ਡੀ ਸੀ ਸੰਗਰੂਰ ਵੱਲੋਂ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਦੀ ਲੋੜ ’ਤੇ ਜ਼ੋਰ
- ਬਾਗਬਾਨੀ, ਡੇਅਰੀ, ਮੱਛੀ ਪਾਲਣ ਦੇ ਵੱਧ ਤੋਂ ਵੱਧ ਸਿਖਲਾਈ ਕੈਂਪ ਲਗਾਏ ਜਾਣ: ਜਤਿੰਦਰ ਜੋਰਵਾਲ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 24 ਮਈ, 2022: ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਾਗਬਾਨੀ, ਪਸ਼ੂ ਪਾਲਣ, ਡੇਅਰੀ ਵਿਕਾਸ, ਮੱਛੀ ਪਾਲਣ, ਮਧੂ ਮੱਖੀ ਪਾਲਣ ਜਿਹੇ ਸਹਾਇਕ ਕਿੱਤਿਆਂ ਨੂੰ ਪ੍ਰਫੁਲਿਤ ਕਰਨਾ ਸਮੇਂ ਦੀ ਅਹਿਮ ਲੋੜ ਹੈ ਤਾਂ ਜੋ ਸਾਡੇ ਕਿਸਾਨ ਖੇਤੀਬਾੜੀ ਦੇ ਨਾਲ ਨਾਲ ਇਹ ਸਹਾਇਕ ਧੰਦੇ ਅਪਣਾ ਕੇ ਆਪਣੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰ ਸਕਣ ਅਤੇ ਨਾਲ ਹੀ ਬੇਰੁਜ਼ਗਾਰ ਨੌਜਵਾਨ ਵੀ ਸਰਕਾਰੀ ਵਿਭਾਗਾਂ ਨਾਲ ਤਾਲਮੇਲ ਕਰਕੇ ਬੈਂਕਾਂ ਰਾਹੀਂ ਕਰਜ਼ੇ ਹਾਸਲ ਕਰਕੇ ਇਨਾਂ ਕਿੱਤਿਆਂ ਨਾਲ ਜੁੜ ਸਕਣ।
ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰੀ ਯੋਜਨਾਵਾਂ ਤਹਿਤ ਮਿਲਣ ਵਾਲੀਆਂ ਸਬਸਿਡੀਆਂ ਬਾਰੇ ਵਿਆਪਕ ਪੱਧਰ ਉਤੇ ਜਾਗਰੂਕਤਾ ਪੈਦਾ ਕੀਤੀ ਜਾਵੇ ਤਾਂ ਜੋ ਲੋੜਵੰਦ ਲਾਭਪਾਤਰੀ ਇਨਾਂ ਯੋਜਨਾਵਾਂ ਦਾ ਲਾਭ ਹਾਸਲ ਕਰ ਸਕਣ। ਸ਼੍ਰੀ ਜੋਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਸਹਾਇਕ ਧੰਦੇ ਦੀ ਪ੍ਰਫੁਲਤਾ ਵੀ ਅਜਿਹੇ ਯਤਨਾਂ ਦੀ ਹੀ ਇੱਕ ਅਹਿਮ ਹਿੱਸਾ ਹੈ।
ਉਨਾਂ ਕਿਹਾ ਕਿ ਕਿਸਾਨਾਂ ਨੂੰ ਫਸਲਾਂ ਦੇ ਰਵਾਇਤੀ ਕਣਕ ਤੇ ਝੋਨੇ ਦੇ ਚੱਕਰ ਵਿੱਚੋਂ ਕੱਢਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ ਅਤੇ ਹੁਣ ਤੱਕ ਜਿੰਨੇ ਵੀ ਕਿਸਾਨਾਂ ਜਾਂ ਹੋਰ ਵਿਅਕਤੀਆਂ ਨੇ ਸਹਾਇਕ ਕਿੱਤਿਆਂ ਵਿੱਚ ਤਕਨੀਕੀ ਆਧਾਰ ’ਤੇ ਮਿਹਨਤ ਕੀਤੀ ਹੈ ਉਨਾਂ ਨੇ ਮੁਨਾਫ਼ਾ ਹੀ ਕਮਾਇਆ ਹੈ। ਸ਼੍ਰੀ ਜੋਰਵਾਲ ਨੇ ਇਨਾਂ ਵਿਭਾਗਾਂ ਨੂੰ ਪਿੰਡਾਂ, ਕਸਬਿਆਂ ਤੱਕ ਪਹੰੁਚ ਕਰਦੇ ਹੋਏ ਵੱਧ ਤੋਂ ਵੱਧ ਸਿਖਲਾਈ ਕੈਂਪ ਲਗਾਉਣ ਦੀ ਹਦਾਇਤ ਕੀਤੀ ਤਾਂ ਜੋ ਕੋਈ ਵੀ ਹੁਨਰਮੰਦ ਵਿਅਕਤੀ ਸਹਾਇਕ ਕਿੱਤਿਆਂ ਨਾਲ ਜੁੜ ਕੇ ਆਪਣੀ ਵਿੱਤੀ ਮਜ਼ਬੂਤੀ ਲਈ ਉਦਮ ਕਰ ਸਕੇ।
ਇਸ ਮੌਕੇ ਏ.ਡੀ.ਸੀ ਵਿਕਾਸ ਵਰਜੀਤ ਵਾਲੀਆ, ਐੱਸ.ਡੀ.ਐੱਮ ਚਰਨਜੋਤ ਸਿੰਘ, ਐੱਸ.ਡੀ.ਐੱਮ ਸੁਨਾਮ ਜਸਪ੍ਰੀਤ ਸਿੰਘ, ਐੱਸ.ਡੀ.ਐੱਮ ਧੂਰੀ ਅਮਿਤ ਸਿੰਗਲਾ, ਐੱਸ.ਡੀ.ਐੱਮ ਦਿੜਬਾ ਰਾਜੇਸ਼ ਸ਼ਰਮਾ, ਸਹਾਇਕ ਕਮਿਸ਼ਨਰ ਦੇਵਦਰਸ਼ਦੀਪ ਸਿੰਘ ਵੀ ਹਾਜ਼ਰ ਸਨ।