ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਵੱਲੋਂ ਈਟੀਟੀ ਟੈੱਟ ਪਾਸ ਬੇਰੁਜ਼ਗਾਰ 2364 ਅਧਿਆਪਕਾਂ ਦੇ ਸੰਘਰਸ਼ ਦੀ ਜ਼ੋਰਦਾਰ ਹਮਾਇਤ
- ਸੁਰਿੰਦਰਪਾਲ ਗੁਰਦਾਸਪੁਰ ਅਤੇ ਸੁਖਚੈਨ ਸਿੰਘ ਮਾਨਸਾ ਦਾ ਮਰਨ ਵਰਤ ਪੰਜਵੇਂ ਦਿਨ 'ਚ ਹੋਇਆ ਦਾਖਲ
- ਮਰਨ ਵਰਤ ਤੇ ਬੈਠੇ ਸੁਰਿੰਦਰ ਪਾਲ ਅਤੇ ਸੁਖਚੈਨ ਮਨਸਾ ਦੀ ਸ਼ੂਗਰ ਲੈਵਲ ਘਟਿਆ; ਟੀਮ ਵੱਲੋਂ ਮੈਡੀਕਲ ਚੈੱਕਅਪ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 06 ਅਕਤੂਬਰ, 2022: ਈਟੀਟੀ ਟੈੱਟ ਪਾਸ ਬੇਰੁਜ਼ਗਾਰ 2364 ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੀਐਮ ਸਿਟੀ ਸੰਗਰੂਰ ਦੇ ਡੀਸੀ ਦਫ਼ਤਰ ਦੇ ਬਾਹਰ ਸੁਰਿੰਦਰਪਾਲ ਗੁਰਦਾਸਪੁਰ ਅਤੇ ਸੁਖਚੈਨ ਸਿੰਘ ਮਾਨਸਾ ਵੱਲੋਂ ਅਪਣਾ ਮਰਨ ਵਰਤ ਅੱਜ ਪੰਜਵੇਂ ਦਿਨ ਵਿਚ ਪ੍ਰਵੇਸ਼ ਕਰ ਚੁੱਕਾ ਹੈ। ਅੱਜ ਡੈਮੋਕ੍ਰੇਟਿਕ ਟੀਚਰ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਆਪਣੇ ਸਾਥੀਆਂ ਦੇ ਨਾਲ ਇਸ ਧਰਨੇ ਦਾ ਸਮਰੱਥਨ ਦੇਣ ਲਈ ਪਹੁੰਚੇ, ਜਿਸ ਵਿਚ ਡੀਟੀ ਐੱਫ ਦੇ ਆਗੂ ਅਮਨ ਵਸ਼ਿਸ਼ਟ, ਕਮਲ ਬਨਭੌਰਾ, ਪਰਮਿੰਦਰ ਸਿੰਘ ਨਾਭਾ ਅਤੇ ਸੁਖਵਿੰਦਰ ਗਿਰ ਸਾਮਲ ਸਨ।
ਇਸ ਮੌਕੇ ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਈਟੀਟੀ 2364 ਅਧਿਆਪਕਾ ਦੀ ਮੰਗਾ ਵੱਲ ਧਿਆਨ ਨਹੀਂ ਦੇ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਾਹੀਦਾ ਹੈ ਕਿ ਉਹ ਬੇਰੁਜਗਾਰ ਅਧਿਆਪਕਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ਉੱਤੇ ਹੱਲ ਕਰਨ।
