ਫਾਸ਼ੀ ਹਮਲੇ ਵਿਰੋਧੀ ਫਰੰਟ ਵੱਲੋਂ ਸੰਗਰੂਰ ਵਿਖੇ 19 ਮਈ ਨੂੰ ਜੋਨਲ ਕਨਵੈਨਸ਼ਨ ਕਰਨ ਦਾ ਐਲਾਨ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 16 ਮਈ, 2022: 'ਫਾਸ਼ੀ ਹਮਲੇ ਵਿਰੋਧੀ ਫਰੰਟ' ਦੇ ਸੱਦੇ 'ਤੇ 19 ਮਈ ਨੂੰ ਸੰਗਰੂਰ( ਮਨਸਾ ਦੇਵੀ ਮੰਦਿਰ ਨੇੜੇ ਪੑੇਮ ਸਭਾ ਸਕੂਲ)ਵਿਖੇ ਜ਼ੋਨ ਪੱਧਰੀ ਕਨਵੈਨਸ਼ਨ ਕੀਤੀ ਜਾਵੇਗੀ। ਉਕਤ ਜਾਣਕਾਰੀ ਫਰੰਟ ਦੀ ਸਾਂਝੀ ਮੀਟਿੰਗ ਸਾਥੀ ਨਰਾਇਣ ਦੱਤ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਸਾਥੀ ਕਿਰਨਜੀਤ ਸੇਖੋਂ ਨੇ ਦਿੱਤੀ। ਮੀਟਿੰਗ ਵਿੱਚ ਫਰੰਟ ਦੀਆਂ ਭਾਈਵਾਲ ਵੱਖੋ-ਵੱਖ ਧਿਰਾਂ ਦੇ ਆਗੂ ਸਾਥੀ ਪਿਆਰਾ ਲਾਲ, ਗੁਰਮੁਖ ਮਾਨ, ਡਾ. ਰਜਿੰਦਰ ਪਾਲ, ਸਰਬਜੀਤ ਸਿੰਘ, ਮੰਗਤ ਰਾਮ ਲੌਂਗੋਵਾਲ, ਗੋਬਿੰਦ ਸਿੰਘ ਛਾਜਲੀ ਆਦਿ ਸ਼ਾਮਲ ਹੋਏ।
ਸਾਥੀ ਨਰਾਇਣ ਦੱਤ ਨੇ ਮੀਟਿੰਗ ਵਿੱਚ ਸ਼ਾਮਿਲ ਆਗੂਆਂ ਨੂੰ ਦੱਸਿਆ ਕਿ ਸੰਘ-ਭਾਜਪਾ ਅਤੇ ਮੋਦੀ ਸਰਕਾਰ ਦੇ ਫਿਰਕੂ-ਫਾਸ਼ੀਵਾਦੀ ਹਮਲਿਆਂ ਖਿਲਾਫ਼ ਅਤੇ ਸੰਘਾਤਮਕ ਢਾਂਚੇ ਤੇ ਮਨੁੱਖੀ ਅਤੇ ਸੰਵਿਧਾਨਕ ਅਧਿਕਾਰਾਂ ਦੀ ਰਾਖੀ ਲਈ ਸੰਘਰਸ਼ ਵਿੱਢਣ ਦਾ ਹੋਕਾ ਦੇਣ ਲਈ ਕੀਤੀ ਜਾ ਰਹੀ ਉਕਤ ਕਨਵੈਨਸ਼ਨ ਨੂੰ ਸੰਬੋਧਨ ਕਰਨ ਲਈ ਫਰੰਟ ਦੇ ਸੂਬਾਈ ਆਗੂ ਪੁੱਜਣਗੇ। ਮੀਟਿੰਗ ਵਿੱਚ ਸ਼ਾਮਲ ਆਗੂਆਂ ਵੱਲੋਂ ਸਮੂਹ ਇਨਸਾਫ ਪਸੰਦ ਤੇ ਪ੍ਰਗਤੀਸ਼ੀਲ ਧਿਰਾਂ ਨੂੰ ਉਕਤ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਨਿਰਮਲ ਸਿੰਘ ਬਟਰਿਆਣਾ, ਉੱਦਮ ਸਿੰਘ ਸੰਤੋਖਪੁਰਾ, ਸੁਖਵਿੰਦਰ ਸਿੰਘ ਠੀਕਰੀਵਾਲਾ, ਨਵਜੀਤ ਸਿੰਘ, ਜਸਪਾਲ ਸਿੰਘ ਚੀਮਾ ਆਦਿ ਆਗੂ ਵੀ ਹਾਜ਼ਰ ਸਨ।