ਅਸ਼ੋਕ ਵਰਮਾ
ਬਠਿੰਡਾ, 05 ਮਾਰਚ 2021: ਪੰਜਾਬ ਸਟੇਟ ਪਾਵਰ ਕਾਰਪੋਰਸ਼ਨ ਲਿਮਟਿਡ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਕਰਮਚਾਰੀਆਂ ਨੂੰ ਫਸਟ ਏਡ ਸਬੰਧੀ ਸਿਖਲਾਈ ਦੇਣ ਲਈ ਸੀਨੀਅਰ ਐਕਸੀਅਨ ਟ੍ਰੇਨਿੰਗ ਵਿਕਾਸ ਗਰਗ ਦੀ ਅਗਵਾਈ ਹੇਠ ਥਰਮਲ ਵਿੱਚ 4 ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਭਾਰਤੀ ਰੈਡ ਕਰਾਸ ਸੁਸਾਇਟੀ ਦੇ ਫਸਟ ਏਡ ਮਾਸਟਰ ਟਰੇਨਰ ਨਰੇਸ਼ ਪਠਾਣੀਆ ਨੇ ਮੁਲਾਜਮਾਂ ਨੂੰ ਮੁਢਲੀ ਸਹਾਇਤਾ ਸਬੰਧੀ ਸਿਖਲਾਈ ਦਿੱਤੀ। ਇਸ ਮੌਕੇ ਨਰੇਸ਼ ਪਠਾਣੀਆ ਨੇ ਫਸਟ ਏਡ ਦੀ ਮਹੱਤਤਾ, ਦਿਲ ਦੇ ਦੌਰਿਆਂ ਦੌਰਾਨ ਦਿੱਤੀ ਜਾਣ ਵਾਲੀ ਸੀਪੀਆਰ, ਨਕਸੀਰ ਫੁੱਟਣ, ਬੇਹੋਸ਼ ਹੋ ਜਾਣ, ਚਮੜੀ ਸੜ ਜਾਣ, ਵਗਦੇ ਖੂਨ ਨੂੰ ਰੋਕਣ, ਪੱਟੀਆਂ ਕਰਨ, ਸਨੇਕ ਬਾਈਟ, ਫਰੈਕਚਰ ਕੇਸਾਂ ਨੂੰ ਸੰਭਾਲਣ, ਫਸਟ ਏਡ ਬਕਸਿਆਂ ਦੀ ਵਰਤੋਂ ਕਰਨ ਦੀ ਟ੍ਰੇਨਿੰਗ ਦਿੱਤੀ। ਟ੍ਰੇਨਰ ਨਰੇਸ਼ ਪਠਾਣੀਆ ਨੇ ਸਿਖਿਆਰਥੀਆਂ ਨੂੰ ਅਪੀਲ ਕੀਤੀ ਕਿ ਸੜਕੀ ਹਾਦਸਿਆਂ ਦੌਰਾਨ ਤੁਰੰਤ ਫਸਟ ਏਡ ਦੇਣ ਨਾਲ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ। ਸੋ, ਲੋੜ ਪੈਣ ਦੀ ਪੀੜਤਾਂ ਦੀ ਮੱਦਦ ਕੀਤੀ ਜਾਵੇ। ਸਿਖਲਾਈ ਸੈਸ਼ਨ ਦੇ ਆਖਰੀ ਦਿਨ ਸੀਨੀਅਰ ਐਕਸੀਅਨ ਵਿਕਾਸ ਗਰਗ ਨੇ ਸਟਾਫ ਨੂੰ ਅਪੀਲ ਕੀਤੀ ਕਿ ਅੱਜ ਦੇ ਤੇਜ ਰਫਤਾਰ ਜੀਵਨ ਵਿੱਚ ਫਸਟ ਏਡ ਦਾ ਬਹੁਤ ਮਹੱਤਵ ਹੈ। ਕੰਮਕਾਜੀ ਥਾਵਾਂ ਤੇ ਵੀ ਹਾਦਸਿਆਂ ਦਾ ਖ਼ਤਰਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਹ ਗਿਆਨ ਕਿਸੇ ਲਈ ਮੱਦਦਗਾਰ ਸਾਬਤ ਹੁੰਦਾ ਹੈ।ਉਹਨਾਂ ਰੈਡ ਕਰਾਸ ਸੁਸਾਇਟੀ ਵੱਲੋਂ ਪਹੁੰਚੇ ਟਰੇਨਰ ਨਰੇਸ਼ ਪਠਾਣੀਆ ਅਤੇ ਸੰਦੀਪ ਸ਼ਰਮਾ ਦਾ ਧੰਨਵਾਦ ਵੀ ਕੀਤਾ।