ਹਾਦਸੇ ਦੇ ਸ਼ਿਕਾਰ ਸ਼ਖ਼ਸ ਨੂੰ ਮਰਨ ਲਈ ਛੱਡ ਦਿਤਾ, ਪਰਚਾ ਦਰਜ
ਅਜਿਹੀ ਮਰੀ ਹੋਈ ਇਨਸਾਨੀਅਤ ਵਾਲੇ ਇਨਸਾਨ ਨੂੰ ਮਿਲਣੀ ਚਾਹੀਦੀ ਹੈ ਸਖ਼ਤ ਸਜ਼ਾ
ਗੁਰਦਾਸਪੁਰ 20 ਮਾਰਚ 2023 : ਅਕਸਰ ਅਜਿਹੀਆਂ ਘਟਨਾਵਾਂ ਦੇਖਣ ਅਤੇ ਸੁਨਣ ਨੂੰ ਮਿਲਦੀਆਂ ਹਨ ਜਿਨ੍ਹਾਂ ਬਾਰੇ ਲੋਕ ਕਹਿਣ ਲੱਗ ਪੈਂਦੇ ਹਨ ਕਿ ਇਨਸਾਨੀਅਤ ਅੱਜੇ ਮਰੀ ਨਹੀਂ ਹੈ ਪਰ ਜੇਕਰ ਕੋਈ ਕਿਸੇ ਵਿਚ ਗੱਡੀ ਮਾਰ ਦੇਵੇ ਅਤੇ ਉਸ ਨੂੰ ਇਹ ਕਹਿ ਕੇ ਗੱਡੀ ਵਿਚ ਪਾ ਕੇ ਲੈ ਜਾਵੇ ਕਿ ਉਸ ਦਾ ਇਲਾਜ ਕਰਵਾ ਦੇਵੇਗਾ ਪਰ ਇਲਾਜ ਕਰਵਾਉਣ ਦੀ ਬਜਾਏ ਉਸ ਨੂੰ ਸੜਕ ਤੇ ਸੁੱਟ ਦੇਵੇ ਅਤੇ ਉਸ ਦੀ ਮੌਤ ਹੋ ਜਾਵੇ ਤਾਂ ਇਸ ਨੂੰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਹੀ ਕਿਹਾ ਜਾਵੇਗਾ।
ਅਜਿਹੀ ਹੀ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾਂ ਘੁੰਮਣ ਕਲਾਂ ਵਿਖੇ ਵਾਪਰੀ ਹੈ। ਥਾਣਾ ਘੁੱਮਨ ਕਲਾਂ ਪੁਲਿਸ ਵੱਲੋਂ ਇਸ ਸਬੰਧ ਵਿਚ ਅਣਪਛਾਤੇ ਕਾਰ ਸਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ।
ਘਟਨਾ ਦੀ ਸ਼ਿਕਾਇਤ ਗੁਰਚਰਨ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਘੁੰਮਣ ਕਲਾਂ ਵੱਲੋਂ ਦਰਜ਼ ਕਰਵਾਈ ਗਈ ਹੈ। ਜਾਣਕਾਰੀ ਦਿੰਦਿਆਂ ਗੁਰਚਰਨ ਸਿੰਘ ਨੇ ਦੱੱਸਿਆ ਕਿ ਉਹਨਾਂ ਕੋਲ ਪਿਛਲੇ 6 ਸਾਲਾਂ ਤੋ ਉੜੀਸਾ ਦਾ ਰਹਿਣ ਵਾਲਾ ਇਕ ਪ੍ਰਵਾਸੀ ਮਜ਼ਦੂਰ ਸਵਰਨ ਸਿੰਘ ਕੰਮ ਕਰਦਾ ਸੀ। ਸਵਰਨ ਸਿੰਘ ਬੇਹੱਦ ਭੋਲਾ ਭਾਲਾ ਅਤੇ ਚੰਗੀ ਨੀਯਤ ਵਾਲਾ ਇਨਸਾਨ ਸੀ ਅਤੇ ਉਸ ਦੀ ਉਮਰ 45 ਸਾਲ ਦੇ ਕਰੀਬ ਸੀ। ਮਿਤੀ 17.ਮਾਰਚ ਨੂੰ ਦੁਪਹਿਰ ਕਰੀਬ 12 ਵਜੇ ਸਵਰਨ ਸਿੰਘ ਖੇਤਾਂ ਵਿਚ ਕੰਮ ਕਰ ਰਿਹਾ ਸੀ ਅਤੇ ਦੁਪਹਿਰ ਦਾ ਖਾਣਾ ਲੈਣ ਲਈ ਉਨ੍ਹਾਂ ਦੀ ਬੰਬੀ ਤੋਂ ਸਾਈਕਲ ਤੇ ਘਰ ਵੱਲ ਨੂੰ ਆ ਰਿਹਾ ਸੀ ਕਿ ਕਿਸੇ ਅਣਪਛਾਤੇ ਕਾਰ ਚਾਲਕ ਨੇ ਉਸ ਦੇ ਸਾਇਕਲ ਵਿਚ ਤੇਜ਼ ਰਫਤਾਰ ਕਾਰ ਮਾਰ ਦਿੱਤੀ ਜਿਸ ਨਾਲ ਸਵਰਨ ਸਿੰਘ ਜ਼ਖਮੀ ਹੋ ਗਿਆ। ਪਿੰਡ ਦੇ ਇਕ ਨੌਜਵਾਨ ਦੀ ਮਦਦ ਨਾਲ ਕਾਰ ਚਾਲਕ ਨੇ ਉਸ ਨੂੰ ਗੱਡੀ ਵਿੱਚ ਪਾਇਆ ਅਤੇ ਇਹ ਕਹਿ ਕੇ ਲੈ ਗਿਆ ਕਿ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਕੇ ਉਸਦਾ ਇਲਾਜ਼ ਕਰਵਾਏਗਾ।
