ਖਾਦੀ ਪੀਤੀ 'ਚ ਟੱਪ ਗਿਆ ਸੀ ਬਾਰਡਰ, ਪਾਕਿਸਤਾਨ ਤੋਂ 3 ਸਾਲਾਂ ਬਾਅਦ ਹੋਇਆ ਰਿਹਾਅ
ਪਾਕਿਸਤਾਨ ਤੋਂ ਰਿਹਾਅ ਹੋ ਕੇ ਤਾਂ ਆ ਗਿਆ ਭਾਰਤੀ ਕੈਦੀ , ਪਰ ਅਜੇ ਵੀ ਦਿਖਦਾ ਹੈ ਗੱਲਾਂ ਵਿਚ ਸਹਿਮ
ਪਾਕਿਸਤਾਨ ਦੀਆਂ ਜੇਲਾਂ ਵਿੱਚ ਬੰਦ ਕਈ ਭਾਰਤੀ ਹੋ ਚੁੱਕੇ ਹਨ ਮਾਨਸਿਕ ਸੰਤੁਲਨ
ਰੋਹਿਤ ਗੁਪਤਾ
ਗੁਰਦਾਸਪੁਰ, 4 ਜੂਨ 2023 : ਭਾਰਤ ਪਾਕਿਸਤਾਨ ਸਮਝੌਤੇ ਤਹਿਤ ਪਾਕਿ ਜੇਲਾਂ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਕਈ ਭਾਰਤੀ ਕੈਦੀ ਰਿਹਾਅ ਕੀਤੇ ਗਏ ਹਨ। ਹਾਲ ਹੀ ਵਿੱਚ ਰਿਹਾਅ ਕੀਤੇ ਗਏ ਤਿੰਨ ਕੈਦੀਆਂ ਵਿੱਚੋਂ ਇਕ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਕਾਮਲਪੁਰ ਦਾ ਨੌਜਵਾਨ ਹਰਜਿੰਦਰ ਸਿੰਘ ਵੀ ਹੈ ਜੋ ਸ਼ਰਾਬ ਦੇ ਨਸ਼ੇ ਵਿਚ ਸਰਹੱਦੀ ਇਲਾਕੇ ਵਿਚ ਮਛਲੀਆਂ ਫੜਦਾ ਹੋਇਆ ਗਲਤੀ ਨਾਲ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ ਅਤੇ ਪਾਕਿਸਤਾਨ ਦੇ ਸੀਮਾ ਰੇਂਜਰਾਂ ਵੱਲੋਂ ਫੜ ਲਿਆ ਗਿਆ।
ਭਾਵੇਂ ਹਰਜਿੰਦਰ ਸਿੰਘ ਪਾਕਿਸਤਾਨ ਦੀ ਜੇਲ੍ਹ ਤੋਂ ਰਿਹਾ ਹੋ ਕੇ ਵਾਪਸ ਪਰਤ ਆਇਆ ਹੈ ਪਰ ਉਸਦੇ ਚਿਹਰੇ ਅਤੇ ਉਸਦੀਆਂ ਗੱਲਾਂ ਵਿਚ ਅਜੇ ਵੀ ਜੇਲ ਦਾ ਖੌਫ ਸਾਫ ਨਜ਼ਰ ਆਉਂਦਾ ਹੈ। ਗੱਲਬਾਤ ਦੌਰਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਦੀ ਲਾਹੌਰ ਜੇਲ੍ਹ ਜਿਥੋਂ ਉਹ ਰਿਹਾਅ ਹੋਇਆ ਹੈ ਵਿਚ ਅਜੇ ਵੀ 15 ਭਾਰਤੀ ਕੈਦੀ ਹਨ ਜਿਨ੍ਹਾਂ ਵਿੱਚੋਂ ਕਈ ਆਪਣਾ ਮਾਨਸਿਕ ਸੰਤੁਲਨ ਗਵਾ ਬੈਠੇ ਹਨ। ਹਰਜਿੰਦਰ ਸਿੰਘ ਅਤੇ ਉਸਦੇ ਪਰਵਾਰ ਨੇ ਸਰਕਾਰ ਤੋਂ ਅਪੀਲ ਕੀਤੀ ਕਿ ਏਨਾ ਪਾਕਿਸਤਾਨ ਵਿਚ ਬੰਦ ਭਾਰਤੀਆਂ ਦੀ ਰਿਹਾਈ ਲਈ ਵੀ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਹੈ।
ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ 2020 ਦੇ ਮਈ ਮਹੀਨੇ ਨਸ਼ੇ ਦੀ ਹਾਲਤ ਵਿੱਚ ਗਲਤੀ ਨਾਲ ਪਾਕਿਸਤਾਨ ਦੀ ਸਰਹੱਦ ਵਿਚ ਚਲਾ ਗਿਆ ਸੀ ਅਤੇ ਇਸ ਦੌਰਾਨ ਉਸ ਨੂੰ ਪਾਕਿਸਤਾਨੀ ਰੇਂਜਰਾਂ ਵੱਲੋਂ ਫ਼ੜ ਲਿਆ ਗਿਆ।ਉਨ੍ਹਾਂ ਵੱਲੋਂ ਕਈ ਦਿਨ ਪੁਛ-ਪੜਤਾਲ ਤੇ ਮਾਰਕੁੱਟ ਕਰਨ ਤੋਂ ਬਾਅਦ ਪਾਕਿਸਤਾਨ ਦੇ ਸਿਆਲਕੋਟ ਦੀ ਗੋਰਾ ਜੇਲ੍ਹ ਦੇ ਤਹਿਖ਼ਾਨੇ ਵਿੱਚ ਸੁੱਟ ਦਿੱਤਾ ਜਿੱਥੇ ਦੋ ਮਹੀਨੇ ਜਿਸਮਾਨੀ ਤੇ ਮਾਨਸਿਕ ਤੌਰ ਤੇ ਤਸੀਹੇ ਦਿੱਤੇ ਗਏ। ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਲਗਾਤਾਰ ਦਿਨ ਰਾਤ 10 12 ਘੰਟੇ ਖੜਾ ਰੱਖਿਆ ਜਾਂਦਾ ਰਿਹਾ।ਦੋ ਮਹੀਨੇ ਹਨੇਰ ਕੋਠੜੀ ਵਿੱਚ ਬੰਦ ਰਹਿਣ ਤੋਂ ਬਾਅਦ ਉਸ ਨੂੰ ਸੂਰਜ ਵੇਖਣਾ ਨਸੀਬ ਹੋਇਆ ਸੀ।
ਹਰਜਿੰਦਰ ਸਿੰਘ ਨੇ ਦੱਸਿਆ ਕਿ ਲਾਹੌਰ ਜੇਲ੍ਹ ਵਿੱਚ ਬੰਦ ਕਈ ਭਾਰਤੀ ਨੌਜਵਾਨ ਆਪਣਾ ਦਿਮਾਗੀ ਸੰਤੁਲਨ ਗਵਾ ਚੁੱਕੇ ਹਨ।ਉਹ ਭਾਰਤ ਸਰਕਾਰ ਤੇ ਪਰਮਾਤਮਾ ਦਾ ਧੰਨਵਾਦ ਕਰਦਾ ਹੈ ਜਿਨਾਂ ਉਸ ਨਰਕ ਭਰੀ ਜਿੰਦਗੀ ਤੋਂ ਬਾਹਰ ਕੱਢ ਕੇ ਉਸ ਨੂੰ ਆਪਣੇ ਪਰਿਵਾਰ ਨਾਲ ਮਿਲਾਇਆ ਹੈ। ਉਸ ਨੇ ਦੱਸਿਆ ਕਿ ਉਸ ਦੀਆਂ ਸਾਰੀਆਂ ਉਮੀਦਾਂ ਖਤਮ ਹੋ ਚੁੱਕੀਆਂ ਸਨ ਇਸ ਲਈ ਜਦੋਂ ਜੇਲ੍ਹ ਦੇ ਕਰਮਚਾਰੀਆਂ ਨੇ ਉਸ ਨੂੰ ਦੱਸਿਆ ਕਿ ਸਵੇਰੇ ਤੋਂ ਰਿਹਾ ਹੋ ਜਾਵੇਗਾ ਤਾਂ ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ।
ਉਥੇ ਹੀ ਹਰਜਿੰਦਰ ਦੀ ਮਾਤਾ ਕੁਲਵਿੰਦਰ ਕੌਰ ਅਤੇ ਦਾਦੀ ਨੇ ਦੱਸਿਆ ਕਿ ਹਰਜਿੰਦਰ ਤਿੰਨ ਸਾਲ ਇੱਕ ਮਹੀਨੇ ਬਾਅਦ ਘਰ ਪਰਤਿਆ ਹੈ ਅਤੇ ਉਹ ਉਸਦੀ ਸਲਾਮਤੀ ਲਈ ਹਰ ਮਹੀਨੇ ਸੁਖਮਨੀ ਸਾਹਿਬ ਦੇ ਪਾਠ ਅਤੇ ਵੱਖ-ਵੱਖ ਥਾਵਾਂ ਤੇ ਅਰਦਾਸਾਂ ਤੇ ਸੁਖਣਾ ਕਰਦੇ ਆ ਰਹੇ ਸਨ।ਹੁਣ ਪਰਮਾਤਮਾ ਨੇ ਉਨ੍ਹਾਂ ਦੇ ਪੁੱਤਰ ਨੂੰ ਘਰ ਭੇਜ ਕੇ ਉਨ੍ਹਾਂ ਦੀਆਂ ਆਸਾਂ ਪੂਰੀਆਂ ਕੀਤੀਆਂ ਹਨ। ਉਨ੍ਹਾਂ ਇਸ ਦੇ ਲਈ ਸਰਕਾਰ ਦਾ ਧੰਨਵਾਦ ਕੀਤਾ ਅਤੇ ਅਪੀਲ ਕੀਤੀ ਕਿ ਪਾਕਿਸਤਾਨ ਦੀਆ ਜੇਲ੍ਹਾਂ ਵਿੱਚ ਬੰਦ ਹਨ ਦੂਜੇ ਭਾਰਤੀ ਨੌਜਵਾਨ ਕੈਦੀਆਂ ਨੂੰ ਵੀ ਰਿਹਾ ਕਰਵਾਉਣ ਦੀ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾਵੇ।