ਨਵਾਂਸ਼ਹਿਰ, 20 ਜਨਵਰੀ 2021 - ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਵੱਲੋਂ ਅੱਜ ਸਰਬੰਸਦਾਨੀ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ "ਰੋਗੀ ਕਾ ਪ੍ਰਭ ਖੰਡਹੁ ਰੋਗ" ਕੈਂਪ ਗੁਰਦੁਆਰਾ ਸਿੰਘ ਸਭਾ ਘਾਟੀ ਤੇਲੀਆਂ ਵਿਖੇ ਲਗਾਇਆ ਗਿਆ। ਇਸ ਕੈਂਪ ਦੌਰਾਨ ਡਾ: ਦਲਜੀਤ ਸਿੰਘ ਅਤੇ ਡਾ: ਸੂਰਜ ਬਾਲੀ ਵਲੋਂ ਵੱਡੀ ਗਿਣਤੀ ਵਿਚ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਸਾਰੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ।
ਇਸ ਤੋਂ ਇਲਾਵਾ ਹੋਮਿਓਪੈਥਿਕ ਡਾ: ਰਾਜ ਕੁਮਾਰ ਦੀ ਅਗਵਾਈ ਹੇਠ ਮਰੀਜ਼ਾਂ ਦਾ ਚੈੱਕ ਅੱਪ ਵੀ ਕੀਤਾ ਗਿਆ ਅਤੇ ਹੋਰ ਦਵਾਈਆਂ ਦੇ ਨਾਲ ਨਾਲ ਕਰੋਨਾ ਵਿਰੁੱਧ ਇਮਊਨਟੀ ਬੂਸਟਰ ਦਵਾਈ ਵੀ ਮੁਫਤ ਵੰਡੀ ਗਈ। ਕੈਂਪ ਦੌਰਾਨ ਲੋਕਾਂ ਦੇ ਸ਼ੂਗਰ ਅਤੇ ਯੂਰਿਕ ਐਸਿਡ ਖੂਨਜਾਂਚ ਟੈਸਟ ਫ੍ਰੀ ਕੀਤੇ ਗਏ ਜਦ ਕਿ ਬਾਕੀ ਟੈਸਟ ਵੀ ਬਹੁਤ ਘੱਟ ਰੇਟਾਂ ਤੇ ਉਪਲੱਬਧ ਕਰਵਾਏ ਗਏ।
ਇਸ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦਸਿਆ ਕਿ ਸੁਸਾਇਟੀ ਹਮੇਸ਼ਾਂ ਹੀ ਮਨੁੱਖਤਾ ਦੀ ਭਲਾਈ ਦੇ ਕੰਮਾਂ ਲਈ ਤੱਤਪਰ ਰਹਿੰਦੀ ਹੈ ਅਤੇ ਪਿਛਲੇ ਮਹੀਨਿਆਂ ਦੌਰਾਨ ਕਰੋਨਾ ਮਹਾਂਮਾਰੀ ਤੋਂ ਬਚਾਅ ਅਤੇ ਇਸਦੇ ਉਪਚਾਰ ਲਈ ਅਲੱਗ ਅਲੱਗ ਪਿੰਡਾਂ ਵਿੱਚ 30 ਤੋਂ ਵੱਧ ਅਜਿਹੇ ਕੈਂਪ ਲਗਾ ਚੁੱਕੀ ਹੈ। ਉਨ੍ਹਾਂ ਨੇ ਸੰਗਤਾਂ ਵੱਲੋਂ ਸੁਸਾਇਟੀ ਨੂੰ ਮਿਲ ਰਹੇ ਸਹਿਯੋਗ ਲਈ ਧੰਨਵਾਦ ਕੀਤਾ।
ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਬਲਵੰਤ ਸਿੰਘ ਸੋਇਤਾ, ਜਗਦੀਪ ਸਿੰਘ, ਪ੍ਰੀਤਮ ਸਿੰਘ ਹੁੰਦਲ, ਸੁਖਦੇਵ ਸਿੰਘ ਮਾਨ ਤਰਲੋਚਨ ਸਿੰਘ, ਦਿਲਬਾਗ ਸਿੰਘ ਪਰਮਿੰਦਰ ਸਿੰਘ, ਮਨਮੋਹਨ ਸਿੰਘ, ਸੁਖਵਿੰਦਰ ਸਿੰਘ ਛੀਨਾ, ਪਰਮਜੀਤ ਸਿੰਘ ਛੀਨਾ, ਜਗਜੀਤ ਸਿੰਘ ਬਾਟਾ, ਗਿਆਨ ਚੰਦ , ਗੁਰਦੇਵ ਸਿੰਘ ਅਤੇ ਸੁਖਵਿੰਦਰ ਸਿੰਘ ਸਿਆਣ ਵੀ ਹਾਜਰ ਸਨ।