ਕਮਲਜੀਤ ਸਿੰਘ ਸੰਧੂ
ਬਰਨਾਲਾ, 9 ਅਪ੍ਰੈਲ 2021 - ਬਰਨਾਲਾ ਪੁਲਿਸ ਵਲੋਂ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਮਾਰਨ ਵਾਲਿਆਂ ‘ਤੇ ਸਖ਼ਤਾਈ ਜਾਰੀ ਹੈ। ਜਿਸ ਤਹਿਤ ਬਰਨਾਲਾ ਪੁਲਿਸ ਵਲੋਂ ਜ਼ਿਲ੍ਹੇ ਭਰ ਵਿੱਚ ਬੁਲੇਟ ਦੇ ਪਟਾਕੇ ਮਾਰਨ ਵਾਲੇ ਸਾਈਲੈਂਸਰ ਉਤਾਰ ਕੇ ਨਸ਼ਟ ਕੀਤੇ ਜਾ ਰਹੇ ਹਨ। ਪਹਿਲਾਂ ਜਿੱਥੇ ਪੁਲਿਸ ਵਲੋਂ ਹਥੌੜੇ ਅਤੇ ਰੋੜਰੋਲਰ ਨਾਲ ਸਾਈਲੈਂਸਰਾਂ ਨੂੰ ਤੋੜਿਆ ਗਿਆ ਸੀ। ਉਥੇ ਅੱਜ ਪੁਲਿਸ ਵਲੋਂ ਬੁਲੇਟ ਦੇ ਪਟਾਕੇ ਵਾਲੇ ਸਾਈਲੈਂਸਰ ਉਤਾਰ ਕੇ ਕਟਰ ਨਾਲ ਕੱਟ ਕੇ ਨਸ਼ਟ ਕੀਤੇ ਗਏ।
ਪੁਲਿਸ ਵਲੋਂ ਇਸ ਮੁਹਿੰਮ ਤਹਿਤ ਹੁਣ ਤੱਕ ਜ਼ਿਲੇ ਭਰ ਵਿੱਚੋਂ 150 ਦੇ ਕਰੀਬ ਮੋਡੀਫ਼ਾਈ ਕੀਤੇ ਪਟਾਕੇ ਵਾਲੇ ਉਤਾਰ ਕੇ ਨਸ਼ਟ ਕੀਤੇ ਜਾ ਚੁੱਕੇ ਹਨ, ਜਦੋਂਕਿ 200 ਲੋਕਾਂ ਦੇ ਚਾਲਾਨ ਕੀਤੇ ਗਏ ਹਨ। ਸ਼ਹਿਰ ਨਿਵਾਸੀਆਂ ਵਲੋਂ ਬਰਨਾਲਾ ਪੁਲਿਸ ਦੇ ਇਸ ਉਪਰਾਲੇ ਦੀ ਖ਼ੂਬ ਪ੍ਰਸ਼ੰਸ਼ਾ ਕੀਤੀ ਜਾ ਰਹੀ ਹੈ।
ਇਸ ਸਬੰਧੀ ਬਰਨਾਲਾ ਪੁਲਿਸ ਦੇ ਸਬ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਨ ਬੋਰਡ ਦੀਆਂ ਹਦਾਇਤਾਂ ਤਹਿਤ ਬਰਨਾਲਾ ਪੁਲਿਸ ਵਲੋਂ ਐਸਐਸਪੀ ਬਰਨਾਲਾ ਦੀ ਅਗਵਾਈ ਵਿੱਚ ਬੁਲੇਟ ਦੇ ਪਟਾਕੇ ਪਾ ਕੇ ਹੁੱਲੜਬਾਜ਼ੀ ਕਰਨ ਵਾਲਿਆਂ ’ਤੇ ਸਖ਼ਤੀ ਕੀਤੀ ਜਾ ਚੁੱਕੀ ਹੈ। ਜਿਸ ਤਹਿਤ ਪਟਾਕੇ ਮਾਰਨ ਵਾਲੇ ਬੁਲੇਟਾਂ ਦੇ ਸਾਈਲੈਂਸਰ ਉਤਾਰ ਕੇ ਨਸ਼ਟ ਕਰਵਾਏ ਜਾ ਰਹੇ ਹਨ। ਹੁਣ ਤੱਕ ਪੂਰੇ ਬਰਨਾਲਾ ਜ਼ਿਲੇ ਵਿੱਚ ਪਟਾਕੇ ਮਾਰ ਕੇ ਹੁੱਲੜਬਾਜ਼ੀ ਕਰਨ ਵਾਲੇ 200 ਲੋਕਾਂ ਦੇ ਚਾਲਾਨ ਕੀਤੇ ਜਾ ਚੁੱਕੇ ਹਨ, ਜਦੋਂਕਿ 150 ਦੇ ਸਾਈਲੈਂਸਰ ਉਤਾਰੇ ਗਏ ਹਨ। ਉਹਨਾਂ ਦੱਸਿਆ ਕਿ ਬਰਨਾਲਾ ਪੁਲਿਸ ਦੀ ਇਸ ਮੁਹਿੰਮ ਨੂੰ ਸ਼ਹਿਰ ਦੇ ਲੋਕਾਂ ਵਲੋਂ ਭਰਪੂਰ ਸਮਰੱਥਨ ਮਿਲ ਰਿਹਾ ਹੈ। ਜਿਸ ਤਹਿਤ ਸ਼ਹਿਰ ਦੇ ਲੋਕ ਆਪਣੇ ਆਪ ਮੋਡੀਫ਼ਾਈ ਸਾਈਲੈਂਸਰ ਉਤਾਰ ਕੇ ਪੁਲਿਸ ਨੂੰ ਦੇ ਰਹੇ ਹਨ। ਉਹਨਾਂ ਦੱਸਿਆ ਕਿ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ।