ਸਿਆਸੀ ਸ਼ਰੀਕੇਬਾਜੀ: ਜੱਸੀ ਅਤੇ ਜਟਾਣੇ ’ਚ ਚੋਣਾਂ ਤੋਂ ਅਗੇਤੇ ਹੀ ‘ਖੜਕੀ’
ਅਸ਼ੋਕ ਵਰਮਾ
ਬਠਿੰਡਾ,8ਦਸੰਬਰ2021:ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਕਾਂਗਰਸੀ ਮੰਤਰੀ ਤੇ ਸੀਨੀਅਰ ਕਾਂਗਰਸੀ ਲੀਡਰ ਹਰਮਿੰਦਰ ਸਿੰਘ ਜੱਸੀ ਅਤੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਵਿਚਕਾਰ ਖੜਕ ਗਈ ਹੈ। ਦੋਵਾਂ ਆਗੂਆਂ ਵਿਚਕਾਰ ਪੈਦਾ ਹੋਏ ਵਿਵਾਦ ਦਾ ਅਸਰ ਹਲਕੇ ਦੀ ਰਾਜਨੀਤੀ ਤੇ ਪੈਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਹੈ। ਜੱਸੀ ਦਾ ਤਲਵੰਡੀ ਸਾਬੋ ਪੁਰਾਣਾ ਹਲਕਾ ਹੈ ਜਦੋਂਕਿ ਜਟਾਣਾ ਪਿਛਲੇ ਕੁੱਝ ਸਾਲਾਂ ਤੋਂ ਹਲਕੇ ’ਚ ਸਰਗਰਮੀਆਂ ਚਲਾ ਰਹੇ ਹਨ। ਪਿਛਲੀ ਵਾਰ ਜਟਾਣਾ ਨੇ ਕਾਂਗਰਸ ਦੀ ਟਿਕਟ ਤੇ ਚੋਣ ਲੜੀ ਸੀ ਪਰ ਉਹ ਆਮ ਆਦਮੀ ਪਾਰਟੀ ਦੀ ਉਮੀਦਵਾਰ ਤੋਂ ਚੋਣ ਹਾਰ ਗਏ ਸਨ। ਉਦੋਂ ਤੋਂ ਲੈਕੇ ਹੁਣ ਤੱਕ ਜਟਾਣਾ ਨੇ ਹੀ ਹਲਕੇ ’ਚ ਕਾਂਗਰਸ ਦੀ ਵਾਗਡੋਰ ਸੰਭਾਲੀ ਹੋਈ ਹੈ। ਪਿਛਲੀਆਂ ਚੋਣਾਂ ਮੌਕੇ ਹਰਮਿੰਦਰ ਸਿੰਘ ਜੱਸੀ ਮੌੜ ਵਿਧਾਨ ਸਭਾ ਹਲਕੇ ਤੋਂ ਚੋਣ ਲੜੇ ਸਨ ਜਿੱਥੇ ਉਨ੍ਹਾਂ ਦੀ ਵੀ ਹਾਰ ਹੋ ਗਈ ਸੀ।
ਉਂਜ ਤਾਂ ਜੱਸੀ ਮੌੜ ਹਲਕੇ ’ਚ ਸਰਗਰਮ ਸਨ ਪਰ ਮਾਨਸਾ ਜਿਲ੍ਹੇ ਦੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੇ ਹਲਕੇ ’ਚ ਆਉਣ ਤੋਂ ਬਾਅਦ ਉਨ੍ਹਾਂ ਅਚਾਨਕ ਤਲਲੰਡੀ ਸਾਬੋ ਦਾ ਰੁਖ ਕਰ ਲਿਆ। ਚਰਚਾ ਹੈ ਕਿ ਇੱਥੋਂ ਹੀ ਦੋਵਾਂ ਕਾਂਗਰਸੀ ਲੀਡਰਾਂ ਵਿਚਕਾਰ ਤਣਾਤਣੀ ਸ਼ੁਰੂ ਹੋਈ ਹੈ ਜੋ ਰਾਮਾ ਮੰਡੀ ’ਚ ਖੁੱਲ੍ਹ ਕੇ ਬਾਹਰ ਆ ਗਈ ਹੈ। ਸੂਤਰ ਦੱਸਦੇ ਹਨ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਖੁਸ਼ਬਾਜ ਜਟਾਣਾ ਨੂੰ ਪ੍ਰਤਾਪ ਸਿੰਘ ਬਾਜਵਾ ਦੀ ਸਿਫਾਰਸ਼ ਤਹਿਤ ਟਿਕਟ ਦਿੱਤੀ ਗਈ ਸੀ। ਸਰਕਾਰ ਤੋਂ ਬਾਅਦ ਚੰਗੀਆਂ ਗਰਾਂਟਾਂ ਲਿਆਉਣ ’ਚ ਸਫਲ ਰਹੇ ਜਿਸ ਸਦਕਾ ਜਟਾਣਾ ਦੀ ਸਿਆਸੀ ਤੇ ਸਰਕਾਰੀ ਹਲਕਿਆਂ ’ਚ ਚੰਗੀ ਪੁੱਛ ਪ੍ਰਤੀਤ ਬਣ ਗਈ। ਜਟਾਣਾ ਆਪਣਾ ਲੋਕ ਅਧਾਰ ਮਜਬੂਤ ਕਰਨ ’ਚ ਲੱਗੇ ਹੋਏ ਸਨ ਤਾਂ ਇਸ ਦੌਰਾਨ ਹਰਮਿੰਦਰ ਸਿੰਘ ਜੱਸੀ ਨੇ ਹਲਕੇ ’ਚ ਐਂਟਰੀ ਮਾਰ ਲਈ ਜੋ ਡੇਰਾ ਸਿਰਸਾ ਮੁਖੀ ਦੇ ਕੁੜਮ ਹਨ।
ਮਾਲਵੇ ’ਚ ਡੇਰੇ ਨਾਲ ਜੁੜਿਆ ਵੱਡਾ ਵੋਟ ਬੈਂਕ ਹੈ ਜੋ ਸਿਆਸੀ ਸਮੀਕਰਨਾਂ ’ਚ ਉਲਟਫੇਰ ਕਰਨ ਦੀ ਸਮਰੱਥਾ ਰੱਖਦਾ ਹੈ। ਹਰਮਿੰਦਰ ਜੱਸੀ ‘ਤੁਰਪ ਦਾ ਉਹ ਪੱਤਾ’ ਹੈ ਜਿਸ ਨੂੰ ਵਰਤ ਕੇ ਕਾਂਗਰਸੀ ਲੀਡਰਸ਼ਿਪ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਤੱਕ ਪੁੱਜ ਸਕਦੀ ਹੈ। ਇਸ ਲਈ ਸਥਿਤੀ ਜੋ ਮਰਜੀ ਹੋਵੇ ਸਿਆਸੀ ਲੋੜਾਂ ਦੀ ਪੂਰਤੀ ਲਈ ਕਾਂਗਰਸ ਹਾਈਕਮਾਂਡ ਵੱਲੋਂ ਜੱਸੀ ਨੂੰ ਅਣਗੌਲਿਆ ਕਰਨਾ ਮੁਸ਼ਕਲ ਜਾਪਦਾ ਹੈ। ਹਾਲਾਂਕਿ ਅਗਾਮੀ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਪਾਰਟੀ ਕਿਸ ਨੂੰ ਟਿਕਟ ਦਿੰਦੀ ਹੈ ਇਹ ਤਾਂ ਸਮਾਂ ਹੀ ਤੈਅ ਕਰੇਗਾ ਪਰ ਦੋ ਵੱਡੇ ਸਿਆਸੀ ਧੁੰਨਤਰਾਂ ਦੀ ਜਨਤਕ ਤੌਰ ਤੇ ਆਪਸ ’ਚ ਹੋਈ ਲੜਾਈ ਨੇ ਕਾਂਗਰਸੀਆਂ ਵਿਚਕਾਰ ਆਪਸੀ ਫੁੱਟ ਦਾ ਭਾਂਡਾ ਭੰਨ ਦਿੱਤਾ ਹੈ ਜੋ ਵਿਰੋਧੀਆਂ ਨੂੰ ਬਲ ਬਖਸ਼ ਸਕਦਾ ਹੈ। ਜਾਣਕਾਰੀ ਅਨੁਸਾਰ ਤਾਜਾ ਮਾਮਲਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਵੀਰਵਾਰ ਨੂੰ ਤਲਵੰਡੀ ਹਲਕੇ ਦੇ ਸ਼ਹਿਰ ਰਾਮਾ ਮੰਡੀ ’ਚ ਕੀਤੀ ਰੈਲੀ ਨਾਲ ਜੁੜਿਆ ਹੈ।
ਇਸ ਰੈਲੀ ਦੇ ਮੱਦੇਨਜ਼ਰ ਬੁੱਧਵਾਰ ਸ਼ਾਮ ਨੂੰ ਹਰਮਿੰਦਰ ਸਿੰਘ ਜੱਸੀ ਮੌਕੇ ਤੇ ਪਹੁੰਚੇ ਸਨ ਜਦੋਂਕਿ ਖੁਸ਼ਬਾਜ ਸਿੰਘ ਜਟਾਣਾ ਆਪਣੇ ਸਾਥੀਆਂ ਨਾਲ ਪਹਿਲਾਂ ਤੋਂ ਹੀ ਮੌਜੂਦ ਸੀ। ਮੌਕੇ ਤੇ ਹਾਜਰ ਲੋਕਾਂ ਨੇ ਦੱਸਿਆ ਕਿ ਜਟਾਣਾ ਨੇ ਹਰਮਿੰਦਰ ਜੱਸੀ ਨੂੰ ਕਿਹਾ ਕਿ ਇਹ ਰੈਲੀ ਉਹ (ਜਟਾਣਾ)ਕਰਵਾ ਰਹੇ ਹਨ ਇਸ ਉਨ੍ਹਾਂ ਨੂੰ ਦਖਲ ਦੇਣ ਦੀ ਜਰੂਰਤ ਨਹੀਂ ਹੈ। ਦੂਜੇ ਪਾਸੇ ਜੱਸੀ ਨੇ ਜਟਾਣਾ ਨੂੰ ਆਖਿਆ ਕਿ ਪ੍ਰਸ਼ਾਸ਼ਨ ਦੀ ਅਗਵਾਈ ਹੇਠ ਹੋ ਰਿਹਾ ਇਹ ਸਰਕਾਰੀ ਸਮਾਗਮ ਹੈ ਜਿਸ ’ਤੇ ਸੀਨੀਅਰ ਕਾਂਗਰਸੀ ਹੋਣ ਦੇ ਨਾਤੇ ਉਨ੍ਹਾਂ ਦਾ ਪੂਰਾ ਹੱਕ ਹੈ। ਇਸ ਮੌਕੇ ਦੋਵਾਂ ਧਿਰਾਂ ਆਹਮੋ ਸਾਹਮਣੇ ਹੋਣ ਲੱਗੀਆਂ ਤਾਂ ਥਾਣਾ ਰਾਮਾ ਪੁਲਿਸ ਨੇ ਦਖਲ ਦੇਕੇ ਟਕਰਾਅ ਟਾਲ ਦਿੱਤਾ ਜੋ ਹਿੰਸਕ ਵੀ ਹੋ ਸਕਦਾ ਸੀ। ਇਸ ਝਗੜੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ’ਚ ਦੋਵਾਂ ਆਗੂਆਂ ਦੇ ਸਮਰਥਕ ਆਪਸ ’ਚ ਖਹਿਬੜਦੇ ਦਿਖਾਈ ਦੇ ਰਹੇ ਹਨ।
ਆਪਣੇ ਹਲਕੇ ਦੀ ਫਿਕਰ ਕਰਨ ਜੱਸੀ:ਜਟਾਣਾ
ਤਲਵੰਡੀ ਸਾਬੋ ਦੇ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਦਾ ਕਹਿਣਾ ਸੀ ਕਿ ਤਲਵੰਡੀ ਹਲਕੇ ਦਾ ਇੰਚਾਰਜ ਹੋਣ ਕਾਰਨ ਮੁੱਖ ਮੰਤਰੀ ਦੀ ਰੈਲੀ ਕਰਵਾਉਣ ਦੀ ਜਿੰਮੇਵਾਰੀ ਉਨ੍ਹਾਂ ਨੂੰ ਮਿਲੀ ਸੀ ਜਿਸ ਦੀਆਂ ਤਿਆਰੀਆਂ ’ਚ ਉਹ ਪਿਛੇ ਕਾਫੀ ਦਿਨਾਂ ਤੋਂ ਲੱਗੇ ਹੋਏ ਸਨ। ਉਨ੍ਹਾਂ ਆਖਿਆ ਕਿ ਜਦੋਂ ਸਭ ਕੰਮ ਮੁਕੰਮਲ ਹੋ ਗਿਆ ਹੈ ਤਾਂ ਉਨ੍ਹਾਂ ਨੂੰ ਰੈਲੀ ਦਾ ਫਿਕਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੱਸੀ ਮੌੜ ਦੇ ਇੰਚਾਰਜ ਹਨ ਇਸ ਲਈ ਆਪਣੇ ਹਲਕੇ ਦੀ ਚਿੰਤਾ ਕਰਨ ਬਿਨਾਂ ਮਤਲਬ ਦੂਸਰਿਆਂ ਦੇ ਹਲਕਿਆਂ ’ਚ ਦਖਲਅੰਦਾਜ਼ੀ ਚੰਗੀ ਗੱਲ ਨਹੀਂ ਹੈ।
ਸਰਕਾਰੀ ਰੈਲੀ ਕਰਕੇ ਗਿਆ: ਜੱਸੀ
ਕਾਂਗਰਸੀ ਨੇਤਾ ਹਰਮਿੰਦਰ ਸਿੰਘ ਜੱਸੀ ਦਾ ਕਹਿਣਾ ਸੀ ਕਿ ਉਹ ਰੈਲੀ ਦਾ ਪ੍ਰਬੰਧ ਦੇਖਣ ਗਏ ਸਨ ਤਾਂ ਉੱਥੇ ਕੁੱਝ ਲੋਕਾਂ ਨੇ ਗਾਲੀ ਗਲੋਚ ਸ਼ੁਰੂ ਕਰ ਦਿੱਤਾ ਪਰ ਉਹ ਚੁੱਪ ਰਹੇ। ਉਨ੍ਹਾਂ ਕਿਹਾ ਕਿ ਜੇਕਰ ਸੀਆਰਪੀ ਨਾਂ ਰੋਕਦੀ ਤਾਂ ਕੁੱਝ ਵੀ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਇਹ ਸਰਕਾਰੀ ਰੈਲੀ ਹੈ ਤੇ ਜੇ ਇਹ ਪ੍ਰੋਗਰਾਮ ਜਟਾਣੇ ਦਾ ਹੁੰਦਾ ਤਾਂ ਉੱਥੇ ਜਾਣਾ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਨਾਲ ਪਿਛਲੇ 40 ਸਾਲ ਤੋਂ ਜੁੜੇ ਹੋਏ ਹਨ ਇਸ ਲਈ ਜਟਾਣਾ ਨੂੰ ਅਜਿਹਾ ਵਿਹਾਰ ਸ਼ੋਭਾ ਨਹੀਂ ਦਿੰਦਾ ਹੈ।