ਸੰਜੀਵ ਜਿੰਦਲ
- ਗੁੱਟ ਬੰਦੀ ਕਾਰਨ ਰੁਕੇ ਹੋਏ ਨੇ ਮਾਨਸਾ ਸ਼ਹਿਰ ਦੇ ਸਾਰੇ ਮਸਲੇ
ਮਾਨਸਾ - 10 ਅਪ੍ਰੈਲ 2021 : ਮਾਨਸਾ ਦੇ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਰੇੜਕਾ ਪਹਿਲਾਂ ਵੀ ਪੂਰੇ ਪੰਜ ਸਾਲ ਹੀ ਚਲਦਾ ਰਿਹਾ ਪਰ ਮਾਨਸਾ ਨੂੰ ਲਗਪਗ ਚਾਰ ਸਾਲਾਂ ਤਕ ਕੋਈ ਪ੍ਰਧਾਨ ਨਾ ਮਿਲਿਆ । ਉਸੇ ਹੀ ਤਰ੍ਹਾਂ ਹੁਣ ਹੋਈਆਂ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਬੇਸ਼ੱਕ ਕਾਂਗਰਸ ਦੇ ਉਮੀਦਵਾਰਾਂ ਨੇ ਬਹੁਮਤ ਹਾਸਲ ਕਰ ਲਿਆ ਸੀ ਪਰ ਆਪਸੀ ਗੁੱਟਬੰਦੀਆਂ ਦੇ ਕਾਰਨ ਹੁਣ ਤਕ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਫ਼ੈਸਲਾ ਨਹੀਂ ਹੋ ਸਕਿਆ ।
ਜਿੱਤਣ ਵਾਲੇ ਸਾਰੇ ਐੱਮ ਸੀ ਆਪਣੇ ਆਪਣੇ ਚਹੇਤੇ ਉਮੀਦਵਾਰਾਂ ਤੋਂ ਉਮੀਦਾਂ ਲਗਾਈ ਬੈਠੇ ਹਨ ਕਿ ਉਹ ਹੀ ਮਾਨਸਾ ਨਗਰ ਕੌਂਸਲ ਦੇ ਪ੍ਰਧਾਨ ਬਣਨਗੇ । ਇਸੇ ਦੇ ਮੱਦੇਨਜ਼ਰ ਡੇਰਾ ਬਾਬਾ ਭਾਈ ਗੁਰਦਾਸ ਵਿੱਚ ਮਾਨਸਾ ਦੇ ਐਮਸੀ ਦੀ ਮੀਟਿੰਗ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਦੀ ਅਗਵਾਈ ਹੇਠ ਹੋਈ , ਜਿਸ ਵਿੱਚ ਹਾਜਰ ਸਾਰੇ ਐੱਮ ਸੀ ਵੱਲੋਂ ਜਸਬੀਰ ਕੌਰ ਚੌਹਾਨ ਵਾਰਡ ਨੰਬਰ 17 ਦੀ ਐਮ ਸੀ ਉੱਪਰ ਆਪਣੀ ਸਹਿਮਤੀ ਪ੍ਰਗਟਾਉਂਦੇ ਹੋਏ ਕਿਹਾ ਕਿ ਇਨ੍ਹਾਂ ਨੂੰ ਨਗਰ ਕੌਂਸਲ ਮਾਨਸਾ ਦਾ ਪ੍ਰਧਾਨ ਨਿਯੁਕਤ ਕੀਤਾ ਜਾਵੇ ।
ਪਰ ਦੂਸਰੇ ਗੁੱਟ ਦੇ ਵਿਅਕਤੀਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ । ਅਸਲ ਵਿੱਚ ਵੇਖਿਆ ਜਾਵੇ ਤਾਂ ਨਗਰ ਕੌਂਸਲ ਦਾ ਪ੍ਰਧਾਨ ਬਣਨ ਦੇ ਚਾਹਵਾਨ ਉਮੀਦਵਾਰਾਂ ਨੇ ਆਪਣੀਆਂ ਆਪਣੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਨਗਰ ਕੌਂਸਲ ਮਾਨਸਾ ਦੀ ਪ੍ਰਧਾਨਗੀ ਦਾ ਤਾਜ ਕਿਸ ਦੇ ਸਿਰ ਸੱਜਦਾ ਹੈ। ਪਰ ਸਾਰੇ ਉਮੀਦਵਾਰ ਆਪਣਾ ਆਪਣਾ ਜ਼ੋਰ ਲਗਾ ਰਹੇ ਹਨ ਅਤੇ ਉਹ ਆਪਣੀ ਸਿਆਸੀ ਪਹੁੰਚ ਦਾ ਫ਼ਾਇਦਾ ਲੈਂਦੇ ਹੋਏ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਸਿਹਰਾ ਆਪਣੇ ਸਿਰ ਸਜਾਉਣ ਲਈ ਕੋਸ਼ਿਸ਼ ਕਰ ਰਹੇ ਹਨ ।
ਸ਼ਹਿਰ ਮਾਨਸਾ ਦੀ ਨਗਰ ਕੌਂਸਲ ਦੇ ਪ੍ਰਧਾਨਗੀ ਦੇ ਨੋਟੀਫਿਕੇਸ਼ਨ ਤੋ ਬਾਅਦ ਪ੍ਰਧਾਨਗੀ ਦੇ ਰੇੜਕੇ ਦੇ ਚੱਲਦੇ ਅੱਜ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਬਾਕੀ ਕਾਂਗਰਸ ਦੇ ਕੌਂਸਲਰਾ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਕਾਂਗਰਸ ਪਾਰਟੀ ਦੇ ਪ੍ਰਧਾਨਗੀ ਉਮੀਦਵਾਰ ਨੂੰ ਹੀ ਵੋਟ ਪਾਉਣ। ਜਿਕਰਯੋਗ ਹੈ ਕਿ ਬਾਂਸਲ ਧੜੇ ਵੱਲੋ ਜਾਂ ਤਾਂ ਪ੍ਰਵੀਨ ਗਰਗ ਟੋਨੀ ਅਜ਼ਾਦ ਕੌਂਸਲਰ ਜਾਂ ਪ੍ਰੇਮ ਸਾਗਰ ਭੋਲਾ ਕਾਂਗਰਸੀ ਕੌਂਸਲਰ ਨੂੰ ਪ੍ਰਧਾਨ ਦਾ ਕੈਂਡੀਡੇਟ ਬਣਾ ਕੇ ਦੋਵੇ ਅਜ਼ਾਦ ਤੇ ਕਾਂਗਰਸੀ ਉਮੀਦਵਾਰ ਇਕੱਠੇ ਕਰਨ ਦੀ ਕੋਸ਼ਿਸ਼ ਮਾਸਟਰ ਮਾਈਂਡ ਐਕਸ ਐਮਸੀ ਅਨਿਲ ਜੋਨੀ ਦੁਆਰਾ ਕੀਤੀ ਜਾ ਰਹੀ ਹੈ। ਇਸ ਸਮੇਂ ਮਾਨਸਾ ਨਗਰ ਕੌਂਸਲ ਦਾ ਪ੍ਰਧਾਨ ਬਣਨ ਲਈ ਮਾਹੌਲ ਪੂਰਾ ਭਖਿਆ ਹੋਇਆ ਹੈ।