ਮੋਹਾਲੀ ਇੰਪਲਾਈਜ਼ ਸੋਸਾਇਟੀ ਸੈਕਟਰ 68 ਵੱਲੋਂ ‘ਆਪ’ ਉਮੀਦਵਾਰ ਕੁਲਵੰਤ ਸਿੰਘ ਨੂੰ ਸਮਰਥਨ
ਹਰਜਿੰਦਰ ਸਿੰਘ ਭੱਟੀ
- ਪ੍ਰਾਪਰਟੀ ਟੈਕਸ ਮੁਆਫ਼ ਕਰਨ ਦਾ ਕੋਰਾ ਝੂਠ ਅਤੇ ਪਾਣੀ ਦੇ ਬਿਲਾਂ ਵਿੱਚ ਕੀਤਾ ਵਾਧਾ ਸਿੱਧੂ ਨੂੰ ਲੈ ਬੈਠੇਗਾ : ਰਮਨਪ੍ਰੀਤ ਕੌਰ ਕੁੰਭਡ਼ਾ
ਮੋਹਾਲੀ, 25 ਜਨਵਰੀ 2022 - ਸ਼ਹਿਰ ਮੋਹਾਲੀ ਦੇ ਲੋਕਾਂ ਨੂੰ ਪੰਜ ਸਾਲ ਪਹਿਲਾਂ ਪ੍ਰਾਪਰਟੀ ਟੈਕਸ ਬਿਲਕੁਲ ਮੁਆਫ਼ ਕਰਵਾਉਣ ਦਾ ਝੂਠਾ ਵਾਅਦਾ ਕਰਕੇ ਸੱਤਾ ਹਥਿਆਉਣ ਵਾਲੇ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਇਸ ਵਾਰ ਉਸ ਦਾ ਝੂਠ ਬੋਲਣਾ ਹੀ ਲੈ ਬੈਠੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਨਿਗਮ ਮੋਹਾਲੀ ਦੇ ਵਾਰਡ ਨੰਬਰ 28 ਤੋਂ ਕੌਂਸਲਰ ਬੀਬੀ ਰਮਨਪ੍ਰੀਤ ਕੌਰ ਕੁੰਭਡ਼ਾ ਨੇ ਸੈਕਟਰ 68 ਵਿੱਚ ਮੋਹਾਲੀ ਇੰਪਲਾਈਜ਼ ਸੋਸਾਇਟੀ ਦੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਦੇ ਹੱਕ ਵਿੱਚ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਸੋਸਾਇਟੀ ਦੇ ਵਸਨੀਕਾਂ ਵੱਲੋਂ ਸ੍ਰ. ਕੁਲਵੰਤ ਸਿੰਘ ਨੂੰ ਸਿਰੋਪਾ ਭੇਂਟ ਕਰਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ।
ਕੌਂਸਲਰ ਬੀਬੀ ਕੁੰਭਡ਼ਾ ਨੇ ਕਿਹਾ ਕਿ ਪ੍ਰਾਪਰਟੀ ਟੈਕਸ ਵਾਲੇ ਮੁੱਦੇ ਉਤੇ ਕੋਰਾ ਝੂਠ ਬੋਲਣ ਵਾਲੇ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਕਾਰਜਕਾਲ ਵਿੱਚ ਹੀ ਗਮਾਡਾ ਦੇ ਸੈਕਟਰਾਂ 66 ਤੋਂ 80 ਵਿੱਚ ਪਾਣੀ ਦੇ ਬਿਲਾਂ ਵਿੱਚ ਸਾਢੇ ਪੰਜ ਗੁਣਾਂ ਵਾਧਾ ਕੀਤਾ ਗਿਆ। ਇਨ੍ਹਾਂ ਸੈਕਟਰਾਂ ਦੇ ਵਸਨੀਕਾਂ ਨੇ ਪੰਜ-ਪੰਜ ਗੁਣਾਂ ਵੱਧ ਰੇਟਾਂ ਦਾ ਸੰਤਾਪ ਆਪਣੇ ਪਿੰਡੇ ਉਤੇ ਹੰਢਾਇਆ ਪ੍ਰੰਤੂ ਕਾਂਗਰਸੀ ਵਿਧਾਇਕ ਨੇ ਰੇਟ ਘਟਾਉਣ ਲਈ ਕੋਈ ਯਤਨ ਨਹੀਂ ਕੀਤੇ।
ਮਜ਼ਬੂਰ ਹੋ ਕੇ ਕਈ ਕੌਂਸਲਰਾਂ ਨੇ ਮੋਹਾਲੀ ਅਦਾਲਤ ਵਿੱਚ ਕੇਸ ਦਾਇਰ ਕਰਕੇ ਪਾਣੀ ਦੇ ਵਧੇ ਰੇਟ ਵਾਪਿਸ ਕਰਵਾਏ। ਹੁਣ ਵੀ ਕਾਂਗਰਸ ਤੋਂ ਵਿਰੋਧੀ ਕੌਂਸਲਰਾਂ ਨੇ ਬਿਲਾਂ ਵਿੱਚ ਲੋਕਾਂ ਦਾ ਵਸੂਲਿਆ ਗਿਆ ਵਾਧੂ ਪੈਸਾ ਰਿਫ਼ੰਡ ਕਰਵਾਉਣ ਲਈ ਅਦਾਲਤ ਵਿੱਚ ਵੱਖਰਾ ਕੇਸ ਦਾਇਰ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਝੂਠ ਤੂਫ਼ਾਨ ਬੋਲ ਕੇ ਵੋਟਾਂ ਹਥਿਆਉਣ ਵਾਲੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੂੰ ਸਵਾਲ ਕੀਤੇ ਜਾਣਗੇ ਅਤੇ ਬੁਰੀ ਤਰ੍ਹਾਂ ਹਰਾਇਆ ਜਾਵੇਗਾ ਅਤੇ ਸਾਫ਼ ਸੁਥਰੀ ਛਵੀ ਵਾਲੇ ਨੇਕ ਅਤੇ ਇਮਾਨਦਾਰ ਉਮੀਦਵਾਰ ਕੁਲਵੰਤ ਸਿੰਘ ਨੂੰ ਚੋਣ ਜਿਤਾ ਕੇ ਆਮ ਆਦਮੀ ਪਾਰਟੀ ਦੇ ਹੱਥ ਮਜ਼ਬੂਤ ਕੀਤੇ ਜਾਣਗੇ।
ਇਸ ਮੌਕੇ ਇੰਪਲਾਈਜ਼ ਸੋਸਾਇਟੀ ਦੇ ਅਹੁਦੇਦਾਰਾਂ ਵਿੱਚ ਨਾਜਰ ਸਿੰਘ, ਸਾਗਰ ਸਿੰਘ, ਸੁਖਦੇਵ ਸਿੰਘ, ਜਸਵਿੰਦਰ ਸਿੰਘ, ਪਰਮਜੀਤ ਸਿੰਘ, ਸਵਰਨ ਸਿੰਘ, ਸੁਰਿੰਦਰ ਕੌਰ, ਰੀਟਾ ਮੈਡਮ, ਰਿਪਨਾ ਆਦਿ ਨੇ ਉਮੀਦਵਾਰ ਕੁਲਵੰਤ ਸਿੰਘ ਨੂੰ ਭਰੋਸਾ ਦਿਵਾਇਆ ਕਿ ਇਸ ਵਾਰ ‘ਝਾਡ਼ੂ’ ਦੇ ਚੋਣ ਨਿਸ਼ਾਨ ਉਤੇ ਮੁਹਰਾਂ ਲਗਾ ਕੇ ਉਨ੍ਹਾਂ ਨੂੰ ਜਿਤਾਇਆ ਜਾਵੇਗਾ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਸੋਸਾਇਟੀ ਦਾ ਵੀ ਯੋਗਦਾਨ ਹੋਵੇਗਾ।