15 ਮਾਰਚ ਨੂੰ ਬਠਿੰਡਾ ਰੈਲੀ ਚ ਪਹੁੰਚਣ ਦਾ ਸੱਦਾ
ਅਸ਼ੋਕ ਵਰਮਾ
ਬਠਿੰਡਾ, 05 ਮਾਰਚ 2021:ਖੇਤ ਮਜ਼ਦੂਰ ਪਰਿਵਾਰਾਂ-ਦਲਿਤਾਂ ਦੇ ਘਰਾਂ ਚੋਂ ਬਿਜਲੀ ਮੀਟਰ ਪੁੱਟੇ ਜਾਣ ਤੇ ਮਜ਼ਦੂਰਾਂ ਖਿਲਾਫ ਬਿਜਲੀ ਮਹਿਕਮੇ ਵੱਲੋਂ ਕੇਸ ਦਰਜ ਕਰਾਉਣ ਵਿਰੁੱਧ ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਬੈਨਰ ਹੇਠ ਇਲਾਕੇ ਦੇ ਸੈਂਕੜੇ ਮਜ਼ਦੂਰ ਮਰਦ ਔਰਤਾਂ ਵੱਲੋਂ ਐਕਸੀਅਨ ਦਫ਼ਤਰ ਬਾਦਲ ਅੱਗੇ ਰੋਹ ਭਰਪੂਰ ਧਰਨਾ ਦਿੱਤਾ ਗਿਆ।ਇਸ ਮੌਕੇ ਇਕੱਠ ਨੂੰ ਯੂਨੀਅਨ ਦੇ ਜ਼ਿਲ੍ਹਾ ਕਮੇਟੀ ਮੈਂਬਰ ਕਾਲ਼ਾ ਸਿੰਘ ਖੂਨਣ ਖੁਰਦ, ਰਾਮਪਾਲ ਸਿੰਘ ਗੱਗੜ, ਮੱਖਣ ਸਿੰਘ, ਜਗਸੀਰ ਸਿੰਘ ਖਿਓਵਾਲੀ ਮਹਿਲਾ ਮਜ਼ਦੂਰ ਆਗੂ ਤਾਰਾਵੰਤੀ ਤੇ ਕਿਰਸ਼ਨਾ ਦੇਵੀ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਬੋਰਡ ਦੇ ਨਿੱਜੀਕਰਨ ਲਈ ਚੁੱਕੇ ਕਦਮਾਂ ਦੀ ਬਦੌਲਤ ਬਿਜਲੀ ਰੇਟਾਂ ਵਿਚ ਭਾਰੀ ਵਾਧਾ ਕਰਨ ਅਤੇ ਕਰੋਨਾ ਕਾਲ ਦੌਰਾਨ ਮੜੇ ਲਾਕਡਾਊਨ ਸਦਕਾ ਮਜ਼ਦੂਰਾਂ ਦੇ ਖੁੱਸੇ ਰੁਜ਼ਗਾਰ ਕਾਰਨ ਮਜ਼ਦੂਰ ਪਰਿਵਾਰ ਬਿਜਲੀ ਦੇ ਭਾਰੀ ਬਿੱਲ ਨਹੀਂ ਭਰ ਸਕੇ ਪਰ ਸਰਕਾਰ ਵੱਲੋਂ ਮਜ਼ਦੂਰਾਂ ਦੇ ਬਿੱਲ ਮੁਆਫ ਕਰਕੇ ਰਾਹਤ ਦੇਣ ਦੀ ਉਲਟਾ ਭਾਈ ਜ਼ੁਰਮਾਨੇ ਲਾਕੇ ਮਜ਼ਦੂਰਾਂ ਨੂੰ ਲੱਖਾਂ ਰੁਪਏ ਦੇ ਬਿਜਲੀ ਬਿੱਲ ਭੇਜ ਦਿੱਤੇ ਅਤੇ ਬਿੱਲ ਭਰਨ ਤੋਂ ਅਸਮਰੱਥ ਵੱਡੀ ਗਿਣਤੀ ਮਜ਼ਦੂਰਾਂ ਦੇ ਮੀਟਰ ਪੁੱਟੇ ਗਏ। ਉਹਨਾਂ ਇਹ ਦੋਸ਼ ਲਾਇਆ ਕਿ ਇਸ ਖੇਤਰ ਦੇ ਵਿੱਚ ਮਹਿਕਮੇ ਵੱਲੋਂ ਕਈ ਮਜ਼ਦੂਰਾਂ ਉਤੇ ਬਿਜਲੀ ਚੋਰੀ ਕਰਨ ਵਰਗੇ ਇਲਜ਼ਾਮ ਲਾਕੇ ਝੂਠੇ ਕੇਸ ਵੀ ਦਰਜ਼ ਕਰਵਾ ਦਿੱਤੇ।
