ਕਮਲਜੀਤ ਸਿੰਘ ਸੰਧੂ
ਮੋਗਾ, 12 ਜਨਵਰੀ 2021 - ਮੋਗਾ ਜ਼ਿਲੇ ਦੇ ਪਿੰਡ ਬੋਡੇ ਤੋਂ ਭੱਜ ਕੇ ਦਿੱਲੀ ਕਿਸਾਨੀ ਸੰਘਰਸ਼ ਵਿਚ ਸ਼ਾਮਲ ਹੋਣ ਜਾ ਰਿਹਾ 70 ਸਾਲਾ ਬਜ਼ੁਰਗ ਅਮਰ ਸਿੰਘ ਬਰਨਾਲਾ ਪਹੁੰਚ ਚੁੱਕਾ ਹੈ ਅਤੇ ਜਿਸ ਨੇ ਦੱਸਿਆ ਕਿ ਉਹ ਆਪਣੇ ਪਿੰਡ ਤੋਂ ਦਿੱਲੀ ਤਕਰੀਬਨ 400 ਕਿਲੋਮੀਟਰ ਦੀ ਯਾਤਰਾ ਭੱਜ ਕੇ ਪੂਰੀ ਕਰਕੇ ਕਿਸਾਨੀ ਮੋਰਚੇ 'ਚ ਸ਼ਾਮਿਲ ਹੋਣਗੇ। ਬਜ਼ੁਰਗ ਅਮਰ ਸਿੰਘ ਨੇ ਚੱਲ ਰਹੇ ਕਿਸਾਨੀ ਸੰਘਰਸ਼ ਦੇ ਹੱਕ 'ਚ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ, ਉਦੋਂ ਤੱਕ ਉਹ ਆਪਣੇ ਪਿੰਡ ਨਹੀਂ ਪਰਤਣਗੇ, ਉੱਥੇ ਹੀ ਉਨ੍ਹਾਂ ਨੇ ਨੌਜਵਾਨਾਂ ਅਤੇ ਹੋਰਾਂ ਨੂੰ ਅਪੀਲ ਕਰਦੇ ਕਿਹਾ ਕਿ ਲੋਕ ਕਿਸਾਨ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਦਿੱਲੀ 'ਚ ਵੱਧ ਤੋਂ ਵੱਧ ਗਿਣਤੀ 'ਚ ਪਹੁੰਚਣ।
ਬਰਨਾਲਾ ਪਹੁੰਚੇ ਬਜ਼ੁਰਗ ਅਮਰ ਸਿੰਘ ਨੇ ਦੱਸਿਆ ਕਿ ਉਸ ਦੀ ਉਮਰ ਲਗਭਗ 70 ਸਾਲ ਹੈ ਅਤੇ ਉਹ ਆਪਣੇ ਪਿੰਡ ਤੋਂ ਦਿੱਲੀ ਦੀ ਯਾਤਰਾ ਭੱਜ ਕੇ ਪੂਰੀ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਭੱਜ ਕੇ ਦਿੱਲੀ ਜਾਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਘਰਾਂ ਵਿਚ ਬੈਠੇ ਨੌਜਵਾਨਾਂ ਨੂੰ ਪ੍ਰੇਰਣਾ ਮਿਲੇ ਅਤੇ ਨੌਜਵਾਨ ਅਤੇ ਹੋਰ ਲੋਕ ਵੱਧ ਤੋਂ ਵੱਧ ਦਿੱਲੀ ਦੇ ਸੰਘਰਸ਼ ਵਿਚ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ’ਤੇ ਲਗਾਏ ਗਏ ਖੇਤੀ ਕਾਨੂੰਨ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਹਨ ਅਤੇ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕਰਦੀ ਉਦੋਂ ਤੱਕ ਉਹ ਦਿੱਲੀ ਤੋਂ ਵਾਪਸ ਨਹੀਂ ਆਉਣਗੇ।