- ਗੁਲਜ਼ਾਰ ਗਰੁੱਪ 'ਚ ਰੋਬੋਮੇਨੀਆ-2021 ਦਾ ਦੂਜਾ ਦਿਨ ਰੰਗਾਂ ਰੰਗ ਪ੍ਰੋਗਰਾਮਾਂ ਅਤੇ ਸਭਿਆਚਾਰਕ ਗਤੀਵਿਧੀਆਂ ਦੇ ਨਾਮ ਰਿਹਾ
- ਮਸ਼ਹੂਰ ਗਾਇਕਾ ਸੁਨੰਦਾ ਸ਼ਰਮਾ ਨੇ ਗੀਤਾਂ ਦੀ ਛਹਿਬਰ ਲਾਈ, ਵੱਖ ਵੱਖ ਦੇਸ਼ਾਂ ਦੇ ਵਿਦਿਆਰਥੀਆਂ ਨੇ ਵੀ ਪੇਸ਼ਕਾਰੀਆਂ ਕੀਤੀਆਂ
ਚੰਡੀਗੜ੍ਹ, 20 ਫਰਵਰੀ 2021 - ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵੱਲੋਂ ਮਨਾਇਆ ਜਾ ਰਿਹਾ ਰੋਬੋਮੇਨੀਆਂ-2021 ਦਾ ਦੂਜਾ ਦਿਨ ਰੰਗਾਂ ਰੰਗ ਪੇਸ਼ਕਸ਼, ਤਕਨੀਕੀ ਪੇਸ਼ਕਾਰੀਆਂ ਅਤੇ ਮਸ਼ਹੂਰ ਗਾਇਕਾ ਸੁਨੰਦਾ ਸ਼ਰਮਾ ਦੇ ਗੀਤਾਂ ਦੀ ਬਿਹਤਰੀਨ ਪੇਸ਼ਕਾਰੀ ਦੇ ਨਾਮ ਰਿਹਾ। ਜਿਨਾਂ ਆਪਣੇ ਗੀਤਾਂ ਦੀ ਛਹਿਬਰ ਲਾਉਂਦੇ ਹੋਏ ਸਰੋਤਿਆਂ ਨੂੰ ਆਪਣੀ ਖ਼ੂਬਸੂਰਤ ਆਵਾਜ਼ ਨਾਲ ਕੀਲਿਆਂ। ਇਸ ਦੇ ਨਾਲ ਹੀ ਕਰੀਬ ਅੱਠ ਦੇਸ਼ਾਂ ਦੇ ਵਿਦਿਆਰਥੀਆਂ ਨੇ ਵੀ ਸਟੇਜ ਤੇ ਆਪਣੇ ਆਪਣੇ ਦੇਸ਼ਾਂ ਦੇ ਗੀਤਾਂ ਅਤੇ ਡਾਂਸ ਦੀ ਝੜੀ ਲਾ ਕੇ ਇਸ ਪ੍ਰੋਗਰਾਮ ਨੂੰ ਅੰਤਰਰਾਸ਼ਟਰੀ ਪ੍ਰੋਗਰਾਮ ਵਜੋਂ ਮੋਹਰ ਲਗਾ ਦਿਤੀ।
ਇਸ ਦੌਰਾਨ ਜਿੱਥੇ ਪਹਿਲੇ ਦਿਨ ਵਿਦਿਆਰਥੀਆਂ ਵੱਲੋਂ ਕਈ ਤਰਾਂ ਦੇ ਰੋਬੋਟ, ਪ੍ਰੋਜੈਕਟ ਅਤੇ ਆਪ ਬਣਾਈਆਂ ਮਸ਼ੀਨਾਂ ਦਾ ਪ੍ਰਦਰਸ਼ਨ ਕੀਤਾ, ਉੱਥੇ ਹੀ ਦੂਜੇ ਦਿਨ ਵਿਦਿਆਰਥੀਆਂ ਨੇ ਸਟੇਜ ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਦਰਸ਼ਕਾਂ ਦਾ ਮਨੋਰੰਜਨ ਕੀਤਾ । ਦੋ ਦਿਨਾਂ ਮੇਲੇ ਦੇ ਅਖੀਰੀ ਦਿਨ ਹਜ਼ਾਰਾਂ ਵਿਦਿਆਰਥੀਆਂ ਅਤੇ ਮਹਿਮਾਨਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸ਼ਾਮ ਦੇ ਪ੍ਰੋਗਰਾਮ ਦੌਰਾਨ ਗਾਇਕਾ ਸੁਨੰਦਾ ਸ਼ਰਮਾ ਦੀ ਗੀਤਾਂ ਭਰੀ ਸ਼ਾਮ ਵਿਚ ਫੈਨਜ਼ ਦਾ ਉਤਸ਼ਾਹ ਵੇਖਦੇ ਹੀ ਬਣਦਾ ਸੀ। ਇਸ ਤੋਂ ਪਹਿਲਾਂ ਵਿਦਿਆਰਥੀਆਂ ਨੇ ਪੇਸ਼ ਕੀਤੇ ਗਰੁੱਪ ਡਾਂਸ ਅਤੇ ਫ਼ੈਸ਼ਨ ਸ਼ੋ ਕਈ ਬਿਹਤਰੀਨ ਪੇਸ਼ਕਾਰੀਆਂ ਪ੍ਰਸੁਸਤਿਤ ਕੀਤੀਆਂ। ਇਸ ਦੇ ਇਲਾਵਾ ਪੰਜਾਬ ਦਾ ਲੋਕ ਨਾਚ ਗਿੱਧਾ ਅਤੇ ਭੰਗੜੇ ਸਮੇਤ ਮਾਲਵੀਂ ਗਿੱਧਾ ਅਤੇ ਪੰਜਾਬੀ ਸਭਿਆਚਾਰ ਦੇ ਗੀਤ ਸਭ ਦੀਆਂ ਯਾਦਾਂ ਵਿਚ ਆਪਣੀ ਅਮਿੱਟ ਛਾਪ ਛੱਡਦੇ ਨਜ਼ਰ ਆਏ ।
ਇਸ ਮੌਕੇ ਤੇ ਗੁਲਜ਼ਾਰ ਗਰੁੱਪ ਦੇ ਐਗਜ਼ੈਕਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਹਾਜ਼ਰ ਦਰਸ਼ਕਾਂ ਨੂੰ ਜੀ ਆਇਆਂ ਕਹਿੰਦੇ ਹੋਏ ਕਿਹਾ ਕਿ ਇਸ ਫੈਸਟ ਵਿਚ ਜਿੱਥੇ ਕੱਲ ਦੇ ਇੰਜੀਨੀਅਰਾਂ ਨੇ ਬਿਹਤਰੀਨ ਤਕਨੀਕੀ ਰੋਬੋਟ ਅਤੇ ਮਾਡਲ ਪੇਸ਼ ਕੀਤੇ, ਉੱਥੇ ਹੀ ਵਿਦਿਆਰਥੀਆਂ ਦੀ ਲਾਜਵਾਬ ਕਲਾਤਮਕ ਪੇਸ਼ਕਾਰੀਆਂ ਵੀ ਸਭ ਨੂੰ ਲੁਭਾ ਗਈਆਂ।ਚੇਅਰਮੈਨ ਗੁਰਸ਼ਰਨ ਸਿੰਘ ਨੇ ਵਿਦਿਆਰਥੀਆਂ ਨੂੰ ਉਨਾਂ ਦੀ ਬਿਹਤਰੀਨ ਪੇਸ਼ਕਾਰੀ ਲਈ ਵਧਾਈ ਦਿੰਦੇ ਹੋਏ ਉਨਾਂ ਦੇ ਉੱਜਲ ਭਵਿਖ ਦੀ ਕਾਮਨਾ ਕੀਤੀ।