ਸੂਬਾ ਪ੍ਰਧਾਨ ਵਿਕਰਮ ਦੇਵ ਨੇ ਇਹ ਵੀ ਕਿਹਾ ਕਿ ਅੱਜ ਮਰਨ ਵਰਤ ਨੂੰ ਪੰਜਵਾਂ ਦਿਨ ਸ਼ੁਰੁ ਹੋ ਚੁੱਕਾ ਹੈ ਪਰ ਹੁਣ ਤੱਕ ਕੋਈ ਵੀ ਮੈਡੀਕਲ ਸੇਵਾ ਦਾ ਪ੍ਰਬੰਧ ਨਹੀਂ ਕੀਤਾ ਗਿਆ ਜੋ ਕਿ ਸੰਗਰੂਰ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਲਈ ਇਕ ਸ਼ਰਮ ਵਾਲੀ ਗੱਲ ਹੈ। ਇਹਨਾਂ ਸਾਥੀਆਂ ਦੀ ਜੇਕਰ ਕਿਸੇ ਸਮੇਂ ਵੀ ਸਿਹਤ ਖ਼ਰਾਬ ਹੁੰਦੀ ਹੈ ਤਾਂ ਕਿਸੇ ਵੀ ਪ੍ਰਕਾਰ ਦੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਇਸ ਉਪਰੰਤ ਮਰਨ ਵਰਤ ਦੇ ਪੰਜਵੇਂ ਦਿਨ ਪ੍ਰਸ਼ਾਸਨ ਹਰਕਤ ਵਿਚ ਆਇਆ ਤੇ ਦੇਰ ਸ਼ਾਮ ਐਂਬੂਲੈਂਸ ਦਾ ਪ੍ਰਬੰਧ ਵੀ ਕੀਤਾ।
ਈਟੀਟੀ ਟੈੱਟ ਪਾਸ ਬੇਰੁਜ਼ਗਾਰ 2364 ਸੰਘਰਸ਼ ਕਮੇਟੀ ਦੇ ਸੂਬਾ ਪ੍ਰੈੱਸ ਸਕੱਤਰ ਗੁਰਸਿਮਰਤ ਮਲੇਰਕੋਟਲਾ ਨੇ ਕਿਹਾ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਪਾਰਟੀ ਦੇ ਚੋਣ ਪ੍ਰਚਾਰ ਲਈ ਕਦੇ ਹਿਮਾਚਲ ਪ੍ਰਦੇਸ਼ ਅਤੇ ਕਦੇ ਗੁਜਰਾਤ ਵਿਚ ਜਾ ਰਹੇ ਹਨ ਪਰ ਖ਼ੁਦ ਉਹਨਾਂ ਦੇ ਸ਼ਹਿਰ ਸੰਗਰੂਰ ਵਿੱਚ ਈਟੀਟੀ 2364 ਬੇਰੁਜਗਾਰ ਅਧਿਆਪਕ ਮਰਨ ਵਰਤ ਤੇ ਬੈਠੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪਹਿਲਾਂ ਵਰਗੀਆ ਸਰਕਾਰਾਂ ਵਾਂਗ ਹੀ ਬੇਰੁਜਗਾਰ ਅਧਿਆਪਕਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਜਿਸ ਕਰਕੇ ਬੇਰੁਜਗਾਰ ਅਧਿਆਪਕ ਨਿਰਾਸ਼ਾ ਦਾ ਸਾਹਮਣਾ ਕਰ ਰਹੇ ਹਨ ਜਦ ਕਿ ਇਹਨਾਂ ਨੌਜਵਾਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਹੁਤ ਜ਼ਿਆਦਾ ਉਮੀਦਾ ਸਨ ਕਿ ਇਹ ਸਾਡੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਗੇ ਪਰ ਹੁਣ ਤੱਕ ਇੰਝ ਜਾਪਦਾ ਨਜ਼ਰ ਨਹੀਂ ਆ ਰਿਹਾ।
