ਸਾਂਝ ਕਮੇਟੀ ਮੈਂਬਰ ਕਮਿਊਨਿਟੀ ਭਲਾਈ ਪ੍ਰੋਗਰਾਮਾਂ 'ਚ ਸਰਗਰਮੀ ਨਾਲ ਹਿੱਸਾ ਲੈਣ - ਐਸ. ਪੀ. ਰਾਜਪਾਲ ਸਿੰਘ
- ਰਾਜ ਭਰ 'ਚ 19 ਤੋਂ 23 ਸਤੰਬਰ ਤੱਕ ਚਲਾਇਆ ਜਾ ਰਿਹਾ ਕਮਿਊਨਿਟੀ ਆਉਟਰੀਚ ਪ੍ਰੋਗਰਾਮ
ਹਰੀਸ਼ ਕਾਲੜਾ
ਰੂਪਨਗਰ, 17 ਅਗਸਤ 2022 : ਜ਼ਿਲ੍ਹਾ ਪੁਲਿਸ ਸਾਂਝ ਕਮੇਟੀ ਰੂਪਨਗਰ ਦੀ ਨਵਗਠਤ ਕਮੇਟੀ ਦੀ ਮੀਟਿੰਗ ਪੁਲਿਸ ਲਾਈਨ ਵਿਖੇ ਸ਼੍ਰੀ ਰਾਜਪਾਲ ਸਿੰਘ ਐਸ.ਪੀ.(ਐਚ)-ਕਮ-ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਨੂੰ ਸ਼ਬੋਧਨ ਕਰਦਿਆ ਸ਼੍ਰੀ ਰਾਜਪਾਲ ਸਿੰਘ ਨੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਵਲੋਂ ਚਲਾਏ ਜਾ ਰਹੇ ਵੱਖ ਵੱਖ ਕਮਿਊਨਿਟੀ ਭਲਾਈ ਪ੍ਰੋਗਰਾਮਾਂ 'ਚ ਸਰਗਰਮੀ ਨਾਲ ਭਾਗ ਲੈਣ। ਮੀਟਿੰਗ ਵਿੱਚ ਸਾਂਝ ਦੇ ਸਮਾਜ ਭਲਾਈ ਅਤੇ ਕਮਿਊਨਿਟੀ ਪੋਲਿੰਗ ਪ੍ਰੋਗਰਾਮਾਂ ਬਾਰੇ ਵਿਸਥਾਰ ਨਾਲ ਚਰਚਾ ਕਰਦਿਆ ਉਨ੍ਹਾਂ ਮੈਂਬਰਾਂ ਨੂੰ ਇਨ੍ਹਾਂ ਪ੍ਰੋਗਰਾਮਾਂ ਨੂੰ ਪ੍ਰਭਾਵਸਾਲੀ ਢੰਗ ਨਾਲ ਅਮਲ ਵਿੱਚ ਲਿਆਉਣ ਲਈ ਆਪਸੀ ਸਾਂਝ ਵਧਾਉਣ ਦੀ ਲੌੜ ਤੇ ਜ਼ੋਰ ਦਿੱਤਾ।
ਉਨ੍ਹਾਂ ਇਸ ਗੱਲ ਤੇ ਖੇਦ ਪ੍ਰਗਟ ਕੀਤਾ ਅਸੀ ਸਦੀਆ ਪੁਰਾਣੀ ਆਪਸੀ ਸਾਂਝ ਦੀ ਸਭਿਆਤਾ ਨੂੰ ਭੁਲ ਗਏ ਹਨ ਜਿਸ ਦਾ ਸਭ ਤੋਂ ਵੱਡਾ ਸੰਦੇਸ਼ ਸਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਹੈ। ਜਿਨ੍ਹਾਂ ਨੇ ਸਹੀ ਰੂਪ ਵਿੱਚ ਸਾਂਝ ਦੀ ਸੁਰੂਆਤ ਕੀਤੀ ਸੀ। ਐਸ. ਪੀ. ਨੇ ਕਿਹਾ ਕਿ ਪੁਲਿਸ ਦਾ ਸਾਂਝ ਪ੍ਰੋਗਰਾਮ ਸਮਾਜ ਸੁਧਾਰ ਦਾ ਇੱਕ ਅਹਿਮ ਪ੍ਰੋਗਰਾਮ ਹੈ ਜਿਸ ਲਈ ਪੂਰੀ ਜੁਮੇਵਾਰੀ ਨਾਲ ਕੰਮ ਕਰਨ ਦੀ ਲੋੜ ਹੈ। ਇੱਕ ਨਿਸ਼ਾਨਾ ਰੱਖਕੇ ਹੀ ਕਿਸੇ ਵਿਸ਼ੇਸ਼ ਪ੍ਰੋਗਰਾਮ ਨੂੰ ਸਫਲ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਆਉਂਦੇ ਸਤਬੰਰ ਮਹੀਨੇ ਦੌਰਾਨ 5 ਦਿਨਾਂ ਦਾ ਸਾਂਝ ਵਲੋਂ ਰਾਜ ਭਰ 'ਚ ਇੱਕ ਕਮਿਊਨਿਟੀ ਆਉਟਰੀਚ ਨਾਲ ਸਬੰਧਤ ਪ੍ਰੋਗਰਾਮ 19 ਤੋਂ 23 ਸਤੰਬਰ ਤੱਕ ਚਲਾਇਆ ਜਾ ਰਿਹਾ ਹੈ ਜਿਸ ਦੌਰਾਨ ਸਾਂਝ ਮੈਂਬਰਾਂ ਦਾ ਸਿੱਖਲਾਈ ਪ੍ਰੋਗਰਾਮ, ਨਿਉ ਏਜ਼ ਸਾਈਬਰ ਕਰਾਈਮ ਬਾਰੇ ਸੈਮੀਨਾਰ, ਵਿਦਿਆਰਥੀਆਂ ਨੂੰ ਪੁਲਿਸ ਸਟੇਸ਼ਨ ਅਤੇ ਸਾਂਝ ਕੇਂਦਰਾਂ ਦੇ ਟੂਰ, ਰੁੱਖ ਲਗਾਉਣ ਅਤੇ ਨਸ਼ਿਆਂ ਤੋਂ ਲੋਕਾਂ ਨੂੰ ਸੁਚੇਤ ਕਰਨ ਲਈ 5 ਕਿਲੋਮੀਟਰ ਦੀ ਦੌੜ ਦਾ ਆਯੋਜਨ ਕੀਤਾ ਜਾਣਾ ਹੈ। ਉਨ੍ਹਾਂ ਮੈਂਬਰਾਂ ਨੂੰ ਇਨ੍ਹਾਂ ਪ੍ਰੋਗਰਾਮਾਂ ਵਿੱਚ ਆਪਸੀ ਸਾਂਝ ਵਧਾਉਣ ਅਤੇ ਸਫਲ ਕਰਨ ਲਈ ਵੱਧ ਤੋਂ ਵੱਧ ਸਹਿਯੋਗ ਕਰਨ ਲਈ ਕਿਹਾ।
ਮੀਟਿੰਗ ਦੇ ਸ਼ੁਰੂ ਵਿੱਚ ਜ਼ਿਲ੍ਹਾ ਸਾਂਝ ਕਮੇਟੀ ਦੇ ਕੋ-ਕਨਵੀਨਰ ਸ਼੍ਰੀ ਰਾਜਿੰਦਰ ਸੈਣੀ ਨੇ ਸਮੂਹ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਾਂਝ ਕੇਂਦਰਾਂ ਨਾਲ ਆਪਣਾ ਸਹਿਯੋਗ ਵਧਾਉਣ ਲਈ ਸਾਂਝ ਪ੍ਰਣਾਲੀ ਨੂੰ ਚੰਗੀ ਤਰਾਂ ਨਾਲ ਸਮਝਕੇ ਇਸ ਪ੍ਰਤੀ ਆਪਣੀਆਂ ਸੇਵਾਵਾਂ ਦੇਣ ਲਈ ਪ੍ਰੇਰਤ ਕੀਤਾ। ਇਸ ਮੌਕੇ ਤੇ ਜ਼ਿਲ੍ਹਾ ਸਾਂਝ ਕੇਂਦਰ ਦੇ ਇੰਚਾਰਜ਼ ਇੰਸਪੈਕਟਰ ਰਣਜੀਤ ਸਿੰਘ ਬਡਵਾਲ ਨੇ ਸਾਂਝ ਪ੍ਰਣਾਲੀ ਦੇ ਵੱਖ ਵੱਖ ਕਾਰਜ਼ਾ ਤੇ ਭਲਾਈ ਪ੍ਰੋਗਰਾਮਾਂ ਬਾਰੇ ਮੈਂਬਰਾ ਨੂੰ ਜਾਗਰੂਕ ਕੀਤਾ।
ਮੀਟਿੰਗ ਵਿੱਚ ਜ਼ਿਲ੍ਹਾ ਸਾਂਝ ਕਮੇਟੀ ਮੈਂਬਰ ਡਾ. ਅਜਮੇਰ ਸਿੰਘ, ਯੁਗੇਸ਼ ਮੋਹਨ ਪੰਕਜ਼, ਕਿਰਨਪ੍ਰੀਤ ਕੌਰ ਗਿੱਲ, ਸੀਮਾ ਥਾਪੜ, ਇੰਜ. ਕਰਨੈਲ ਸਿੰਘ, ਭਗਵੰਤ ਕੌਰ, ਨਵੀਨ ਦਰਦੀ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ਵਿੱਚ ਜ਼ਿਲ੍ਹਾ ਸਾਂਝ ਕਮੇਟੀ ਮੈਂਬਰਾਂ ਤੋਂ ਇਲਾਵਾ ਸਬ-ਡਵੀਜ਼ਨ ਸਾਂਝ ਕਮੇਟੀ ਚਮਕੌਰ ਸਾਹਿਬ, ਅਨੰਦਪੁਰ ਸਾਹਿਬ, ਨੰਗਲ ਤੇ ਰੂਪਨਗਰ ਦੇ ਮੈਂਬਰ ਅਤੇ ਸਾਂਝ ਕਮੇਟੀ ਇੰਚਾਰਜ਼ ਹਾਜ਼ਰ ਸਨ।