ਸਸ਼ਤਰ ਸੀਮਾ ਬਲ ਦੀ ਸਾਈਕਲ ਰੈਲੀ ਦਾ ਰੂਪਨਗਰ ਪੈਡਲਰਜ਼ ਅਤੇ ਰਨਰਜ਼ ਐਸੋਸੀਏਸ਼ਨ ਵੱਲੋਂ ਸਵਾਗਤ
ਰੂਪਨਗਰ, ਬਾਬੂਸ਼ਾਹੀ ਨੈੱਟਵਰਕ- 'ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ' ਤਹਿਤ ਸਸ਼ਤਰ ਸੀਮਾ ਬਲ ਵਲੋਂ ਕਾਂਗੜਾ (ਹਿਮਾਚਲ ਪ੍ਰਦੇਸ਼) ਤੋਂ ਰਾਜ ਘਾਟ , ਦਿੱਲੀ ਤੱਕ ਕੀਤੀ ਜਾ ਰਹੀ ਸਾਈਕਲ ਰੈਲੀ ਦਾ ਰੂਪਨਗਰ ਵਿਖੇ ਪਹੁੰਚਣ ਤੇ ਰੂਪਨਗਰ ਪੈਡਲਰਜ਼ ਅਤੇ ਰਨਰਜ਼ ਐਸੋਸੀਏਸ਼ਨ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਰੂਪਨਗਰ ਪਹੁੰਚੀ ਇਸ ਸਾਈਕਲ ਰੈਲੀ ਦੀ ਅਗਵਾਈ ਕਰ ਰਹੇ ਕਮਾਂਡ ਅਧਿਕਾਰੀ ਸ਼੍ਰੀ ਅਨਿਲ ਨਹਿਰਾ ਨੇ ਦੱਸਿਆ ਕਿ ਇਹ ਸਾਈਕਲ ਰੈਲੀ ਕੇਂਦਰਿਤ ਸਿਖਲਾਈ ਕੇਂਦਰ, ਕਾਂਗੜਾ ਤੋਂ ਸ਼ੁਰੂ ਹੋਈ ਹੈ ਅਤੇ ਇਸ ਸਾਈਕਲ ਰੈਲੀ ਵਿੱਚ 15 ਸਾਇਕਲਿਸਟ ਭਾਗ ਲੈ ਰਹੇ ਹਨ ਜੋ ਕਿ ਰਾਜਘਟ ਦਿੱਲੀ ਤੱਕ 550 ਕਿਲੋਮੀਟਰ ਦਾ ਸਫ਼ਰ ਤੈਅ ਕਰਨਗੇ। ਉਹਨਾਂ ਦੱਸਿਆ ਕਿ ਭਾਰਤ-ਨੇਪਾਲ ਅਤੇ ਭਾਰਤ-ਭੂਟਾਨ ਸਰਹੱਦਾਂ ਤੇ ਸੇਵਾਵਾਂ ਦੇ ਰਹੇ ਸਸ਼ਤਰ ਸੀਮਾ ਬਲ ਵਲੋਂ ਇਸ ਤਰਾਂ ਦੀਆਂ 10 ਸਾਈਕਲ ਰੈਲੀਆਂ ਪੂਰੇ ਹਿੰਦੋਸਤਾਨ ਦੇ ਵੱਖ - ਵੱਖ ਥਾਂਵਾਂ ਤੋਂ ਕੱਢੀਆਂ ਗਈਆਂ ਹਨ , ਜੋ ਕਿ 2 ਅਕਤੂਬਰ ਨੂੰ ਰਾਜ ਘਾਟ ਪੁੱਜਣਗੀਆਂ ਅਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਨੂੰ ਸ਼ਰਧਾਂਜਲੀ ਭੇਂਟ ਕਰਨਗੇ।
