ਮਨਪ੍ਰੀਤ ਸਿੰਘ ਜੱਸੀ
- ਸ਼ਹਿਰ ਦੇ ਹਰ ਇਲਾਕੇ ਦਾ ਕਰਵਾਇਆ ਗਿਆ ਹੈ ਬਹੁਪੱਖੀ ਵਿਕਾਸ : ਮੇਅਰ ਕਰਮਜੀਤ ਸਿੰਘ
ਅੰਮ੍ਰਿਤਸਰ, 7 ਮਾਰਚ, 2021: ਮੇਅਰ ਕਰਮਜੀਤ ਸਿੰਘ ਵੱਲੋਂ ਸ਼ਹਿਰ ਦੇ ਹਰ ਇਲਾਕੇ ’ਚ ਬਹੁਪੱਖੀ ਵਿਕਾਸ ਕਰਵਾਏ ਗਏ ਹਨ ਅਤੇ ਅਗਾਂਹ ਵੀ ਲਗਾਤਾਰ ਸ਼ਹਿਰ ਦੇ ਹਰ ਇਲਾਕੇ ਨੂੰ ਵਿਕਾਸ ਦੇ ਚਾਰ ਚੰਨ ਲਗਾਏ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਵਿਧਾਨ ਸਭਾ ਹਲਕਾ ਪੂਰਬੀ ਵਿਖੇ ਵਾਰਡ ਨੰ: 45 ਦੇ ਸੁਦਰਸ਼ਨ ਨਗਰ ਵਿਖੇ ਨਵੇਂ ਬਣੇ ਟਿਊਬਵੈੱਲ ਦਾ ਉਦਘਾਟਨ ਕੀਤਾ ਗਿਆ। ਇਹ ਕੰਮ ਦੀ ਲਾਗਤ 18 ਲੱਖ ਰੁਪਏ ਹੈ ਜਿਸ ਨਾਲ ਵਾਰਡ ਨੰ: 45 ਦੇ ਸੁਦਰਸ਼ਨ ਨਗਰ, ਗੋਬਿੰਦ ਨਗਰ, ਨਿਊ ਗੋਬਿੰਦ ਨਗਰ, ਅਕਾਲੀ ਕਲੌਨੀ ਆਦਿ ਦੇ ਇਲਾਕਾ ਵਾਸੀਆਂ ਦੀ ਪਾਣੀ ਦੀ ਕਿੱਲਤ ਦੂਰ ਹੋਵੇਗੀ ਤੇ ਸ਼ੁੱਧ ਪਾਣੀ ਮੁਹੱਂਈਆ ਹੋਵੇਗਾ।
ਇਸ ਮੌਕੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਸ਼ਹਿਰ ਦਾ ਕੋਈ ਵੀ ਇਲਾਕਾ ਵਿਕਾਸ ਪੱਖੋਂ ਸਖਣਾ ਨਹੀਂ ਰਹਿਣ ਦਿੱਤਾ ਗਿਆ ਅਤੇ ਅਗਾਂਹ ਵੀ ਇਸੇ ਤਰ੍ਹਾਂ ਵਿਕਾਸ ਕਾਰਜ ਜਾਰੀ ਰਹਿਣਗੇ। ਮੇਅਰ ਨੇ ਕਿਹਾ ਕਿ ਸ਼ਹਿਰ ਦੇ ਹਰ ਇਲਾਕੇ ਦਾ ਕੋਈ ਵੀ ਕੰਮ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ। ਮੇਅਰ ਨੇ ਦੱਸਿਆ ਕਿ ਸ਼ਹਿਰ ਦੇ ਹਰ ਇਲਾਕੇ ’ਚ ਪੈਂਦੇ ਪਾਰਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਅਤੇ ਜੋ ਰਹਿੰਦੇ ਹਨ ਉਨ੍ਹਾਂ ਦਾ ਵੀ ਨਵੀਨੀਕਰਨ ਬਹੁਤ ਜਲਦ ਕੀਤਾ ਜਾਵੇਗਾ। ਇਸੇ ਦੌਰਾਨ ਸ਼ਹਿਰ ਦੀ ਹਰ ਵਾਰਡ ’ਚ ਐਲ ਈ ਡੀ ਲਾਈਟਾਂ ਵੀ ਲਗਾ ਦਿੱਤੀਆਂ ਗਈਆਂ ਹਨ। ਉਨਾਂ ਕਿਹਾ ਕਿ ਲੋਕਾਂ ਦੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਨਵੀਆਂ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਅਤੇ ਟਿਊਬਵੈਲ ਲਗਾ ਦਿੱਤੇ ਗਏ ਹਨ।।ਮੇਅਰ ਨੇ ਇਸ ਮੌਕੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਮੌਕੇ ਤੇ ਮੌਜੂਦ ਅਧਿਕਾਰੀਆਂ ਨੂੰ ਉਸਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ।
ਇਸ ਮੌਕੇ ਕੌਂਸਲਰ ਸ੍ਰੀਮਤੀ ਦਲਬੀਰ ਕੌਰ, ਚਰਨਜੀਤ ਸਿੰਘ ਬੱਬਾ, ਰਜਿੰਦਰ ਸਿੰਘ ਐਸ.ਡੀ.ਓ., ਐਕਸੀਅਨ ਬਲਜੀਤ ਸਿੰਘ ਆਦਿ ਹਾਜ਼ਰ ਸਨ।