ਪੁਰਾਣੀ ਪੈਨਸ਼ਨ ਬਹਾਲੀ ਦੇ ਆਪਣੇ ਵਾਅਦੇ ਤੋਂ ਮੁੱਕਰੀ ਭਗਵੰਤ ਮਾਨ ਸਰਕਾਰ - ਰਾਜੇਸ਼ ਬੱਬੀ
ਰੋਹਿਤ ਗੁਪਤਾ
ਗੁਰਦਾਸਪੁਰ 25 ਜੂਨ 2022 - ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈਕੇ ਕੀਤੇ ਵਾਅਦੇ ਤੋਂ ਅੱਜ ਭਗਵੰਤ ਮਾਨ ਸਰਕਾਰ ਮੁੱਕਰ ਗਈ ਹੈ। ਬਜਟ ਸੈਸ਼ਨ ਦੌਰਾਨ ਆਮ ਸਭਾ ਦੇ ਸਪੀਕਰ ਨੇ ਇਸ ਗੱਲ ਤੇ ਖੇਦ ਜਤਾਇਆ ਕਿ ਇਸ ਮੁੱਦੇ ਤੇ ਕੋਈ ਗੱਲ ਨਹੀਂ ਕੀਤੀ ਗਈ ਜਦੋਂ ਇਸ ਦੇ ਹੱਕ ਵਿੱਚ ਬੋਲਣ ਵਾਲਿਆਂ ਨੂੰ ਹਾਂ ਲਿਖਣ ਅਤੇ ਵਿਰੋਧ ਵਿੱਚ ਬੋਲਣ ਵਾਲਿਆਂ ਨੂੰ ਨਾਂਹ ਲਿਖਣ ਲਈ ਸਪੀਕਰ ਵੱਲੋਂ ਕਿਹਾ ਗਿਆ ਤਾਂ ਅਫਸੋਸ ਕਿ ਭਗਵੰਤ ਮਾਨ ਸਰਕਾਰ ਦੇ ਇੱਕ ਵੀ ਐਮ.ਐਲ.ਏ. ਨੇ ਪੁਰਾਣੀ ਪੈਨਸ਼ਨ ਦੀ ਬਹਾਲੀ ਦੇ ਹੱਕ ਵਿੱਚ ਹਾਂ ਨਹੀਂ ਲਿਖੀ।
ਇਸ ਗੱਲ ਦਾ ਪ੍ਰਗਟਾਵਾ ਉੱਘੇ ਸਮਾਜ ਸੇਵਕ ਅਤੇ ਅਧਿਆਪਕ ਆਗੂ ਰਾਜੇਸ਼ ਬੱਬੀ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਕੀਤਾ।
ਉਨ੍ਹਾਂ ਦੱਸਿਆ ਕਿ ਭਗਵੰਤ ਮਾਨ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਇੱਕ ਵਾਅਦਾ ਕੀਤਾ ਸੀ ਕਿ ਜੇਕਰ ਪੰਜਾਬ ਵਿਚ ਆਮ ਆਦਮੀ ਦੀ ਸਰਕਾਰ ਬਣਦੀ ਹੈ ਤਾਂ ਓਹਨਾ ਦੀ ਸਰਕਾਰ ਪਹਿਲੇ ਹੀ ਬਜਟ ਸੈਸ਼ਨ ਵਿੱਚ ਮਤਾ ਪਾਸ ਕਰਕੇ ਮੁਲਾਜ਼ਮਾਂ ਨੂੰ ਇੱਕ ਵੱਡਾ ਤੋਹਫਾ ਦੇਵੇਗੀ।
ਹੁਣ ਮੌਕੇ ਤੇ ਸਰਕਾਰ ਵੱਲੋਂ ਇਸ ਸਬੰਧੀ ਹੱਥ ਖਿੱਚ ਲੈਣ ਨਾਲ ਸਰਕਾਰ ਨੇ ਮੁਲਾਜ਼ਮਾਂ ਨਾਲ ਧੋਖਾ ਕੀਤਾ ਹੈ। ਜਿਸਨੂੰ ਲੈਕੇ ਮੁਲਾਜ਼ਮ ਆਰ ਪਾਰ ਦੀ ਲੜਾਈ ਲਈ ਤਿਆਰ ਹੋ ਗਏ ਹਨ। ਜਿਸਨੂੰ ਲੈਕੇ ਆਉਣ ਵਾਲੇ ਦਿਨਾਂ ਵਿੱਚ ਮਾਨ ਸਰਕਾਰ ਨੂੰ ਮੁਲਾਜ਼ਮਾਂ ਦੇ ਸੰਘਰਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ।