ਅਸ਼ੋਕ ਵਰਮਾ
ਬਠਿੰਡਾ, 8 ਮਾਰਚ 2021: ਆਉਂਦੇ ਝੋਨੇ ਦੇ ਸੀਜ਼ਨ ਨੂੰ ਦੇਖਦਿਆਂ ਪਾਵਰਕੌਮ ਪ੍ਰਬੰਧਕਾਂ ਨੇ ਹੁਣੇ ਤੋਂ ਹੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਖਪਤਕਾਰਾਂ ਨੂੰ ਵੱਧ ਤੋਂ ਵੱਧ ਸੁਵਿਧਾਵਾਂ ਮੁਹੱਈਆ ਕਰਾਉਣ ਅਤੇ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਹੱਲ ਕੱਢਣ ਦੇ ਮੱਦੇਨਜ਼ਰ ਡਾਇਰੈਕਟਰ (ਵੰਡ) ਇੰਜ. ਡੀਪੀਐਸ ਗਰੇਵਾਲ ਨੇ ਬਠਿੰਡਾ ਜ਼ੋਨ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪੂਰੀ ਤਰਾਂ ਮੁਸਤੈਦ ਰਹਿਣ ਲਈ ਆਖਿਆ ਹੈ। ਇੰਜ. ਗਰੇਵਾਲ ਨੇ ਅਧਿਕਾਰੀਆਂ ਨੂੰ ਪੈਡੀ ਸੀਜ਼ਨ ਨੂੰ ਦੇਖਦਿਆਂ ਵੱਖ-ਵੱਖ ਸਮਰੱਥਾ ਦੇ ਟਰਾਂਸਫਾਰਮਰ ਵਾਧੂ ਸਟਾਕ ਰੱਖਣ ਲਈ ਆਖਿਆ ਤਾਂ ਜੋ ਮੌਕੇ ਤੇ ਕੋਈ ਦਿੱਕਤ ਪੇਸ਼ ਨਾ ਆਵੇ। ਇਸ ਦੌਰਾਨ ਬਿਲਿੰਗ ਦੀ ਵਿਵਸਥਾ ਵਿੱਚ ਲੋੜੀਂਦੇ ਸੁਧਾਰਾਂ ਬਾਰੇ ਚਰਚਾ ਹੋਈ। ਡਿਫਾਲਟਰ ਖ਼ਪਤਕਾਰਾਂ ਖ਼ਾਸ ਕਰਕੇ ਸਰਕਾਰੀ ਅਦਾਰਿਆਂ ਤੋਂ ਰਿਕਵਰੀ ਤੇਜ ਕਰਨ ਬਾਰੇ ਜ਼ੋਰ ਦਿੱਤਾ ਗਿਆ। ਬਿਜਲੀ ਦੀ ਚੋਰੀ ਰੋਕਣ ਵਾਸਤੇ ਟੈਂਪਰੇਰੀ ਕੁਨੈਕਸ਼ਨਾਂ ਦੀ ਜਾਂਚ , ਪਬਲਿਕ ਲਾਈਟਿੰਗ ਕੁਨੈਕਸ਼ਨਾਂ ਨੂੰ ਜਾਂਚਣ ਅਤੇ ਲੋਡ ਅਪਡੇਟ ਕਰਨ ਸਮੇਤ ਤਕਨੀਕੀ ਸੁਧਾਰਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ। ਇਸ ਦੌਰਾਨ ਫੀਲਡ ’ਚ ਬਿਨਾਂ ਇਸਤੇਮਾਲ ਕੀਤੇ ਫੀਲਡ ਵਿਚ ਪਏ , ਵਿਾਧੂ ਜਾਂ ਨੁਕਸਾਨੇ ਅਤੇ ਕਿਸੇ ਤਕਨੀਕੀ ਨੁਕਸ ਕਾਰਨ ਇਸਤੇਮਾਲ ਚ ਨਾ ਲਿਆਂਦੇ ਗਏ ਸਾਜ਼ੋ ਸਮਾਨ ਨੂੰ ਵਾਪਸ ਭੇਜਣ ਬਾਰੇ ਗੱਲ ਕੀਤੀ ਗਈ। ਸਟਾਫ ਦੀ ਹਾਜ਼ਰੀ, ਕੈਸ਼ਬੁੱਕ, ਲੋੜੀਂਦੇ ਰਜਿਸਟਰਾਂ ਨੂੰ ਜਾਂਚਣ, ਬੇਨਿਯਮੀਆਂ ਦੂਰ ਕਰਨ , ਲੰਗਰ ਕਮੇਟੀਆਂ, ਸਮਾਜਸੇਵੀ ਸੰਗਠਨਾਂ ਆਦਿ ਦੇ ਸਹਿਯੋਗ ਨਾਲ ਐਲਈਡੀ ਬੱਲਬਾਂ ਦੀ ਵੰਡ ਸਣੇ ਹੋਰ ਮੁੱਦਿਆਂ ਤੋਂ ਇਲਾਵਾ ਡਾਇਰੈਕਟਰ ਫਾਇਨਾਂਸ ਦੇ ਦਫਤਰ ਵੱਲੋਂ ਦਿਤੇ ਗਏ ਵਿਸ਼ਿਆਂ ਤੇ ਵੀ ਚਰਚਾ ਹੋਈ। ਚੀਫ ਇੰਜਨੀਅਰ ਪੱਛਮ ਜ਼ੋਨ ਬਠਿੰਡਾ ਇੰਜ. ਜੀਵਨ ਕਾਂਸਲ ਨੇ ਭਰੋਸਾ ਦਿਵਾਇਆ ਕਿ ਸਮੂਹ ਅਧਿਕਾਰੀਆਂ ਵੱਲੋਂ ਪੂਰੀ ਤਨਦੇਹੀ ਨਾਲ ਕੰਮ ਕਰਦਿਆਂ ਖਪਤਕਾਰਾਂ ਦੀ ਸੁਵਿਧਾ ਦਾ ਖਾਸ ਧਿਆਨ ਰੱਖਿਆ ਜਾਵੇਗਾ।