ਗੁਰਚਰਨ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਘਟਨਾ ਦਾ ਪਤਾ ਲੱਗਿਆ ਤਾਂ ਉਹ ਮੌਕੇ ਤੇ ਪਹੁੰਚੇ ਪਰ ਕਾਰ ਸਵਾਰ ਸਵਰਨ ਸਿੰਘ ਨੂੰ ਲੈ ਕੇ ਨਿਕਲ ਗਿਆ ਸੀ। ਉਹ ਆਪਣੇ ਤੌਰ ਤੇ ਨੌਸ਼ਹਿਰਾ ਮੱਝਾ ਸਿੰਘ, ਧਾਲੀਵਾਲ ਅਤੇ ਬਟਾਲਾ ਦੇ ਸਰਕਾਰੀ ਹਸਪਤਾਲਾਂ ਵਿਚ ਸਵਰਨ ਸਿੰਘ ਨੂੰ ਲੱਭਣ ਲਈ ਗਏ ਅਤੇ ਕਈ ਪ੍ਰਾਈਵੇਟ ਡਾਕਟਰਾਂ ਕੋਲ ਵੀ ਉਸ ਦੀ ਭਾਲ ਕੀਤੀ ਪਰ ਸਵਰਨ ਸਿੰਘ ਕਿਸੇ ਹਸਪਤਾਲ ਵਿੱਚ ਨਹੀਂ ਮਿਲਿਆ। ਅਗਲੇ ਦਿਨ 18 ਮਾਰਚ ਨੂੰ ਸਵੇਰੇ 11 ਵਜੇ ਦੇ ਕਰੀਬ ਉਨ੍ਹਾਂ ਨੂੰ ਪਤਾ ਲੱਗਿਆ ਕਿ ਸਵਰਨ ਸਿੰਘ ਦੀ ਲਾਸ਼ ਉਨ੍ਹਾਂ ਦੇ ਪਿੰਡ ਤੋਂ ਲੱਗਭਗ 6 ਕਿਲੋਮੀਟਰ ਦੂਰ ਪਿੰਡ ਸਤਕੋਹਾ ਨੇੜੇ ਪਈ ਹੈ। ਜ਼ਾਹਰ ਹੈ ਸਵਰਨ ਸਿੰਘ ਦੇ ਸਾਈਕਲ ਵਿਚ ਕਾਰ ਮਾਰਨ ਵਾਲੇ ਕਾਰ ਸਵਾਰ ਨੇ ਉਸ ਦਾ ਇਲਾਜ ਕਰਾਉਣ ਲਈ ਉਸ ਨੂੰ ਹਸਪਤਾਲ ਲਿਜਾਣ ਦੀ ਬਜਾਏ ਉਸ ਨੂੰ ਸੜਕ ਕਿਨਾਰੇ ਸੁੱਟ ਦਿੱਤਾ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਹਨਾਂ ਨੇ ਸਵਰਨ ਸਿੰਘ ਦੀ ਲਾਸ਼ ਚੁੱਕ ਕੇ ਪਿੰਡ ਲਿਆਂਦੀ ਅਤੇ ਉਸ ਦਾ ਅੰਤਮ ਸੰਸਕਾਰ ਕੀਤਾ।
ਗੁਰਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਐਕਸੀਡੈਂਟ ਵੇਲੇ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਦਿੱਤਾ ਗਿਆ ਕਾਰ ਦਾ ਨੰਬਰ ਵੀ ਪੁਲੀਸ ਨੂੰ ਦਿੱਤਾ ਹੈ ਅਤੇ ਪੁਲੀਸ ਵੱਲੋਂ ਅਣਪਛਾਤੇ ਕਾਰ ਚਾਲਕ ਖ਼ਿਲਾਫ਼ 304 ਏ ਅਤੇ 279 ਧਾਰਾਵਾਂ ਦੇ ਤਹਿਤ ਮਾਮਲਾ ਵੀ ਦਰਜ ਕੀਤਾ ਹੈ ਪਰ ਪਰ ਫ਼ਿਲਹਾਲ ਕਾਰ ਚਾਲਕ ਪੁਲੀਸ ਦੇ ਹੱਥ ਨਹੀਂ ਆਇਆ ਹੈ।ਪਰ ਸਵਾਲ ਇਹ ਉਠਦਾ ਹੈ ਕਿ ਇਹੋ ਜਿਹੀ ਮਰੀ ਇਨਸਾਨੀਅਤ ਵਾਲੇ ਇਨਸਾਨ ਦੇ ਲਈ ਕੀ ਸਜ਼ਾ ਹੋਣੀ ਚਾਹੀਦੀ ਹੈ?