ਰੂਪਨਗਰ ਡੀ.ਸੀ. ਵਲੋਂ ਚਾਈਨਾ ਡੋਰ ਵੇਚਣ, ਰੱਖਣ ਜਾਂ ਵਰਤੋਂ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਹੁਕਮ
ਹਰੀਸ਼ ਕਾਲੜਾ
ਰੂਪਨਗਰ, 24 ਨਵੰਬਰ 2022: ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਚਾਈਨਾ ਡੋਰ ਦੀ ਖਰੀਦ-ਵੇਚ, ਰੱਖਣ (ਸਟੋਰ ਕਰਨਾ) ਜਾਂ ਪਤੰਗਬਾਜ਼ੀ ਲਈ ਵਰਤੋਂ 'ਤੇ ਧਾਰਾ 144 ਅਧੀਨ ਪੂਰਨ ਪਾਬੰਦੀ ਲਗਾਈ ਗਈ ਹੈ। ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਨੇ ਸਮੂਹ ਸਬ-ਡਵੀਜ਼ਨਲ ਮੈਜਿਸਟ੍ਰੇਟਾਂ ਨੂੰ ਗੈਰ ਕਾਨੂੰਨੀ ਚਾਈਨਾ ਡੋਰ ਦੀ ਪਕੜ ਲਈ ਛਾਪੇਮਾਰੀ ਕਰਨ ਦੀ ਹਦਾਇਤ ਜਾਰੀ ਕੀਤੀ ਹੈ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਜ਼ਿਲ੍ਹਾ ਰੂਪਨਗਰ ਵਿੱਚ ਪਤੰਗਬਾਜ਼ੀ ਕਾਫੀ ਮਾਤਰਾ ਵਿੱਚ ਕੀਤੀ ਜਾਂਦੀ ਹੈ ਅਤੇ ਇਹ ਸਾਰੀ ਪਤੰਗਬਾਜ਼ੀ ਸੰਥੈਟਿਕ ਅਤੇ ਪਲਾਸਟਿਕ ਤੋਂ ਬਣੀ ਚਾਈਨਾ ਡੋਰ ਦੀ ਵਰਤੋਂ ਨਾਲ ਕੀਤੀ ਜਾਂਦੀ ਹੈ ਜੋ ਕਿ ਕਾਫੀ ਮਜ਼ਬੂਤ ਅਤੇ ਤੇਜ਼ਧਾਰ ਹੁੰਦੀ ਹੈ ਜਿਸ ਨਾਲ ਪਤੰਬ ਉਡਾਉਣ ਵਾਲਿਆਂ ਦੇ ਹੱਥ, ਉਗਲਾਂ ਅਤੇ ਕੰਨ ਕੱਟੇ ਜਾਣ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਇਸ ਡੋਰ ਦੇ ਨਾਲ ਸੜਕ ਹਾਦਸੇ ਹੋਣ ਦਾ ਡਰ ਵੀ ਬਣਿਆ ਰਹਿੰਦਾ ਹੈ। ਪਿਛਲੇ ਸਮੇਂ ਇਸ ਦੇ ਨਾਲ ਰੂਪਨਗਰ ਦੇ ਇੱਕ 13 ਸਾਲ ਦੇ ਨੌਜਵਾਨ ਦੀ ਮੌਤ ਵੀ ਹੋ ਗਈ ਸੀ ਅਤੇ ਇਸ ਡੋਰ ਵਿੱਚ ਫਸੇ ਹੋਏ ਪੰਛੀਆਂ ਦੀਆਂ ਮੌਤਾਂ ਵੀ ਆਮ ਦੇਖਣ ਨੂੰ ਮਿਲ ਜਾਂਦੀਆਂ ਹਨ। ਇਹ ਮਨੁੱਖੀ ਜਾਨਾਂ ਅਤੇ ਪੰਛੀਆਂ ਲਈ ਬਹੁਤ ਘਾਤਕ ਸਿੱਧ ਹੋ ਰਹੀਂ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੀਨੀਅਰ ਪੁਲਿਸ ਕਪਤਾਨ ਰੂਪਨਗਰ, ਸਮੂਹ ਐਸ.ਡੀ.ਐਮਜ਼, ਸਮੂਹ ਕਾਰਜ ਸਾਧਕ ਅਫਸਰ ਨਗਰ ਕੌਂਸ਼ਲ/ਨਗਰ ਪੰਚਾਇਤਾਂ ਅਤੇ ਸਮੂਹ ਬਲਾਕ ਦੇ ਵਿਕਾਸ ਤੇ ਪੰਚਾਇਤ ਅਫਸਰ ਜ਼ਿਲ੍ਹਾ ਰੂਪਨਗਰ ਵਿੱਚ ਆਪਣੇ ਆਪਣੇ ਖੇਤਰ ਵਿੱਚ ਇਨ੍ਹਾਂ ਹੁਕਮਾਂ ਨੂੰ ਜਾਰੀ ਕਰਵਾਉਣ ਲਈ ਜ਼ਿੰਮੇਵਾਰ ਹੋਣਗੇ ਤੇ ਰੈਗੂਲਰ ਚੈਕਿੰਗ ਕਰਨਾ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਅਧਿਕਾਰੀ ਦੇ ਅਧਿਕਾਰ ਖੇਤਰ ਵਿੱਚ ਚਾਈਨਾ ਡੋਰ ਵਿਕਦੀ, ਸਟੋਰ ਕੀਤੀ ਜਾਂ ਇਸਤੇਮਾਲ ਹੁੰਦੀ ਪਾਈ ਜਾਂਦੀ ਹੈ ਜਾਂ ਡਿਊਟੀ ਤੋਂ ਅਣਗਿਹਲੀ ਕਰਨ ਵਾਲੇ ਅਧਿਕਾਰੀ ਦੇ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।