- ਪੰਜਾਬ ਸਰਕਾਰ ਵਲੋਂ ਵਪਾਰੀ ਵਰਗ ਨੂੰ ਰਾਹਤ ਦੇਣ ਲਈ ਓ.ਟੀ.ਐਸ. ਯੋਜਨਾ ਲਾਂਚ
ਹੁਸ਼ਿਆਰਪੁਰ, 12 ਜਨਵਰੀ 2021 - ਪੰਜਾਬ ਸਰਕਾਰ ਵਲੋਂ ਵਪਾਰੀ ਵਰਗ ਨੂੰ ਰਾਹਤ ਦੇਣ ਲਈ ਵਨ ਟਾਈਮ ਸੈਟੇਲਮੈਂਟ (ਓ.ਟੀ.ਐਸ) ਯੋਜਨਾ ਪੰਜਾਬ ਸਰਕਾਰ ਵਲੋਂ ਲੁਧਿਆਣਾ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਸ਼ੁਰੂ ਕੀਤੀ ਗਈ। ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਸਹਾਇਕ ਕਰ ਤੇ ਆਬਕਾਰੀ ਕਮਿਸ਼ਨਰ ਜਤਿੰਦਰ ਕੌਰ, ਅਵਤਾਰ ਸਿੰਘ ਕੰਗ ਅਤੇ ਵਪਾਰੀ ਵਰਗ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਤੋਂ ਵੀਡੀਓ ਕਾਂਨਫਰੰਸਿੰਗ ਰਾਹੀਂ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਗਈ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਇਸ ਯੋਜਨਾ ਨਾਲ ਛੋਟੇ ਅਤੇ ਦਰਮਿਆਨੇ ਵਪਾਰੀਆਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਸਾਰੇ ਕਾਰੋਬਾਰੀ, ਜਿਨ੍ਹਾਂ ਦੀ ਅਸੈਸਮੈਂਟ 31 ਦਸੰਬਰ 2020 ਤੱਕ ਕੀਤੀ ਜਾ ਚੁੱਕੀ ਹੈ, ਉਹ ਅਪ੍ਰੈਲ ਤੱਕ ਇਸ ਯੋਜਨਾ ਤਹਿਤ ਅਪਲਾਈ ਕਰ ਸਕਦੇ ਹਨ। ਕੋਵਿਡ-19 ਮਹਾਂਮਾਰੀ ਵਿੱਚ ਛੋਟੇ ਅਤੇ ਦਰਮਿਆਨੇ ਵਪਾਰੀਆਂ ’ਤੇ ਬਹੁਤ ਬੁਰਾ ਅਸਰ ਪਿਆ ਹੈ, ਜਿਸ ਦੇ ਚੱਲਦੇ ਪੰਜਾਬ ਸਰਕਾਰ ਨੇ ਵਪਾਰੀਆਂ ਨੂੰ ਟੈਕਸ ਦੇ ਅਸੈਸਮੈਂਟ ਕੇਸਾਂ ਦੇ ਏਰੀਅਰ ਤੋਂ ਰਾਹਤ ਦੇਣ ਲਈ ਵਨ ਟਾਈਮ ਸੈਟੇਲਮੈਂਟ ਯੋਜਨਾ ਦੀ ਘੋਸ਼ਣਾ ਕੀਤੀ ਹੈ।
ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਇਸ ਸਕੀਮ ਨਾਲ ਕਾਰੋਬਾਰੀਆਂ ਨੂੰ ਜ਼ੁਰਮਾਨੇ ਦੇ ਇਲਾਵਾ ਟੈਕਸ ਤੋਂ ਵੀ ਛੋਟ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਆਉਣ ਵਾਲੇ ਹਰ ਯੋਗ ਕਾਰੋਬਾਰੀ ਨੂੰ ਇਸ ਯੋਜਨਾ ਦਾ ਲਾਭ ਦੇਣ ਲਈ ਸਬੰਧਤ ਵਿਭਾਗਾਂ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ’ਤੇ ਆਬਕਾਰੀ ਅਤੇ ਕਰ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਵਪਾਰੀ ਵੀ ਹਾਜ਼ਰ ਸਨ।