ਸੰਕੇਤਕ ਤਸਵੀਰ
ਸਾਨ ਫ੍ਰਾਂਸਿਸਕੋ, 15 ਮਈ 2019 - ਅਮਰੀਕਾ ਦੇ ਸਾਨ ਫਰਾਂਸਿਸਕੋ 'ਚ ਫੇਸ਼ੀਅਲ ਰਿਕੋਗਨੀਸ਼ਨ (ਚਿਹਰੇ ਦੀ ਪਛਾਣ) ਕਰਨ ਵਾਲੀ ਤਕਨਾਲੋਜੀ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਇੱਥੋਂ ਦੇ ਵਿਧਾਇਕਾਂ ਨੇ ਇਸ ਪਾਬੰਦੀ 'ਤੇ ਆਪਣੀ ਸਹਿਮਤੀ ਜ਼ਾਹਿਰ ਕੀਤੀ। ਇੰਝ ਕਰਨ ਵਾਲਾ ਸਾਨ ਫ੍ਰਾਂਸਿਸਕੋ ਅਮਰੀਕਾ ਦਾ ਪਹਿਲਾ ਸ਼ਹਿਰ ਬਣ ਗਿਆ ਹੈ।
ਇਸ ਪਾਬੰਦੀ ਮਗਰੋਂ ਹੁਣ ਇਸ ਤਕਨਾਲੋਜੀ ਨੂੰ ਸਥਾਨਕ ਏਜੰਸੀਆਂ ਦੁਆਰਾ ਵਰਤੀ ਜਾਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ, ਜਿਵੇਂ ਕਿ ਸ਼ਹਿਰ ਦੀ ਪੁਲਿਸ , ਆਵਾਜਾਈ ਅਥਾਰਟੀ, ਜਾਂ ਕਾਨੂੰਨ ਲਾਗੂ ਕਰਨਾ ਆਦਿ। ਇਸ ਤੋਂ ਇਲਾਵਾ, ਹੁਣ ਕਿਸੇ ਵੀ ਕਿਸਮ ਦੀ ਨਵੀਂ ਤਕਨੀਕ ਨੂੰ ਖਰੀਦਣ ਦੀ ਹਰ ਯੋਜਨਾ ਸ਼ਹਿਰੀ ਪ੍ਰਸ਼ਾਸਨ ਦੁਆਰਾ ਪ੍ਰਵਾਨਿਤ ਕਰਨ ਉਪਰੰਤ ਹੀ ਲਾਗੂ ਕੀਤੀ ਜਾ ਸਕੇਗੀ।
ਵਿਰੋਧੀਆਂ ਵੱਲੋਂ ਇਸ ਕਦਮ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਲੋਕਾਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾ ਦੇਵੇਗਾ ਅਤੇ ਅਪਰਾਧ ਨਾਲ ਲੜਨ ਲਈ ਯਤਨ ਰੋਕ ਦੇਵੇਗਾ।
ਜਦਕਿ ਇਸ ਦੇ ਪੱਖ ਵਿਚ ਲੋਕਾਂ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਦੀ ਤਕਨੀਕ ਭਰੋਸੇਯੋਗ ਨਹੀਂ ਹੈ, ਅਤੇ ਲੋਕਾਂ ਦੀ ਨਿੱਜਤਾ ਅਤੇ ਆਜ਼ਾਦੀ ਖਤਰੇ 'ਚ ਹੈ।