ਸੁਰਿੰਦਰਪਾਲ ਗੁਰਦਾਸਪੁਰ ਨੇ ਕਿਹਾ ਕਿ ਦੇਰ ਸ਼ਾਮ ਸੰਗਰੂਰ ਜ਼ਿਲ੍ਹਾ ਪ੍ਰਸਾਸ਼ਨ ਰਾਬਤਾ ਕਾਇਮ ਕਰਕੇ ਕਿਹਾ ਕਿ ਮੰਗਲਵਾਰ ਤੱਕ ਕੋਰਟ ਵਿੱਚ ਹਲਫਨਾਮਾ ਦਾਇਰ ਕੀਤਾ ਜਾਵੇਗਾ ਪ੍ਰੰਤੂ ਸੁਰਿੰਦਰ ਪਾਲ ਨੇ ਕਿਹਾ ਕਿ ਜਿੰਨੀ ਦੇਰ ਤੱਕ ਐਫੀਡੈਵਿਟ ਪੇਸ਼ ਹੋ ਕੇ ਸਾਨੂੰ ਕੋਈ ਸੁਨੇਹਾ ਪ੍ਰਾਪਤ ਨਹੀਂ ਹੁੰਦਾ ਅਤੇ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨਾਲ ਪੈਨਲ ਮੀਟਿੰਗ ਨਹੀਂ ਮਿਲਦੀ ਓਨੀ ਦੇਰ ਤੱਕ ਮਰਨ ਵਰਤ ਲਗਾਤਾਰ ਏਦਾਂ ਹੀ ਚੱਲਦਾ ਰਹੇਗਾ।ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿਚ ਇੱਕ ਮਹੱਤਵਪੂਰਨ ਯੋਗਦਾਨ ਸੀ ਕਿਉਂਕਿ ਪੰਜਾਬ ਦੇ ਨੌਜਵਾਨ ਪਿਛਲੀਆਂ ਸਰਕਾਰਾਂ ਤੋਂ ਬਹੁਤ ਜ਼ਿਆਦਾ ਦੁੱਖੀ ਨਜ਼ਰ ਆ ਰਹੇ ਸਨ ਕਿਉਂ ਕਿ ਉਹ ਸਰਕਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਿਚ ਫੇਲ੍ਹ ਹੁੰਦੀਆਂ ਨਜ਼ਰ ਆ ਰਹੀਆਂ ਸਨ। ਆਮ ਆਦਮੀ ਪਾਰਟੀ ਦਾ ਚੋਣਾਂ ਸਮੇਂ ਇਹ ਹੀ ਕਹਿਣਾ ਸੀ ਕਿ ਅਸੀਂ ਪੰਜਾਬ ਨੂੰ ਪਹਿਲਾਂ ਵਾਂਗ ਖੁਸ਼ਹਾਲ ਸੂਬਾ ਬਣਾ ਕੇ ਇੱਕ ਨਵਾਂ ਇਤਿਹਾਸ ਸਿਰਜਿਆ ਜਾਵੇਗਾ ਜਿਸ ਵਿਚ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਅਪਣਾ ਦੇਸ਼ ਛੱਡ ਕੇ ਬਾਹਰਲੇ ਮੁਲਕਾਂ ਵਿੱਚ ਨਹੀਂ ਜਾਣਾ ਪਵੇਗਾ ਅਸੀਂ ਇਹਨਾਂ ਨੂੰ ਇੱਥੇ ਹੀ ਰੁਜ਼ਗਾਰ ਦੇਵਾਂਗੇ।
ਇਸ ਦੌਰਾਨ ਈਟੀਟੀ ਟੈੱਟ ਪਾਸ ਬੇਰੁਜ਼ਗਾਰ 2364 ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ, ਸੁਖਚੈਨ ਸਿੰਘ ਮਾਨਸਾ ਗਿਆ ਹੁਣ ਮੁੰਡਾ ਅਮ੍ਰਿਤ ਪਾਲ ਸੰਗਰੂਰ, ਰਵੀ ਕੁਮਾਰ ਪਠਾਨਕੋਟ, ਗਗਨ ਧੂਰੀ, ਗੁਰਜੰਟ ਪਟਿਆਲਾ ਅਤੇ ਹੋਰ ਸਾਥੀ ਮੌਜੂਦ ਸਨ।