ਬਾਬੂਸ਼ਾਹੀ ਬਿਊਰੋ
ਸੰਗਰੂਰ, 23 ਫਰਵਰੀ:
ਆਮ ਲੋਕਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਆਪਣੇ ਚੌਗਿਰਦੇ ਨੂੰ ਸੁੰਦਰ ਬਣਾਉਣ ਅਤੇ ਫੁੱਲਾਂ ਦੀ ਮਹਿਕ ਵਾਂਗ ਪਿਆਰ ਦਾ ਸੁਨੇਹਾ ਲੈ ਕੇ ਚੰਗੇ ਰਾਹ ਤੁਰਨ ਦੇ ਮੰਤਵ ਤਹਿਤ ਅੱਜ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਦੀ ਰਿਹਾਇਸ਼ ’ਤੇ ਫੁੱਲਾਂ ਦੀ ਪ੍ਰਦਰਸ਼ਨੀ ਲਗਾਈ ਗਈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਪ੍ਰਦਰਸ਼ਨੀ ਦੌਰਾਨ ਸਜਾਵਟੀ ਬੂਟੇ, ਕੈਕਟਸ, ਬੌਨ ਸ਼ਾਹੀ ਆਦਿ ਦੀਆਂ 520 ਵੰਨਗੀਆਂ ਲੈ ਕੇ 10 ਸਕੂਲਾਂ ਦੇ ਵਿਦਿਆਰਥੀਆਂ, 12 ਨਰਸਰੀਆਂ ਅਤੇ 13 ਫ਼ੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਸਮੇਤ ਆਮ ਲੋਕਾਂ ਨੇ ਹਿੱਸਾ ਲਿਆ।
ਉਨਾਂ ਕਿਹਾ ਕਿ ਕੋਵਿਡ ਦੇ ਸਮੇਂ ਫੁੱਲਾਂ ਦੀ ਬਹੁਤ ਜ਼ਿਆਦਾ ਮਹੱਤਤਾ ਰਹੀ ਹੈ ਕਿਉਂਕਿ ਲੋਕ ਕੋਰੋਨਾ ਵਾਇਰਸ ਕਾਰਨ ਘਰਾਂ ਵਿਚ ਰਹੇ ਹਨ। ਉਨਾਂ ਕਿਹਾ ਕਿ ਲੋਕ ਘਰਾਂ ਵਿਚ ਫ਼ੁੱਲ ਲਗਾ ਕੇ ਉਨਾਂ ਦੀ ਸੰਭਾਲ ਕਰਕੇ ਅਪਣਾ ਸਮਾਂ ਚੰਗਾ ਬਤੀਤ ਕਰ ਸਕਦੇ ਹਨ। ਉਨਾਂ ਦੱਸਿਆ ਕਿ ਪ੍ਰਦਰਸ਼ਨੀ ਰਾਹੀਂ ਭਾਗੀਦਾਰਾਂ ਨੂੰ ਸ਼ੁੱਧ ਹਵਾ ਪੈਦਾ ਕਰਨ ਵਾਲੇ ਫੁੱਲਾਂ ਨੂੰ ਘਰਾਂ ਵਿੱਚ ਉਚਿਤ ਥਾਵਾਂ ’ਤੇ ਲਗਾਉਣ ਅਤੇ ਉਨਾਂ ਦੀ ਸਾਂਭ ਸੰਭਾਲ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲੇ ਦੇ ਕਈ ਪਿੰਡਾਂ ਵਿਚ ਕਿਸਾਨ ਵੀਰ ਫ਼ੁੱਲਾਂ ਦੀ ਖੇਤੀ ਕਰਕੇ ਚੌਖਾ ਮੁਨਾਫ਼ਾ ਕਮਾ ਰਹੇ ਹਨ, ਜਿਸਤੋਂ ਦੂਜੇ ਕਿਸਾਨ ਵੀਰਾਂ ਨੂੰ ਵੀ ਪ੍ਰੇਰਣਾ ਲੈ ਕੇ ਬਾਗਬਾਨੀ ਵਿਭਾਗ ਨਾਲ ਜੁੜਨਾ ਚਾਹੀਦਾ ਹੈ। ਉਨਾਂ ਕਿਹਾ ਕਿ ਇਸ ਪ੍ਰਦਰਸ਼ਨੀ ਦਾ ਇਕ ਮਕਸਦ ਬੱਚਿਆਂ ਨੂੰ ਕੁਦਰਤ ਨਾਲ ਜੋੜਣਾ ਵੀ ਹੈ। ਉਨਾਂ ਕਿਹਾ ਕਿ ਇਥੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਸੱਦਾ ਵੀ ਦਿੱਤਾ ਗਿਆ ਹੈ ਤਾਂ ਕਿ ਉਹ ਫ਼ੁੱਲਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰ ਕੇ ਵਾਤਾਵਰਣ ਸੰਭਾਲ ਵਿਚ ਆਪਣਾ ਯੋਗਦਾਨ ਪਾ ਸਕਣ।
ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਅਤੇ ਚੇਅਰਪਰਸਨ ਜ਼ਿਲਾ ਰੈਡ ਕਰਾਸ ਸੁਸਾਇਟੀ ਸੰਗਰੂਰ ਸ਼੍ਰੀਮਤੀ ਜਸਪ੍ਰੀਤ ਕੌਰ ਨੇ ਫੁੱਲਾਂ ਦੀ ਪ੍ਰਦਰਸ਼ਨੀ ’ਚ ਸਮੂਲੀਅਤ ਕਰਨ ਆਏ ਸਕੂਲੀ ਵਿਦਿਆਰਥੀਆਂ ਅਤੇ ਵੱਖ ਵੱਖ ਲੋਕਾਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਨਮੋਲ ਸਿੰਘ ਧਾਲੀਵਾਲ, ਐਸ.ਡੀ.ਐਮ. ਸੰਗਰੂਰ ਯਸ਼ਪਾਲ ਸ਼ਰਮਾ, ਐਸ.ਡੀ.ਐਮ. ਭਵਾਨੀਗੜ ਡਾ. ਕਰਮਜੀਤ ਸਿੰਘ, ਐਸ.ਡੀ.ਐਮ. ਧੂਰੀ ਲਤੀਫ਼ ਅਹਿਮਦ, ਐਸ.ਡੀ.ਐਮ. ਦਿੜਬਾ ਸਿਮਰਪ੍ਰੀਤ ਕੌਰ, ਡਿਪਟੀ ਡਾਇਰੈਕਟਰ ਬਾਗਬਾਨੀ ਕਰਨੈਲ ਸਿੰਘ, ਸਹਾਇਕ ਡਾਇਰੈਕਟਰ ਬਾਗਬਾਨੀ ਹਰਦੀਪ ਸਿੰਘ ਸਮੇਤ ਹੋਰ ਅਧਿਕਾਰੀ ਅਤੇ ਪ੍ਰਦਰਸ਼ਨੀ ’ਚ ਹਿੱਸਾ ਲੈਣ ਆਏ ਆਮ ਲੋਕ ਵੀ ਹਾਜ਼ਰ ਸਨ।
ਤਸਵੀਰ 1 ਅਤੇ 2
ਫ਼ੁੱਲਾਂ ਦੀ ਪ੍ਰਦਰਸ਼ਨੀ ਦਾ ਨਿਰੀਖਣ ਕਰਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ
ਤਸਵੀਰ 3, 4 ਅਤੇ 5
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਅਤੇ ਚੇਅਰਪਰਸਨ ਜ਼ਿਲਾ ਰੈਡ ਕਰਾਸ ਸੁਸਾਇਟੀ ਸੰਗਰੂਰ ਸ਼੍ਰੀਮਤੀ ਜਸਪ੍ਰੀਤ ਕੌਰ ਪ੍ਰਦਰਸ਼ਨੀ ਵਿੱਚ ਭਾਗ ਲੈਣ ਵਾਲਿਆਂ ਨੂੰ ਪ੍ਰਸ਼ੰਸਾਂ ਪੱਤਰ ਸੌਂਪਦੇ ਹੋਏ।
ਤਸਵੀਰ 6,7 ਅਤੇ 8
ਵੱਖ ਵੱਖ ਸਕੂਲੀ ਬੱਚੇ ਫੁੱਲਾਂ ਦੀ ਪ੍ਰਦਰਸ਼ਨੀ ਦਾ ਆਨੰਦ ਮਾਣਦੇ ਹੋਏ।