ਉਹਨਾਂ ਬਿੱਲ ਮੁਆਫੀ ਦੇ ਮਾਮਲੇ ਵਿਚ ਮਜ਼ਦੂਰਾਂ ਨਾਲ ਵਿਤਕਰੇ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸੈਂਕੜੇ ਏਕੜ ਜ਼ਮੀਨ ਤੇ ਕਈ ਕਈ ਮੋਟਰਾਂ ਦੇ ਮਾਲਕ ਜਗੀਰਦਾਰਾਂ ਤੇ ਸਿਆਸਤਦਾਨਾ ਦੀਆ ਖੇਤੀ ਮੋਟਰਾਂ ਦੇ ਸਮੁੱਚੇ ਬਿਜਲੀ ਬਿੱਲ ਮੁਆਫ ਕੀਤੇ ਗਏ ਪਰ ਮਜ਼ਦੂਰਾਂ ਦੇ ਘਰੇਲੂ ਬਿਜਲੀ ਬਿੱਲਾਂ ਚੋਂ 200 ਯੂਨਿਟਾਂ ਦੀ ਮੁਆਫੀ ਦਿੱਤੀ ਗਈ। ਉਹਨਾਂ ਕਿਹਾ ਮਜ਼ਦੂਰਾਂ ਨੂੰ ਦਿੱਤੀ ਇਸ ਨਿਗੂਣੀ ਰਾਹਤ ਉਤੇ ਵੀ ਜਾਤ, ਧਰਮ ਤੇ ਲੋਡ ਵਰਗੀਆਂ ਕਈ ਸ਼ਰਤਾਂ ਮੜਕੇ ਅਨੇਕਾਂ ਲੋੜਵੰਦ ਪਰਿਵਾਰਾਂ ਨੂੰ ਇਸ ਰਾਹਤ ਤੋਂ ਵੀ ਵਾਂਝੇ ਕਰ ਦਿੱਤਾ। ਉਹਨਾਂ ਮੰਗ ਕੀਤੀ ਕਿ ਮਜ਼ਦੂਰਾਂ ਦੇ ਪੁੱਟੇ ਮੀਟਰ ਤੁਰੰਤ ਜੋੜੇ ਜਾਣ, ਬਿਜਲੀ ਬਿੱਲਾਂ ਦੇ ਬਕਾਏ ਖ਼ਤਮ ਕੀਤੇ ਜਾਣ, ਮਜ਼ਦੂਰਾਂ ਉਤੇ ਦਰਜ਼ ਕੇਸ ਵਾਪਿਸ ਲਾਏ ਜਾਣ, ਖੇਤੀ ਮੋਟਰਾਂ ਦੀ ਤਰ੍ਹਾਂ ਮਜ਼ਦੂਰਾਂ ਦੇ ਸਮੁੱਚੇ ਘਰੇਲੂ ਬਿਜਲੀ ਬਿੱਲ ਮੁਆਫ ਕੀਤੇ ਜਾਣ ਅਤੇ ਜ਼ਾਤ ਧਰਮ ਤੇ ਲੋਡ ਦੀ ਸ਼ਰਤ ਖ਼ਤਮ ਕੀਤੀ ਜਾਵੇ।
ਇਸ ਮੌਕੇ ਐਕਸੀਅਨ ਬਾਦਲ ਵੱਲੋਂ ਇਕੱਠ ਆਕੇ ਮੰਗ ਪੱਤਰ ਹਾਸਲ ਕੀਤਾ ਗਿਆ ਅਤੇ ਆਪਣੇ ਅਧਿਕਾਰ ਖੇਤਰ ਹੇਠਲੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।ਇਸ ਮੌਕੇ ਸਮੁੱਚੇ ਇਕੱਠ ਵੱਲੋਂ ਕਾਲੇ ਖੇਤੀ ਕਾਨੂੰਨਾਂ ਤੇ ਕਿਰਤ ਕਾਨੂੰਨਾਂ ਚ ਕੀਤੀਆਂ ਸੋਧਾਂ , ਬਿਜਲੀ ਸੋਧ ਬਿੱਲ 2020 ਦੀ ਵਾਪਸੀ ਅਤੇ ਮਜ਼ਦੂਰ ਮੰਗਾਂ ਨੂੰ ਲੈਕੇ 15ਮਾਰਚ ਨੂੰ ਜਥੇਬੰਦੀ ਵੱਲੋਂ ਬਠਿੰਡਾ ਵਿਖੇ ਕੀਤੀ ਜਾ ਰਹੀ ਸੂਬਾਈ ਰੈਲੀ ਚ ਵੱਡੀ ਪੱਧਰ ਤੇ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ।
ਮਜ਼ਦੂਰਾਂ ਨੂੰ ਆਏ ਲੱਖਾਂ ਰੁਪਏ ਦੇ ਬਿੱਲ ਕੀਤੇ ਪੇਸ਼
ਇਸ ਮੌਕੇ ਮਜ਼ਦੂਰ ਆਗੂਆਂ ਵੱਲੋਂ ਪਿੰਡ ਸਿੰਘੇਵਾਲਾ ਦੇ ਮਜ਼ਦੂਰ ਗੁਰਮੀਤ ਸਿੰਘ ਪੁੱਤਰ ਦਰਸ਼ਨ ਨੂੰ 180796 ਰੁਪਏ, ਸੁਨੀਤਾ ਪਤਨੀ ਸਭਾਸ਼ ਕੁਮਾਰ 161728 ਰੁਪਏ ਤੇ ਨਛੱਤਰ ਸਿੰਘ ਪੁੱਤਰ ਕਰਤਾਰ ਸਿੰਘ ਨੂੰ ਆਇਆ 104673 ਰੁਪਏ ਦਾ ਬਿੱਲ ਨਮੂਨੇ ਵਜੋਂ ਅਧਿਕਾਰੀਆਂ ਸਾਹਮਣੇ ਪੇਸ਼ ਕੀਤੇ ਗਏ।