ਐਨ.ਐਚ. ਐਮ ਦੀ ਅਕਾਊਂਟ ਅਫ਼ਸਰ 'ਤੇ ਲੱਗੇ ਕਰੋੜਾਂ ਦਾ ਘਪਲਾ ਕਰਨ ਦੇ ਦੋਸ਼
ਅਕਾਊਂਟ ਅਫ਼ਸਰ ਦੇ ਭਰਾ ਨੇ ਦੋਸ਼ਾਂ ਨੂੰ ਨਕਾਰਿਆ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ, 03 ਅਕਤੂਬਰ 2022
ਲੋਕ ਸੰਘਰਸ਼ ਕਮੇਟੀ ਗੁਰਦਾਸਪੁਰ ਵੱਲੋ ਇਕ ਨਿਜੀ ਹੋਟਲ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ ਅਤੇ ਉਹਨਾਂ ਵੱਲੋਂ ਐਨ ਐਚ ਐਮ ਵਿਭਾਗ ਵਿੱਚ ਕਰੋਨਾ ਕਾਲ ਦੌਰਾਨ ਕਰੋੜਾਂ ਦੀ ਘਪਲੇਬਾਜ਼ੀ ਹੋਂਣ ਦੇ ਦੋਸ਼ ਲਗਾਏ ਗਏ। ਬੈਸਟ ਪ੍ਰੈਸ ਕਾਨਫਰੰਸ ਰਾਹੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਕ ਸੰਘਰਸ਼ ਕਮੇਟੀ ਦੇ ਚੇਅਰਮੈਨ ਡਾ.ਮਨਮੋਹਨ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਐਨ ਐਚ ਐਮ ਵਿਭਾਗ ਵਿੱਚ ਕੋਵਿਡ ਦੌਰਾਨ ਅਕਾਊਂਟੈਂਟ ਅਫ਼ਸਰ ਵੱਲੋਂ 15 ਕਰੋੜ ਦੀ ਹੇਰਾਫੇਰੀ ਕੀਤੀ ਗਈ ਸੀ। ਉਹਨਾਂ ਨੇ ਕਿਹਾ ਕਿ ਇਹ ਮਾਮਲਾ ਉਦੋਂ ਸਾਹਮਣੇ ਆਇਆ ਸੀ ਜਦੋਂ ਸਿਵਲ ਸਰਜਨ ਵੱਲੋਂ ਪ੍ਰਿੰਸੀਪਲ ਸੈਕਟਰੀ ਨੂੰ ਲਿਖੀ ਚਿੱਠੀ ਸਾਹਮਣੇ ਆਈ ਸੀ ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਵਿਭਾਗ ਦੀ ਅਕਾਊਂਟ ਅਫਸਰ ਦੀਪਿਕਾ ਭਲ਼ਾ ਨੇ ਆਪਣੇ ਭਰਾ ਦੇ ਨਾਂ ਤੇ ਆਰ.ਵੀ. ਐਂਟਰਪ੍ਰਾਈਜਿਜ਼ ਫਰਮ ਬਣਾ ਕੇ ਕਰੋੜਾਂ ਰੁਪਏ ਉਸ ਦੇ ਖਾਤੇ ਵਿਚ ਪਾਏ ਹਨ। ਉਨ੍ਹਾਂ ਕਿਹਾ ਕਿ ਸ਼ਗਨ ਐਂਟਰਪ੍ਰਾਈਜ਼ਿਜ਼ ਦੇ ਖਾਤੇ ਵਿੱਚ ਵੀ ਪੈਸੇ ਟਰਾਂਸਫਰ ਹੁੰਦੇ ਰਹੇ। ਉਨ੍ਹਾਂ ਦੋਸ਼ ਲਗਾਇਆ ਕਿ ਕਰੋਨਾ ਕਾਲ ਦੌਰਾਨ ਹੀ ਕਿਰਾਏ ਤੇ ਸਿਵਲ ਹਸਪਤਾਲ ਵੱਲੋਂ ਲਈਆਂ ਗਈਆਂ ਗੱਡੀਆਂ ਅਤੇ ਕਾਰਾਂ ਦੇ ਕਿਰਾਏ ਦੇ ਵੀ ਜਾਲੀ ਬਿੱਲ ਪਾਉਣ ਦੀ ਗੱਲ ਵੀ ਸਾਹਮਣੇ ਆਈ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਸਿਆਸੀ ਆਗੂ ਅਤੇ ਇਸ ਵਿਭਾਗ ਨਾਲ ਸਬੰਧਤ ਅਧਿਕਾਰੀ ਇਸ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਨਾਲ ਹੀ ਚੇਤਾਵਨੀ ਦਿੱਤੀ ਕਿ ਕਾਰਵਾਈ ਨਾ ਹੋਣ ਦੀ ਸੂਰਤ ਵਿਚ ਲੋਕ ਸੰਘਰਸ਼ ਕਮੇਟੀ ਸੰਘਰਸ਼ ਦਾ ਰਸਤਾ ਅਪਣਾਏਗੀ।
ਉਥੇ ਹੀ ਜਦੋਂ ਇਸ ਬਾਰੇ ਐਨ ਐਚ ਐਮ ਅਕਾਊਂਟ ਅਫਸਰ ਦੀਪਿਕਾ ਭੱਲਾ ਦੇ ਭਰਾ ਰਾਜਨ ਭੱਲਾ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਹਨਾਂ ਨੇ ਕਿਹਾ ਕਿ ਇਸਦੀ ਜਾਂਚ ਚੱਲ ਰਹੀ ਹੈ ਅਤੇ ਜਿੰਨਾ ਵੀ ਲੋਕਾਂ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਸਾਡੇ ਉਪਰ ਦੋਸ਼ ਲਗਾਏ ਜਾ ਰਹੇ ਹਨ ਉਨ੍ਹਾਂ ਕੋਲ ਕੋਈ ਵੀ ਠੋਸ ਸਬੂਤ ਨਹੀ ਹਨ। ਜਿਸ ਕਰਕੇ ਸਿਰਫ ਸਾਡੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਕੋਰਟ ਵਲੋ ਜੋ ਵੀ ਫੈਸਲਾ ਕੀਤਾ ਜਾਵੇਗਾ ਸਾਨੂੰ ਮਨਜੂਰ ਹੋਵੇਗਾ। ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਸਾਡੀ ਛਵੀ ਖ਼ਰਾਬ ਕਰ ਰਹੇ ਹਨ ਉਨ੍ਹਾਂ ਦੇ ਖਿਲਾਫ ਵੀ ਸਖਤ ਕਾਰਵਾਈ ਕਰਾਂਗੇ।