ਬੱਚਿਆਂ ਦੀ ਪੜ੍ਹਾਈ ਰੋਜ਼ਾਨਾ ਕਰਵਾਉਣੀ ਸਾਡਾ ਮੁੱਖ ਮੰਤਵ-ਡੀ ਈ ਓ
ਨਵਾਂ ਸ਼ਹਿਰ,13 ਜਨਵਰੀ 2022 - ਕੋਵਿਡ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਕੰਵਲਜੀਤ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ (ਐ ਸਿ),ਸ਼ਹੀਦ ਭਗਤ ਸਿੰਘ ਨਗਰ ਵਲੋਂ ਵੱਖ-ਵੱਖ ਬਲਾਕਾਂ ਦੇ ਸੈਂਟਰ ਹੈੱਡ ਟੀਚਰਜ਼ ਅਤੇ ਸਮੁੱਚੀ ਟੀਮ ਪਪਪਪ ਨਾਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹਿਆਲਾ ਵਿਖੇ ਮੀਟਿੰਗ ਕੀਤੀ ਗਈ। ਉਨ੍ਹਾਂ ਮੀਟਿੰਗ ਦੁਰਾਨ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਕਰੋਨਾ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਸਰਕਾਰ ਵਲੋਂ ਵਿਦਿਆਰਥੀਆਂ ਦੀ ਸਿਹਤ ਦਾ ਧਿਆਨ ਰੱਖਦਿਆਂ ਬੱਚਿਆਂ ਨੂੰ ਛੁੱਟੀਆਂ ਕੀਤੀਆਂ ਗਈਆ ਹਨ,ਪਰ ਸਾਡੇ ਸਕੂਲ ਖੁੱਲੇ ਹਨ। ਬੱਚਿਆਂ ਦੀ ਪੜ੍ਹਾਈ ਆਨ ਲਾਈਨ ਲਗਾਤਾਰ ਟਾਈਮ ਟੇਬਲ ਅਨੁਸਾਰ ਹੋਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਅਧਿਆਪਕਾਂ ਨੂੰ ਇਸ ਗੱਲ ਲਈ ਵੀ ਪ੍ਰੇਰਿਤ ਕੀਤਾ ਕਿ ਆਨ ਲਾਈਨ ਪੜ੍ਹਾਈ ਦੇ ਨਾਲ-ਨਾਲ ਨਵੇਂ ਸ਼ੈਸ਼ਨ ਲਈ ਦਾਖ਼ਲਾ ਮੁਹਿੰਮ ਵੀ ਸ਼ੁਰੂ ਕਰਨਾ ਜ਼ਰੂਰੀ ਹੈ।ਇਸ ਲਈ ਵਿਭਾਗ ਵਲੋਂ ਦਾਖ਼ਲਾ ਪੋਰਟਲ ਖੋਲ ਦਿੱਤਾ ਗਿਆ ਹੈ,ਜਿਸ ਵਿੱਚ ਰੋਜਾਨਾ ਬੱਚਿਆਂ ਦੀ ਰਜਿਸਟ੍ਰੇਸ਼ਨ ਕੀਤੀ ਜਾਣੀ ਹੈ। ਉਨ੍ਹਾਂ ਇਸ ਗੱਲ ਲਈ ਵੀ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਕਿ ਪਹਿਲਾਂ ਵਾਂਗ ਬੱਚਿਆਂ ਅਤੇ ਅਧਿਆਪਕਾਂ ਦੇ ਇੰਗਲਿਸ਼ ਬੂਸਟਰ ਕਲੱਬ ਬਣਾਏ ਜਾਣ ਤਾਂ ਕਿ ਸਰਕਾਰੀ ਸਕੂਲਾਂ ਦੇ ਬੱਚੇ ਆਪਣੀ ਇੰਗਲਿਸ਼ ਸਕਿੱਲ ਨੂੰ ਹੋਰ ਵੀ ਸੁਧਾਰ ਸਕਣ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਹਰੇਕ ਅਧਿਆਪਕ ਨੂੰ ਕੋਵਿਡ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਅਤੀ ਜ਼ਰੂਰੀ ਹੈ।
ਜੇਕਰ ਕੋਈ ਅਧਿਆਪਕ ਕਿਸੇ ਕਾਰਨ ਆਪਣੀ ਕਰੋਨਾ ਡੋਜ ਲਗਵਾਉਣ ਤੋਂ ਰਹਿੰਦਾ ਹੈ ਤਾਂ ਤੁਰੰਤ ਲਗਾਵੇ ਅਤੇ ਆਪਣੀ ਰਿਪੋਰਟ ਈ ਐਚ ਆਰ ਐਮ ਉੱਤੇ ਵੀ ਅੱਪਲੋਡ ਕਰੇ। ਉਨ੍ਹਾਂ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਕੂਲਾਂ ਵਿੱਚ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਸਕੂਲ ਅਤੇ ਆਲੇ-ਦੁਆਲੇ ਦੀ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ। ਇਸ ਮੀਟਿੰਗ ਨੂੰ ਹੋਰਨਾ ਤੋਂ ਇਲਾਵਾ ਅਸ਼ੋਕ ਕੁਮਾਰ ਬੀ ਪੀ ਈ ਓ,ਸਤਨਾਮ ਸਿੰਘ ਪੀਪੀਡੀਸੀ,ਗੁਰਦਿਆਲ ਸਿੰਘ ਜਿਲ੍ਹਾ ਮੀਡੀਆ ਕੋਆਰਡੀਨੇਟਰ,ਬਲਜਿੰਦਰ ਸਿੰਘ ਸਮਾਰਟ ਕੋਆਰਡੀਨੇਟਰ ਨੇ ਵੀ ਸੰਬੋਧਨ ਕੀਤਾ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਤਿਲਕ ਰਾਜ,ਹੰਸ ਰਾਜ,ਬਲਜੀਤ ਸਿੰਘ,ਅਮਰ ਕਟਾਰੀਆ,ਤਰਸੇਮ ਲਾਲ,ਰਮਨ ਕੁਮਾਰ,ਬਲਕਾਰ ਚੰਦ,ਸੁਰਿੰਦਰ ਕੌਰ,ਬਲਜੀਤ ਕੌਰ, ਸਾਲਨੀ ਅਤੇ ਜਸਵੀਰ ਕੌਰ ਵੀ ਹਾਜਿਰ ਸਨ।