ਸੋਮਵਾਰ ਨੂੰ ਦੂਜੇ ਦਿਨ ਦੇ ਪੜਾਅ ਲਈ ਸਾਈਕਲ ਰੈਲੀ ਦੇਰ ਸ਼ਾਮ ਹੈੱਡ ਵਰਕਸ ਰੂਪਨਗਰ ਪਹੁੰਚੀ ਜਿੱਥੇ ਸਾਈਕਲ ਸਵਾਰਾਂ ਦਾ ਫੁੱਲ ਮਾਲਾਵਾਂ ਪਹਿਨਾ ਕੇ ਐਸੋਸੀਏਸ਼ਨ ਦੇ ਮੈਬਰਾਂ ਨੇ ਸਵਾਗਤ ਕੀਤਾ ਗਿਆ। ਇਸ ਸਵਾਗਤ ਮੌਕੇ ਯਸ਼ਵੰਤ ਬਸੀ, ਸ਼ਿਵ ਕੁਮਾਰ ਸੈਣੀ, ਜਗਦੀਪ ਸਿੱਧੂ, ਅਵਤਾਰ ਕ੍ਰਿਸ਼ਨ, ਸਰਪੰਚ ਅਜਮੇਰ ਸਿੰਘ ਲੋਧੀਮਾਜਰਾ, ਐਡਵੋਕੇਟ ਦਿਨੇਸ਼ ਚੱਢਾ, ਇੰਦਰਜੀਤ ਸਿੰਘ ਬਾਲਾ, ਅਸ਼ੋਕ ਖਾਲਸਾ, ਸੁਖਵਿੰਦਰ ਸਿੰਘ ਸੈਣੀ, ਜ਼ਿਲਾ ਯੂਥ ਕੋਆਰਡੀਨੇਟਰ ਪੰਕਜ ਯਾਦਵ, ਅਮਨਦੀਪ ਸਿੰਘ, ਡਾ ਕੇ ਐਸ ਦੇਵ, ਹਰਿੰਦਰ ਸਿੰਘ , ਗੁਰਦਿੱਤ ਬਾਲਾ ਆਦਿ ਮੌਜੂਦ ਰਹੇ।
ਮੰਗਲਵਾਰ ਸਵੇਰੇ ਸਸ਼ਤਰ ਸੀਮਾ ਬਲ ਦੇ ਰਿਟਾਇਰਡ IG ਹਰਬੰਸ ਸਿੰਘ ਦੇਵ ਵਲੋਂ ਝੰਡੀ ਦਿਖਾ ਕੇ ਸਾਈਕਲ ਰੈਲੀ ਨੂੰ ਅਗਲੇ ਪੜਾਅ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਗੁਰਬਚਨ ਸਿੰਘ ਸੋਢੀ, ਰੋਟਰੀ ਕਲੱਬ ਦੇ ਪ੍ਰਧਾਨ ਹਰਸਿਮਰਨ ਸਿੰਘ ਸਿੱਟਾ, ਡਾ IS ਤਿਆਗੀ, ਪਰਵਿੰਦਰ ਸਿੰਘ, ਜੋਗਾ ਸਿੰਘ, ਗੁਰਦਿੱਤ ਸਿੰਘ, ਸਤੀਸ਼ ਠਾਕੁਰ ਆਦਿ ਮੌਜੂਦ ਰਹੇ। ਇਸ ਉਪਰੰਤ ਇਹ ਸਾਈਕਲ ਰੈਲੀ ਰੋਪੜ ਵਿਚੋਂ ਦੀ ਲੰਘਦੀ ਹੋਈ ਸ਼ਹੀਦ ਭਗਤ ਸਿੰਘ ਚੌਂਕ ਪਹੁੰਚੀ ਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਅਤੇ ਦੇਸ਼ ਭਗਤੀ ਦੇ ਨਾਅਰੇ ਲਗਾਏ ਗਏ ਇਸ ਉਪਰੰਤ ਇਹ ਸਾਈਕਲ ਰੈਲੀ ਆਪਣੀ ਅਗਲੀ ਮੰਜ਼ਿਲ ਵੱਲ ਵਧ ਗਈ।