ਆਖਰ FIR ਵਿੱਚੋਂ ਗਾਇਬ ਕਿਓਂ ਹੋ ਗਈ ਗੱਭਰੂ ਨੌਜਵਾਨ ਦੀ ਲਾਸ਼ ਨੂੰ ਠਿਕਾਨੇ ਲਗਾਉਣ ਵਾਲੀ ਔਰਤ ?
ਮਾਮਲਾ ਸੰਗੀਨ ਹੈ ਇਸ ਲਈ ਇਸ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ : SSP
ਰੋਹਿਤ ਗੁਪਤਾ
ਗੁਰਦਾਸਪੁਰ 6 ਮਈ 2024 : ਇੱਕ ਬੇਹਦ ਸਨਸਨੀਖੇਜ ਮਾਮਲੇ ਵਿੱਚ ਪੁਲਿਸ ਜਿਲਾ ਗੁਰਦਾਸਪੁਰ ਦੇ ਥਾਣਾ ਤਿਬੜ ਪੁਲਿਸ ਦੀ ਕਾਰਵਾਈ ਸਵਾਲਾਂ ਦੇ ਘੇਰੇ ਵਿੱਚ ਹੈ। ਤਿੱਬੜ ਪੁਲਿਸ ਵੱਲੋਂ ਕਨੇਡਾ ਤੋਂ ਵਾਪਸ ਪਰਤੇ ਇੱਕ ਸੋਹਣੇ ਸੁਨੱਖੇ ਗੱਭਰੂ ਨੌਜਵਾਨ ਦੀ ਲਾਸ਼ ਨੂੰ ਠਿਕਾਣੇ ਲਗਾ ਰਹੀ ਅਤੇ ਹਰ ਸੀ ਸੀ ਟੀ ਵੀ ਵਿੱਚ ਸਾਫ ਨਜ਼ਰ ਆ ਰਹੀ ਇੱਕ ਔਰਤ ਨੂੰ ਐਫਆਈਆਰ ਵਿੱਚੋਂ ਗਾਇਬ ਕਰ ਦਿੱਤਾ ਗਿਆ ਹੈ। ਹਾਲਾਂਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਪਹਿਲਾਂ ਇਸ ਨੂੰ ਕਤਲ ਕਰਾਰ ਨਹੀਂ ਦਿੱਤਾ ਜਾ ਸਕਦਾ ਪਰ ਜਾਹਰ ਤੌਰ ਤੇ ਲਾਸ਼ ਨੂੰ ਠਿਕਾਨੇ ਲਗਾਉਣ ਵਾਲੇ ਵਿਅਕਤੀ ਸੰਗੀਨ ਜੁਰਮ ਕਰ ਰਹੇ ਹਨ ਅਤੇ ਤਿਬੜੀ ਪੁਲਿਸ ਵੱਲੋਂ ਮਾਮਲਾ ਵੀ ਕਤਲ ਦੀਆਂ ਧਾਰਾਵਾਂ ਦੇ ਤਹਿਤ ਦਰਜ ਕੀਤਾ ਗਿਆ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਵੱਲੋਂ ਵੀਡੀਓ ਵਿੱਚ ਨਜ਼ਰ ਆ ਰਹੇ ਨੌਜਵਾਨ ਨੂੰ ਤਾਂ ਕਤਲ ਦੇ ਦੋਸ਼ ਹੇਠ ਗ੍ਰਿਫਤਾਰ ਕਰਕੇ ਉਸ ਦਾ ਪੁਲਿਸ ਰਿਮਾਂਡ ਲੈ ਕੇ ਪੁੱਛ ਗਿੱਛ ਕੀਤੀ ਗਈ ਅਤੇ ਬਾਅਦ ਵਿੱਚ ਜੇਲ ਵੀ ਭੇਜ ਦਿੱਤਾ ਗਿਆ ਪਰ ਹਜੇ ਤੱਕ ਪੁਲਿਸ ਵੱਲੋਂ ਉਸ ਦੇ ਨਾਲ ਲਾਸ਼ ਨੂੰ ਠਿਕਾਣੇ ਲਗਾਉਂਦੀ ਨਜ਼ਰ ਆ ਰਹੀ ਔਰਤ ਨੂੰ ਮਾਮਲੇ ਵਿੱਚ ਨਾਮਜਦ ਨਹੀਂ ਕੀਤਾ ਗਿਆ ਹੈ।
ਦੱਸ ਦਈਏ ਕਿ 22 ਅਪ੍ਰੈਲ ਨੂੰ 26 ਸਾਲ ਦੇ ਨੌਜਵਾਨ ਜਸ਼ਨਪ੍ਰੀਤ ਵਾਸੀ ਪਿੰਡ ਕੋਟ ਕੇਸਰਾ ਸਿੰਘ, ਥਾਣਾ ਚੰਡੇਰ, ਫਤਿਹਗੜ੍ਹ ਚੂੜੀਆਂ ਜੋ ਕਨੇਡਾ ਤੋਂ ਕੁਝ ਦਿਨ ਪਹਿਲਾਂ ਹੀ ਵਾਪਸ ਪਰਤਿਆ ਸੀ ਦੀ ਲਾਸ਼ ਥਾਣਾ ਤਿੱਬੜ ਦੇ ਤਹਿਤ ਆਉਂਦੇ ਪਿੰਡ ਕੋਠੇ ਤੋਂ ਸੜਕ ਕਿਨਾਰੇ ਛੋਟੀ ਜਿਹੀ ਖੱਡ ਵਿੱਚੋਂ ਮਿਲੀ ਸੀ। ਪਰਿਵਾਰ ਅਨੁਸਾਰ ਮ੍ਰਿਤਕ ਨੌਜਵਾਨ ਇਹ ਕਹਿ ਕੇ ਘਰੋਂ ਗਿਆ ਸੀ ਕਿ ਉਹ ਆਪਣੇ ਦੋਸਤ ਦੇ ਜਨਮਦਿਨ ਦੀ ਪਾਰਟੀ ਵਿੱਚ ਜਾ ਰਿਹਾ ਹੈ।