ਸ਼੍ਰੀ ਊਸ਼ਾ ਮਾਤਾ ਮੰਦਿਰ ਵਿੱਚ ਕੰਜਕ ਪੂਜਨ ਅਤੇ ਰਾਮ ਨੌਮੀ ਦਾ ਤਿਉਹਾਰ ਮਨਾਇਆ ਗਿਆ
- ਭਗਵਾਨ ਰਾਮ ਤੋਂ ਪ੍ਰੇਰਨਾ ਲਓ ਅਤੇ ਆਪਣੀ ਟੀਮ ਨੂੰ ਬਰਾਬਰ ਸਮਝੋ: ਅਜੈਪਾਲ ਸੰਧੂ
ਦੀਪਕ ਗਰਗ
ਕੋਟਕਪੂਰਾ 30 ਮਾਰਚ 2023 - ਸ਼੍ਰੀ ਊਸ਼ਾ ਮਾਤਾ ਮੰਦਿਰ ਵਿਖੇ ਕੰਜਕ ਪੂਜਨ ਅਤੇ ਰਾਮ ਨੌਮੀ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਮੰਦਰ ਦੇ ਪੁਜਾਰੀ ਸੁਖਦੇਵ ਸ਼ਰਮਾ ਨੇ ਦੱਸਿਆ ਕਿ ਨਵਰਾਤਰੇ ਸਾਲ ਵਿੱਚ ਦੋ ਵਾਰ ਆਉਂਦੇ ਹਨ। ਇਸ ਦੌਰਾਨ, ਪਹਿਲੇ ਨਵਰਾਤਰੇ ਚੈਤਰ ਵਿੱਚ ਆਉਂਦੇ ਹਨ। ਇਹ ਨਵਰਾਤਰੀ ਪਹਿਲੀ ਤਰੀਕ ਤੋਂ ਸ਼ੁਰੂ ਹੋ ਕੇ ਨੌਂ ਦਿਨ ਲਗਾਤਾਰ ਚੱਲਦੀ ਹੈ। ਨਵਰਾਤਰੀ ਦੇ ਅਸ਼ਟਮੀ ਅਤੇ ਨਵਮੀ ਦੇ ਦਿਨ ਕੰਜਕਾਂ ਦੀ ਪੂਜਾ ਕੀਤੀ ਜਾਂਦੀ ਹੈ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸੀਨੀਅਰ ਕਾਂਗਰਸੀ ਆਗੂ ਅਜੈਪਾਲ ਸਿੰਘ ਸੰਧੂ ਨੇ ਕਿਹਾ ਕਿ ਇਹ ਹਿੰਦੂਆਂ ਦਾ ਪਵਿੱਤਰ ਤਿਉਹਾਰ ਹੈ। ਇਸ ਤਿਉਹਾਰ ਨੂੰ ਭਗਵਾਨ ਰਾਮ ਦੇ ਜਨਮ ਦਿਨ ਵਜੋਂ ਮਨਾਇਆ ਜਾਂਦਾ ਹੈ। ਇਹ ਤਿਉਹਾਰ ਮੰਦਰਾਂ ਅਤੇ ਘਰਾਂ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ।
ਚਾਹੇ ਭਗਵਾਨ ਰਾਮ ਰਾਜ ਪਰਿਵਾਰ ਵਿੱਚੋਂ ਸਨ। ਪਰ ਉਨ੍ਹਾਂ ਨੇ ਆਪਣੇ ਵਿਹਾਰ ਤੋਂ ਇਹ ਗੱਲ ਕਦੇ ਪ੍ਰਗਟ ਨਹੀਂ ਹੋਣ ਦਿੱਤੀ। ਉਹ ਜੰਗਲਾਂ ਵਿਚ ਰਹਿਣ ਵਾਲੇ ਲੋਕਾਂ ਵਿਚ ਜੰਗਲ-ਵਾਸੀਆਂ ਵਾਂਗ ਰਹੇ । ਜੇ ਉਹ ਚਾਹੁੰਦੇ ਤਾਂ ਕੇਵਟ ਜਾਂ ਸ਼ਬਰੀ ਨੂੰ ਗਲੇ ਲਗਾਏ ਬਿਨਾਂ ਵੀ ਆਪਣੀ ਜਲਾਵਤਨੀ ਕੱਟ ਸਕਦੇ ਸੀ। ਪਰ ਉਪਰੋਕਤ ਸਭ ਦੇ ਨਾਲ-ਨਾਲ ਉਨ੍ਹਾਂ ਨੇ ਜਟਾਯੂ, ਸੰਪਤੀ ਅਤੇ ਸਾਰੇ ਆਦਿਵਾਸੀਆਂ ਨੂੰ ਗਲੇ ਲਗਾ ਲਿਆ ਅਤੇ ਉਹ ਮਨੁੱਖ ਨੂੰ ਹੀ ਮਨੁੱਖ ਸਮਝਦੇ ਸੀ। ਉਹ ਹਰੇਕ ਵਿਅਕਤੀ ਦੇ ਨਿੱਜੀ ਦਰਦ ਨੂੰ ਵੀ ਸਮਝਦੇ ਸੀ। ਇਸ ਕਰ ਕੇ ਉਨ੍ਹਾਂ ਕਰਕੇ ਲੋਕਾਂ ਵਿਚ ਬਰਾਬਰੀ ਦਾ ਵਿਸ਼ਵਾਸ ਪੈਦਾ ਹੋਇਆ।
ਭਗਵਾਨ ਸ਼੍ਰੀ ਰਾਮ ਤੋਂ ਪ੍ਰੇਰਨਾ ਲੈ ਕੇ, ਸਾਨੂੰ ਆਪਣੀ ਟੀਮ ਦੇ ਮੈਂਬਰਾਂ ਨੂੰ ਬਰਾਬਰ ਸਮਝਣਾ ਅਤੇ ਸਾਰਿਆਂ ਨੂੰ ਬਰਾਬਰ ਦਾ ਹੌਸਲਾ ਅਤੇ ਸਤਿਕਾਰ ਦੇਣਾ ਟੀਮ ਨੂੰ ਟੁੱਟਣ ਤੋਂ ਰੋਕਦਾ ਹੈ। ਇੱਕ ਸਮਝਦਾਰ ਪ੍ਰਬੰਧਕ ਟੀਮ ਨੂੰ ਨਾਲ ਲੈ ਕੇ ਉਦੋਂ ਹੀ ਅੱਗੇ ਵਧ ਸਕਦਾ ਹੈ ਜਦੋਂ ਉਹ ਕਿਸੇ ਨੂੰ ਵੱਡਾ ਜਾਂ ਛੋਟਾ ਨਾ ਸਮਝੇ। ਅਸਮਾਨ ਮਹਿਸੂਸ ਕਰਨ ਨਾਲ ਟੀਮ ਵਿੱਚ ਨਿਰਾਸ਼ਾ ਅਤੇ ਅਣਗਹਿਲੀ ਦੀ ਭਾਵਨਾ ਪੈਦਾ ਹੁੰਦੀ ਹੈ।
ਮੰਦਿਰ ਦੇ ਮੁੱਖ ਸੇਵਾਦਾਰ ਕ੍ਰਿਸ਼ਨ ਕੁਮਾਰ ਕੱਕੜ ਨੇ ਹਾਜ਼ਰ ਸ਼ਰਧਾਲੂਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮਾਂ ਦੁਰਗਾ ਨੂੰ ਸਾਰੇ ਦੇਵੀ-ਦੇਵਤਿਆਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਅਤੇ ਬਲਵਾਨ ਦੇਵੀ ਮੰਨਿਆ ਜਾਂਦਾ ਹੈ। ਨਕਾਰਾਤਮਕ ਸ਼ਕਤੀਆਂ ਅਤੇ ਵਿਕਾਰਾਂ - ਹਉਮੈ, ਈਰਖਾ, ਪੱਖਪਾਤ, ਨਫ਼ਰਤ, ਕ੍ਰੋਧ, ਲੋਭ ਅਤੇ ਸਵਾਰਥ - ਕੇਵਲ ਮਾਂ ਦੁਰਗਾ ਦੇ ਨਾਮ ਦੇ ਜਾਪ ਨਾਲ ਭੱਜ ਜਾਂਦੇ ਹਨ। ਦੁਰਗਾ ਦੇ ਰੂਪ ਵਿੱਚ ਮਾਂ ਵਾਤਾਵਰਣ ਵਿੱਚ ਸਕਾਰਾਤਮਕ ਊਰਜਾ ਦਾ ਪ੍ਰਵਾਹ ਕਰਦੀ ਹੈ। ਉਨ੍ਹਾਂ ਦੀ ਸ਼ਕਤੀ ਨਾਰੀ ਊਰਜਾ ਦਾ ਪ੍ਰਤੀਕ ਹੈ। ਮਾਂ ਦੁਰਗਾ ਨੇ ਇਸ ਧਰਤੀ ਤੋਂ ਨਕਾਰਾਤਮਕ ਊਰਜਾ ਭਾਵ ਦੈਂਤਾਂ ਨੂੰ ਮਾਰ ਦਿੱਤਾ। ਮਾਂ ਦੁਰਗਾ ਨੂੰ ਆਦਿ ਸ਼ਕਤੀ ਕਿਹਾ ਜਾਂਦਾ ਹੈ, ਤ੍ਰਿਦੇਵੀਆਂ (ਦੇਵੀ ਪਾਰਵਤੀ, ਦੇਵੀ ਲਕਸ਼ਮੀ ਅਤੇ ਦੇਵੀ ਸਰਸਵਤੀ) ਵੀ ਮਾਂ ਆਦਿਸ਼ਕਤੀ ਦੇ ਰੂਪ ਹਨ।
ਇਸ ਦੌਰਾਨ ਭਜਨ ਗਾਇਕ ਰਾਕੇਸ਼ ਸਚਦੇਵਾ ਅਤੇ ਇਸਤਰੀ ਸਤਿਸੰਗ ਮੰਡਲ ਨੇ ਸੰਕੀਰਤਨ ਕੀਤਾ।
ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਜੈ ਪ੍ਰਕਾਸ਼ ਸ਼ਰਮਾ, ਮਦਨ ਮਲਿਕ, ਰਿੰਕਲ ਕੁਮਾਰ ਦੀਪਕ ਕੱਕੜ, ਵਿਨੈ ਕੌਸ਼ਿਕ ਆਦਿ ਵੀ ਹਾਜ਼ਰ ਸਨ। ਪ੍ਰੋਗਰਾਮ ਦੇ ਅੰਤ ਵਿੱਚ ਕੰਜਕ ਪੂਜਣ ਤੋਂ ਬਾਅਦ ਭੰਡਾਰਾ ਵੀ ਵਰਤਾਇਆ ਗਿਆ।