ਚੰਡੀਗੜ੍ਹ, 16 ਨਵੰਬਰ 2020 - ਪੰਜਾਬੀ ਸਿਨੇਮਾ 'ਚ ਗਿੱਪੀ ਗਰੇਵਾਲ ਦੁਆਰਾ ‘ਅਰਦਾਸ’ ਫਿਲਮ ਬਣਾ ਕੇ ਇੱਕ ਨਵੇਂ ਦੌਰ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਅੱਜ ਵੀ ਜਦੋਂ ਟੀਵੀ 'ਤੇ ਅਰਦਾਸ ਫਿਲਮ ਚੱਲਦੀ ਹੈ ਤਾਂ ਸਾਰਾ ਪਰਿਵਾਰ ਇਕੱਠਾ ਬੈਠ ਜਰੂਰ ਦੇਖਦਾ। ਇਸੇ ਸਿਲਸਿਲੇ ਨੂੰ ਜਾਰੀ ਰੱਖਦਿਆਂ ਗਿੱਪੀ ਹੁਣ ਇੱਕ ਵਾਰ ਫੇਰ ਅਰਦਾਸ ਦਾ ਤੀਜਾ ਭਾਗ 'ਅਰਦਾਸ: ਸਰਬੱਤ ਦੇ ਭਲੇ ਦੀ" ਲੈ ਕੇ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋ ਰਿਹਾ ਹੈ।
ਗਿੱਪੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਜ਼ 'ਤੇ 'ਅਰਦਾਸ: ਸਰਬੱਤ ਦੇ ਭਲੇ ਦੀ' ਫਿਲਮ ਬਾਰੇ ਇਕ ਟੀਜ਼ਰ ਸ਼ੇਅਰ ਕੀਤਾ ਹੈ। ਫ਼ਿਲਮ ਦੀ ਕਹਾਣੀ ਗਿੱਪੀ ਗਰੇਵਾਲ ਵਲੋਂ ਲਿਖੀ ਗਈ ਹੈ ਤੇ ਇਸ ਨੂੰ ਡਾਇਰੈਕਟ ਵੀ ਖੁਦ ਗਿੱਪੀ ਗਰੇਵਾਲ ਕਰਨਗੇ।
ਹੰਬਲ ਮਿਊਜ਼ਿਕ ਦੇ ਯੂਟਿਊਬ ਚੈਨਲ ’ਤੇ ਫ਼ਿਲਮ ਦਾ ਸੰਗੀਤ ਰਿਲੀਜ਼ ਕੀਤਾ ਜਾਵੇਗਾ। ਗਿੱਪੀ ਗਰੇਵਾਲ ਤੇ ਉਨ੍ਹਾਂ ਦੀ ਪਤਨੀ ਰਵਨੀਤ ਗਰੇਵਾਲ ਇਸ ਪੂਰੇ ਪ੍ਰਾਜੈਕਟ ਨੂੰ ਪ੍ਰੋਡਿਊਸ ਕਰਨਗੇ। ਵਿਨੋਦ ਅਸਵਾਲ ਤੇ ਭਾਨਾ ਐੱਲ. ਏ. ਫ਼ਿਲਮ ਦੇ ਕੋ-ਪ੍ਰੋਡਿਊਸਰ ਹਨ। ਹਰਦੀਪ ਦੁੱਲਤ ਇਸ ਪ੍ਰਾਜੈਕਟ ਦੇ ਹੈੱਡ ਹਨ। ‘ਅਰਦਾਸ : ਸਰਬੱਤ ਦੇ ਭਲੇ ਦੀ’ ਸ਼ੂਟਿੰਗ 2021 ’ਚ ਸ਼ੁਰੂ ਹੋਵੇਗੀ।
ਸਾਲ 2019 ’ਚ ‘ਅਰਦਾਸ’ ਫ਼ਿਲਮ ਦਾ ਸੀਕੁਅਲ ‘ਅਰਦਾਸ ਕਰਾਂ’ ਰਿਲੀਜ਼ ਹੋਇਆ। ‘ਅਰਦਾਸ ਕਰਾਂ’ ਨੇ ਕਮਰਸ਼ੀਅਲ ਫ਼ਿਲਮਾਂ ਦੀ ਕਮਾਈ ਦੇ ਰਿਕਾਰਡ ਤੋੜੇ ਤੇ ਕੰਟੈਂਟ ਬੇਸ ਫ਼ਿਲਮ ਨੂੰ ਮਿਲੀ ਸਫਲਤਾ ਨੂੰ ਦੇਖਦਿਆਂ ਪੰਜਾਬੀ ਫ਼ਿਲਮ ਜਗਤ ’ਚ ਹੋਰ ਤਜਰਬੇ ਹੋਣ ਲੱਗੇ।