ਨਿਯਮਾਂ ਵਿਰੁੱਧ ਚੱਲਣ ਵਾਲੇ 7 ਵਾਹਨਾਂ ਦੇ ਕੱਟੇ ਚਾਲਾਨ, 2 ਵਾਹਨਾਂ ਨੂੰ ਕੀਤਾ ਬੰਦ
ਸਰਬਜੀਤ ਸਿੰਘ ਪਨੇਸਰ
- ਸਕੂਲਾਂ 'ਚ ਚੱਲਣ ਵਾਲੀਆਂ ਬੱਸਾਂ ਸੇਫ ਸਕੂਲ ਵਾਹਨ ਪਾਲਿਸੀ ਦੀ ਕਰਨ ਪਾਲਣਾ - ਆਰ.ਟੀ.ਏ. ਡਾ. ਪੂਨਮ ਪ੍ਰੀਤ ਕੌਰ
ਲੁਧਿਆਣਾ, 04 ਫਰਵਰੀ 2023 - ਟ੍ਰਾਂਸਪੋਰਟ ਵਿਭਾਗ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਡਾ. ਪੂਨਮ ਪ੍ਰੀਤ ਕੌਰ, ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਿਟੀ (ਆਰ.ਟੀ.ਏ.) ਲੁਧਿਆਣਾ ਵਲੋਂ ਸ਼ੁਕਰਵਾਰ ਦੇਰ ਰਾਤ ਮਹਾਨਗਰ ਵਿੱਚ ਵੱਖ-ਵੱਖ ਥਾਈਂ ਨਾਕੇ ਲਗਾ ਕੇ ਅਚਨਚੇਤ ਚੈਕਿੰਗ ਕਰਦਿਆਂ ਨਿਯਮਾਂ ਵਿਰੁੱਧ ਚੱਲਣ ਵਾਲੇ ਵਾਹਨਾਂ ਦੇ ਸੱਤ ਚਾਲਾਨ ਕੀਤੇ ਗਏ ਅਤੇ 2 ਵਾਹਨਾਂ ਨੂੰ ਬੰਦ ਕੀਤਾ ਗਿਆ ।
ਸਕੱਤਰ ਆਰ.ਟੀ.ਏ. ਡਾ. ਪੂਨਮ ਪ੍ਰੀਤ ਕੌਰ ਵੱਲੋਂ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਵਾਹਨਾਂ ਵਿੱਚ ਵੱਚੋਂ 2 ਟਿੱਪਰ 2 ਟੂਰਿਸਟ ਸਲੀਪਰ ਬੱਸਾਂ 2 ਟਰਾਲੇ ਜੋ ਕਿ ਓਵਰਹਾਇਟ ਅਤੇ 1 ਟਰੱਕ ਦਾ ਚਾਲਾਨ ਕਰਦਿਆਂ ਦੋ ਵਾਹਨਾਂ ਨੂੰ ਸਬੰਧਤ ਥਾਣਿਆਂ ਵਿਚ ਬੰਦ ਕੀਤਾ ਗਿਆ। ਸਕੱਤਰ, ਆਰ.ਟੀ.ਏ. ਵਲੋਂ ਪ੍ਰੈਸ ਨੋਟ ਰਾਹੀਂ ਮਹਾਂਨਗਰ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਕਮਰਸ਼ੀਅਲ ਵਾਹਨਾਂ ਦੇ ਕਾਗਜ (ਟੈਕਸ, ਫਿੱਟਨੈੱਸ, ਪਰਮਿਟ ਆਦਿ) ਅਧੂਰੇ ਹੋਣਗੇ, ਉਨ੍ਹਾਂ ਨੂੰ ਸ਼ਹਿਰ ਦੀਆਂ ਸੜ੍ਹਕਾਂ 'ਤੇ ਵਾਹਨ ਚਲਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਮਹਾਂਨਗਰ ਦੇ ਸਕੂਲ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਉਨ੍ਹਾਂ ਦੇ ਸਕੂਲਾਂ ਵਿੱਚ ਚੱਲਣ ਵਾਲੀਆਂ ਬੱਸਾਂ ਸੇਫ ਸਕੂਲ ਵਾਹਨ ਪਾਲਿਸੀ ਦੀਆ ਹਦਾਇਤਾਂ ਪੂਰੀਆਂ ਕਰਨ। ਉਨ੍ਹਾਂ ਕਿਹਾ ਕਿ ਜੇਕਰ ਪਾਲਿਸੀ ਤਹਿਤ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਵਰਤੀ ਗਈ ਤਾਂ ਸਕੂਲੀ ਬੱਸਾਂ ਦੇ ਖਿਲਾਫ ਸੇਫ ਸਕੂਲ ਵਾਹਨ ਅਧੀਨ ਬਣਦੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਜੇਕਰ ਮਹਾਂਨਗਰ ਦੀਆਂ ਸੜਕਾਂ ਉਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੋਇਆ ਕਿਸੇ ਵੀ ਪ੍ਰਕਾਰ ਦਾ ਵਾਹਨ ਨਜ਼ਰ ਆਉਂਦਾ ਹੈ ਤਾਂ ਉਹ ਆਰ.ਟੀ.ਏ. ਦਫਤਰ ਵਿਖੇ ਸ਼ਿਕਾਇਤ ਦਰਜ਼ ਕਰਵਾ ਸਕਦੇ ਹਨ ਅਤੇ ਉਨ੍ਹਾਂ ਦਾ ਨਾਮ ਗੁਪਤ ਰੱਖਿਆ ਜਾਵੇਗਾ।