ਬਾਅਦ ਵਿੱਚ ਇੱਕ ਵੀਡੀਓ ਵੀ ਸਾਹਮਣੇ ਆਈ ਜਿਸ ਵਿੱਚ ਇੱਕ ਨੌਜਵਾਨ ਅਤੇ ਇੱਕ ਔਰਤ ਲਾਸ਼ ਨੂੰ ਖੱਡ ਵਿੱਚ ਸੁੱਟਦੇ ਨਜ਼ਰ ਆਏ ਸਨ। ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਮ੍ਰਿਤਕ ਨੌਜਵਾਨ ਦੇ ਦੋਸਤ ਗੁਰਪ੍ਰੀਤ ਸਿੰਘ ਗੋਲਡੀ ਵਾਸੀ ਪਿੰਡ ਸਰਾਵਾਂ ਥਾਣਾ ਸਦਰ ਗੁਰਦਾਸਪੁਰ ਅਤੇ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਗੁਰਪ੍ਰੀਤ ਸਿੰਘ ਗੋਲਡੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਪਰਿਵਾਰ ਵੱਲੋਂ ਔਰਤ ਦੀ ਪਹਿਚਾਨ ਉਜਾਗਰ ਕਰਨ ਦੇ ਬਾਵਜੂਦ ਲਾਸ਼ ਨੂੰ ਠਿਕਾਣੇ ਲਗਾਉਣ ਵਾਲੀ ਔਰਤ ਦੇ ਖਿਲਾਫ ਕੋਈ ਕਾਰਵਾਈ ਪੁਲਿਸ ਵੱਲੋਂ ਨਹੀਂ ਕੀਤੀ ਗਈ।
ਇਸ ਸਬੰਧ ਵਿੱਚ ਮ੍ਰਿਤਕ ਨੌਜਵਾਨ ਜਸ਼ਨਪ੍ਰੀਤ ਦੇ ਪਿਤਾ ਨਗਿੰਦਰ ਸਿੰਘ ਨੇ ਪੰਜਾਬ ਪੁਲਿਸ ਦੇ ਡੀਜੀਪੀ ਆਈਜੀ ਅਤੇ ਐਸਐਸਪੀ ਗੁਰਦਾਸਪੁਰ ਨੂੰ ਸ਼ਿਕਾਇਤ ਪੱਤਰ ਭੇਜਿਆ ਹੈ ਜਿਸ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਥਾਣਾ ਤਿਬੜ ਦੀ ਪੁਲਿਸ ਨੂੰ ਇਹ ਜਾਣਕਾਰੀ ਹੈ ਕਿ ਦੋਸ਼ੀ ਚਿੱਟੇ ਰੰਗ ਦੀ ਕਾਰ ਅਤੇ ਇੱਕ ਮੋਟਰਸਾਇਲ ਤੇ ਆਏ ਸਨ ਅਤੇ ਉਹਨਾਂ ਦੇ ਨਾਲ ਉਕਤ ਔਰਤ ਵੀ ਸੀ। ਵੀਡੀਓ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਉਹ ਜਸ਼ਨਪ੍ਰੀਤ ਦੀ ਲਾਸ਼ ਨੂੰ ਇੱਕ ਹੋਰ ਨੌਜਵਾਨ ਦੇ ਨਾਲ ਘਸੀਟ ਕੇ ਲਿਆ ਰਹੀ ਹੈ ਤੇ ਸੜਕ ਦੇ ਕਿਨਾਰੇ ਖੱਡ ਵਿੱਚ ਸੁੱਟ ਰਹੀ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮਬਰਾਂ ਅਨੁਸਾਰ ਔਰਤ ਦੀ ਪਹਿਚਾਨ ਕੀਤੀ ਜਾ ਚੁੱਕੀ ਹੈ ਪਰ ਮਾਮਲੇ ਦੀ ਤਫਤੀਸ਼ ਕਰ ਰਹੇ ਅਧਿਕਾਰੀ ਵੱਲੋਂ ਅਣਪਛਾਤੇ ਕਾਰਨਾਂ ਕਾਰਨ ਇਸ ਔਰਤ ਨੂੰ ਐਫਆਈਆਰ ਵਿੱਚ ਸ਼ਾਮਿਲ ਨਹੀਂ ਕੀਤਾ ਜਾ ਰਿਹਾ। ਪਿੰਡ ਬੱਬੇਹਾਲੀ ਦੇ ਰਹਿਣ ਵਾਲੇ ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰ ਮਲੂਕ ਸਿੰਘ ਅਤੇ ਮ੍ਰਿਤਕ ਜਸ਼ਨਪ੍ਰੀਤ ਦੇ ਪਿਤਾ ਨਗਿੰਦਰ ਸਿੰਘ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਚੋਣਾਂ ਦੇ ਦਿਨਾਂ ਵਿੱਚ ਪੁਲਿਸ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਪਰ ਜੇਕਰ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਆਪਣੇ ਨੌਜਵਾਨ ਪੁੱਤਰ ਦੇ ਕਤਲ ਦਾ ਇਨਸਾਫ ਲੈਣ ਲਈ ਸੰਘਰਸ਼ ਦੀ ਰਾਹ ਤੇ ਵੀ ਤੁਰਨ ਤੋਂ ਪਿੱਛੇ ਨਹੀਂ ਹਟਣਗੇ।
ਦੂਜੇ ਪਾਸੇ ਜਦੋਂ ਇਸ ਬਾਰੇ ਥਾਣਾ ਤਿਬੜ ਦੇ ਐਸ ਐਚ ਓ ਅੰਮ੍ਰਿਤ ਪਾਲ ਰੰਧਾਵਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਇਹ ਤਾਂ ਮੰਨਿਆ ਕਿ ਲਾਸ਼ ਨੂੰ ਠਿਕਾਣੇ ਲਗਾਉਣ ਵਾਲੀ ਔਰਤ ਵੀਡੀਓ ਵਿੱਚ ਨਜ਼ਰ ਆ ਰਹੀ ਹੈ ਪਰ ਨਾਲ ਹੀ ਕਿਹਾ ਕਿ ਔਰਤ ਦੀ ਪਹਿਚਾਨ ਪੂਰੀ ਤਰ੍ਹਾਂ ਨਾਲ ਉਜਾਗਰ ਨਹੀਂ ਹੋ ਪਾਈ ਹੈ। ਮਾਮਲੇ ਦੀ ਤਫਤੀਸ਼ ਚੱਲ ਰਹੀ ਹੈ ਅਤੇ ਤਫਤੀਸ਼ ਦੌਰਾਨ ਜੇ ਔਰਤ ਦੀ ਪਹਿਚਾਨ ਹੁੰਦੀ ਹੈ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਦੂਜੇ ਪਾਸੇ ਜਦੋਂ SSP ਦਾਅਮਾ ਹਰੀਸ਼ ਕੁਮਾਰ ਨੂੰ ਸ਼ਿਕਾਇਤ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਪੁਲਿਸ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਕਿਉਂਕਿ ਮਾਮਲੇ ਵਿੱਚ ਐਸਆਈਟੀ ਦਾ ਗਠਨ ਪਹਿਲਾਂ ਹੀ ਕੀਤਾ ਜਾ ਚੁੱਕਿਆ ਹੈ। ਮਾਮਲਾ ਸੰਗੀਨ ਹੈ ਇਸ ਲਈ ਇਸ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਵਿੱਚ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਬੇਸ਼ੱਕ ਉਹ ਔਰਤ ਹੀ ਕਿਉਂ ਨਾ ਹੋਵੇ ।