਵੀਰ ਟੂਸੇ ਨੇ ਕਿਹਾ ਕਿ ਪੀ ਡਬਲਿਊ ਡੀ ਤਾਲਮੇਲ ਸੰਘਰਸ਼ ਕਮੇਟੀ ਦੇ ਝੰਡੇ ਹੇਠ ਪਟਿਆਲਾ ਵਿਖੇ 18 ਅਗਸਤ ਨੂੰ ਰੋਸ ਮੁਜਾਹਰਾ ਕੀਤਾ ਗਿਆ ਸੀ ਜਿਸ ਦੌਰਾਨ ਐਸਡੀਐਮ ਨੇ ਸੰਘਰਸ਼ ਕਮੇਟੀ ਨੂੰ ਕੈਬਨਿਟ ਸਬ ਕਮੇਟੀ ਨਾਲ 27 ਅਗਸਤ ਨੂੰ ਮੀਟਿੰਗ ਦਾ ਲਿਖਤੀ ਭਰੋਸਾ ਦਿੱਤਾ ਸੀ ਪ੍ਰੰਤੂ ਮੀਟਿੰਗ ਨਹੀਂ ਕੀਤੀ । ਸੁਬਾਈ ਆਗੂਆਂ ਨੇ ਕਿਹਾ ਕਿ ਪੰਦਰਾਂ ਸਾਲ ਬਾਅਦ ਪੰਜਾਬ ਸਰਕਾਰ ਵੱਲੋਂ ਜੋ ਤਰੁੱਟੀਆਂ ਪੂਰਬਕ ਪੇ-ਕਮਿਸ਼ਨ ਦਿੱਤਾ ਜਾ ਰਿਹਾ ਹੈ।
ਉਸ ਵਿੱਚ ਜਲ ਸਪਲਾਈ, ਜਲ ਸਰੋਤ, ਭਵਨ ਤੇ ਮਾਰਗ, ਸੀਵਰੇਜ ਬੋਰਡ ਇਰੀਗੇਸ਼ਨ ਅਤੇ ਪੁੱਡਾ ਅਧੀਨ ਕੰਮ ਕਰਦੇ ਦਰਜਾ ਤਿੰਨ ਤਕਨੀਸ਼ੀਅਨ,ਤੇ ਦਰਜਾ ਚਾਰ ਫੀਲਡ ਮੁਲਾਜ਼ਮਾਂ ਨਾਲ ਇਸ ਪੇਅ ਕਮਿਸ਼ਨ ਵਲੋਂ ਵੀ ਬੇਇਨਸਾਫੀ ਕੀਤੀ ਜਾ ਰਹੀ ਹੈ ਦਸੰਬਰ 2011 ਦੀ ਮੰਤਰੀਆਂ ਦੀ ਸਬ ਕਮੇਟੀ ਵੱਲੋਂ ਟੈਕਨੀਕਲ ਕਰਮਚਾਰੀਆਂ ਨਾਲ ਭਾਰੀ ਬੇਇਨਸਾਫ਼ੀ ਕੀਤੀ ਗਈ ਹੁਣ ਵੀ ਛੇਵੇਂ ਪੇਅ ਕਮਿਸ਼ਨ ਵਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਟੈਕਨੀਕਲ ਕਾਮਿਆਂ ਨਾਲ 2011 ਵਿੱਚ ਕੀਤਾ ਗਿਆ ਵਿਤਕਰਾ ਦੂਰ ਕਰਕੇ ਬਣਦਾ ਗੁਣਾਂਕ ਦਿੱਤਾ ਜਾਵੇ , ਵੱਖ- ਵੱਖ ਵਿਭਾਗਾਂ ਵਿੱਚ ਠੇਕੇ ਤੇ ਕੰਮ ਕਰਦੇ, ਐਡਹਾਕ, ਇੰਨਲਿਸਟਮੈਂਟ, ਥਰੂ ਕੰਟਰੈਕਟ ਸਮੇਤ ਹਰ ਕਿਸਮ ਦੇ ਕੱਚੇ ਕਾਮੇ ਪੱਕੇ ਕੀਤੇ ਜਾਣ , ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ਼ ਬੋਰਡ ਵਿੱਚ ਪੈਨਸ਼ਨ ਲਾਗੂ ਕੀਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਟੈਕਨੀਕਲ ਦਰਜਾ ਤਿੰਨ ਕਰਮਚਾਰੀਆਂ ਤੇ ਕਨਵੈਨਸ਼ਨ ਅਲਾਊਂਸ ਨੂੰ ਲਾਗੂ ਕੀਤਾ ਜਾਵੇ।
ਆਗੂਆਂ ਨੇ ਕਿਹਾ ਕਿ ਪੁਨਰਗਠਨ ਦੇ ਨਾਂ ਤੇ ਮਹਿਕਮਿਆਂ ਦਾ ਪੰਚਾਇਤੀਕਰਨ ਨਿੱਜੀਕਰਨ ਕਰਨਾ ਬੰਦ ਕੀਤਾ ਜਾਵੇ ,ਦਰਜਾ ਚਾਰ ਕਰਮਚਾਰੀਆਂ ਤੇ ਪ੍ਰਮੋਸ਼ਨ ਚੈਨਲ ਲਾਗੂ ਕੀਤਾ ਜਾਵੇ ,ਖਾਲੀ ਪਈਆਂ ਅਸਾਮੀਆਂ ਤੇ ਨਵੀਂ ਭਰਤੀ ਚਾਲੂ ਕੀਤੀ ਜਾਵੇ,ਤਿੰਨ ਸਾਲ ਪ੍ਰੋਬੇਸ਼ਨ ਪੀਰੀਅਡ ਦੀ ਸ਼ਰਤ ਬੰਦ ਕਰਕੇ ਪੂਰੇ ਸਕੇਲ ਤੇ ਭੱਤਿਆਂ ਸਮੇਤ ਤਨਖਾਹ ਦਿੱਤੀ ਜਾਵੇ। ਇਸ ਤੋਂ ਇਲਾਵਾ ਦਰਜਾ ਚਾਰ ਦੀ ਘੱਟੋ-ਘੱਟ ਤਨਖਾਹ 15ਵੀ ਅੰਤਰ ਰਾਸ਼ਟਰੀ ਲੇਬਰ ਕਾਨਫਰੰਸ ਅਨੁਸਾਰ 26000 ਮਹੀਨਾ ਫਿਕਸ ਕੀਤੀ ਜਾਵੇ। ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਪਿਛਲੀ ਸਰਕਾਰ ਦੇ 10 ਸਾਲ ਤੇ ਹੁਣ ਕਾਂਗਰਸ ਸਰਕਾਰ ਵਿੱਚ ਸਾਢੇ ਚਾਰ ਸਾਲਾਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਸਰਕਾਰ ਫੀਲਡ ਮੁਲਜਮਾਂ ਦੀਆਂ ਮੰਗਾਂ ਨੂੰ ਟਾਲਕੇ ਬੇਇਨਸਾਫ਼ੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੇ ਹਲਕੇ ਵਿੱਚ ਕੀਤੇ ਜਾਣ ਵਾਲੇ ਰੋਸ ਮੁਜ਼ਾਹਰੇ ਵਿੱਚ ਵਰਕਰ ਸਮੁੱਚੇ ਪੰਜਾਬ ਵਿੱਚੋਂ ਵੱਡੀ ਗਿਣਤੀ ਵਿੱਚ ਪੁੱਜਣਗੇ।