ਰਾਤ ਨੂੰ ਬੰਦ ਪਏ ਜਿੰਮ ਦੇ ਅੰਦਰ ਵੜ ਕੇ ਕੀਤੀ ਤੋੜ-ਭੰਨ੍ਹ, ਕਾਰ ਅਤੇ ਸਕੂਟਰੀ ਨੂੰ ਅੱਗ ਲਗਾਉਣ ਦੀ ਕੋਸ਼ਿਸ਼
ਦੀਪਕ ਜੈਨ
ਜਗਰਾਉਂ, 31 ਮਈ 2023 - ਚੰਡੀਗੜ੍ਹ ਕਲੋਨੀ ਅੰਦਰ ਬਣੇ ਬੋਡੀ ਜੋਨ ਜਿੰਮ ਵਿਚ ਕਿਸੇ ਸ਼ਰਾਰਤੀ ਅਨਸਰ ਵੱਲੋਂ ਤੋੜ-ਭੰਨ ਕਰਨ ਅਤੇ ਖੜ੍ਹੀ ਕਾਰ ਅਤੇ ਸਕੂਟਰੀ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਦਾ ਸਮਾਚਾਰ ਮਿਲਿਆ ਹੈ।ਜਿੰਮ ਦੇ ਮਾਲਕ ਸੁਖਦੀਪ ਸਿੰਘ ਨੇ ਦੱਸਿਆ ਕੀ ਉਹ ਰਾਤ ਨੂੰ ਲੱਗਭੱਗ 10 ਵਜੇ ਜਿੰਮ ਨੂੰ ਬੰਦ ਕਰ ਕੇ ਗਏ ਸਨ ਅਤੇ ਜਦੋਂ ਉਹਨਾਂ ਨੇ ਸਵੇਰੇ ਆ ਕੇ ਦੇਖਿਆ ਤਾਂ ਜਿੰਮ ਅੰਦਰ ਖੜ੍ਹੀ ਕਾਰ ਅਤੇ ਸਕੂਟਰੀ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ਅੱਗ ਲਗਾਈ ਗਈ ਸੀ ਪ੍ਰੰਤੂ ਰਾਤ ਨੂੰ ਇਹ ਅੱਗ ਜਿਆਦਾ ਨਹੀਂ ਵਧੀ ਅਤੇ ਆਪਣੇ ਆਪ ਹੀ ਬੁਝ ਗਈ ਜਿਸ ਨਾਲ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਸ਼ਰਾਰਤੀ ਅਨਸਰਾਂ ਵੱਲੋਂ ਇਨਵਰਟਰ ਨੂੰ ਵੀ ਅੱਗ ਲਗਾਈ ਗਈ ਸੀ ਅਤੇ ਜਿੰਮ ਦੇ ਸ਼ੀਸ਼ੇ ਵੀ ਤੋੜੇ ਗਏ ਸਨ।
ਮਾਲਕ ਨੇ ਦੱਸਿਆ ਕਿ ਉਹਨਾਂ ਦੀ ਕਿਸੇ ਨਾਲ ਕੋਈ ਜਾਤੀ ਰੰਜ਼ਿਸ਼ ਨਹੀਂ ਹੈ। ਡੇਢ ਸਾਲ ਦੇ ਲਗਭਗ ਉਨ੍ਹਾਂ ਨੂੰ ਜਿੰਮ ਚਲਾਉਂਦਿਆਂ ਨੂੰ ਹੋ ਗਏ ਹਨ। ਆਪਣੇ ਇਲਾਕੇ ਵਿਚ ਉਹਨਾਂ ਦਾ ਚੰਗਾ ਅਸਰ ਰਸੂਖ ਹੈ। ਅੱਜ ਤਕ ਕਿਸੇ ਨਾਲ ਕਦੇ ਲੜਾਈ ਝਗੜਾ ਨਹੀਂ ਕੀਤਾ। ਪਰ ਪਤਾ ਨਹੀਂ ਕਿਉਂ ਸਾਡੇ ਜਿੰਮ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਗਿਆ ਹੈ। ਉਹਨਾਂ ਦੱਸਿਆ ਕਿ ਪੁਲੀਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ।