ਮੁਲਾਜ਼ਮਾਂ ਨੇ ਕੈਬਨਿਟ ਮੰਤਰੀ ਨੂੰ ਸੌਂਪਿਆ ਵਾਅਦਾ ਯਾਦ ਕਰਾਊ ਪੱਤਰ
ਹੁਸ਼ਿਆਰਪੁਰ, 10 ਅਪ੍ਰੈਲ 2021-ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੁਰਾਣੀ ਪੈਂਨਸ਼ਨ ਬਹਾਲ ਕਰਨ ਦੇ ਕੀਤੇ ਗਏ ਵਾਅਦੇ ਨੂੰ ਯਾਦ ਕਰਵਾਉਣ ਲਈ ਪੁਰਾਣੀ ਪੈੰਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਖੇਤਰੀ ਆਗੂਆਂ ਵੱਲੋਂ ਪੰਜਾਬ ਸਰਕਾਰ ਨਾਲ ਸਬੰਧਤ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਵਾਅਦਾ ਯਾਦ ਕਰਾਊ ਪੱਤਰ ਦਿੱਤਾ ਗਿਆ। ਕਮੇਟੀ ਆਗੂ ਜਸਵੀਰ ਤਲਵਾੜਾ,ਪਿ੍ਰੰਸੀਪਲ ਅਮਨਦੀਪ ਸ਼ਰਮਾ, ਤਿਲਕ ਰਾਜ, ਸਤੀਸ਼ ਰਾਣਾ ਕੁਲਦੀਪ ਵਾਲੀਆ, ਕਰਨੈਲ ਫਿਲੌਰ, ਪਰਮਿੰਦਰਪਾਲ ਸਿੰਘ ਨੇ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਉੱਤੇ ਇਲਜਾਮ ਲਗਾਉਂਦਿਆਂ ਕਿਹਾ ਕਿ ਪਿਛਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੁਰਾਣੀ ਪੈੰਨਸ਼ਨ ਬਹਾਲ ਕਰਨ ਦੇ ਕੀਤੇ ਗਏ ਆਪਣੇ ਵਾਅਦੇ ਤੋਂ ਭੱਜ ਰਹੀ ਹੈ। ਸਰਕਾਰ ਦੇ ਦੇ ਚਾਰ ਸਾਲ ਬੀਤ ਜਾਣ ਬਾਅਦ ਵੀ ਇਸ ਵਾਅਦੇ ਨੂੰ ਪੂਰਾ ਕਰਨ ਲਈ ਸਰਕਾਰ ਵੱਲੋਂ ਖਾਨਾਪੂਰਤੀ ਤੋਂ ਇਲਾਵਾ ਕੋਈ ਉਪਰਾਲਾ ਨਹੀਂ ਕੀਤਾ ਗਿਆ। ਯਾਦ ਰਹੇ ਪੁਰਾਣੀ ਪੈੰਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੰਘਰਸ਼ਾਂ ਸਦਕਾ ਦੋ ਸ਼ਾਲ ਪਹਿਲਾਂ ਐਨ.ਪੀ.ਐਸ.ਰੀਵਿਉ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਕਿਹਾ ਗਿਆ ਕਿ ਯੂਨੀਅਨ ਨੁਮਾਇੰਦਿਆਂ ਨੂੰ ਬੁਲਾਕੇ ਇਸ ਬਾਰੇ ਰੀਵਿਉ ਕੀਤਾ ਜਾਵੇਗਾ, ਜਦੋਂਕਿ ਸਰਕਾਰ ਵਲੋਂ ਕਾਗਜਾਂ ਵਿੱਚ ਹੀ ਇਸ ਰੀਵਿਉ ਲਈ ਰੈਡੀ ਕਮੇਟੀ ਦਾ ਗਠਨ ਕੀਤਾ ਗਿਆ, ਅਸਲੀਅਤ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ, ਇਸ ਲਈ ਸਰਕਾਰ ਦੇ ਟਾਲ ਮਟੋਲ ਵਾਲੇ ਰਵੱਈਏ ਨੂੰ ਲੈ ਕੇ ਵੀ ਮੁਲਾਜਮਾਂ ਵਿੱਚ ਸਰਕਾਰ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਮੁਲਾਜ਼ਮ ਆਗੂ ਵਿਕਾਸ ਸ਼ਰਮਾ, ਜਗਵਿੰਦਰ ਸਿੰਘ ਪਿ੍ਰੰਸ ਗੜਦੀਵਾਲਾ, ਚਮਨ ਲਾਲ, ਰਮਨ ਚੌਧਰੀ, ਰਜਤ ਮਹਾਜਨ, ਸੱਤਪਾਲ, ਗੁਰਵਿੰਦਰ ਸਿੰਘ, ਦਵਿੰਦਰ ਸਿੰਘ,ਜਸਵਿੰਦਰਪਾਲ ਸਿੰਘ, ਸੱਤ ਪ੍ਰਕਾਸ਼, ਵਰਿੰਦਰ ਵਿੱਕੀ ਨੇ ਦੱਸਿਆ ਕਿ ਅੱਜ ਦੇ ਸਮੇਂ ਜਦੋਂ ਐੱਨਪੀਐੱਸ ਵਰਗੀ ਖੋਖਲੀ ਸਕੀਮ ਦੇ ਚਿੰਤਾਜਨਕ ਨਤੀਜੇ ਸਾਹਮਣੇ ਆ ਰਹੇ ਹਨ, ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਗੰਭੀਰਤਾ ਨਾਲ ਨਾ ਲਏ ਜਾਣਾ ਸਪੱਸ਼ਟ ਕਰਦਾ ਹੈ ਤੇ ਸਰਕਾਰ ਆਪਣੀ ਜਿੰਮੇਵਾਰੀ ਤੋਂ ਭੱਜ ਰਹੀ ਹੈ। ਹੁਣ ਜਦੋਂ ਐੱਨਪੀਐੱਸ ਤਹਿਤ ਜਿਹੜੇ ਕੁੱਝ ਸਾਥੀ ਰਿਟਾਇਰ ਹੋਏ ਹਨ ਉਹ ਗੁਰਬਤ ਦੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ । ਆਗੂਆਂ ਨੇ ਦੱਸਿਆ ਕਿ 23 ਮਾਰਚ ਨੂੰ ਪਿ੍ਰੰਸੀਪਲ ਸੈਕਟਰੀ ਟੂ ਕੈਪਟਨ ਸੁਰੇਸ਼ ਕੁਮਾਰ ਨਾਲ ਹੋਈ ਮੀਟਿੰਗ ਵਿੱਚ ਕੋਈ ਸਾਰਥਕ ਨਤੀਜੇ ਸਾਹਮਣੇ ਨਹੀਂ ਆਏ ਇਸ ਕਰਕੇ ਮੁਲਾਜਮਾਂ ਨੂੰ ਅੱਜ ਕੈਬਨਿਟ ਮੰਤਰੀਆਂ ਦਾ ਮਜਬੂਰਨ ਘੇਰਾਓ ਕਰਨਾ ਪਿਆ। ਕਮੇਟੀ ਦੇ ਸੂਬਾ ਆਗੂਆਂ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਸਪੱਸ਼ਟ ਕੀਤਾ ਕਿ ਜੇ ਸਾਡੀ ਇਸ ਮੰਗ ਨੂੰ ਅਣਗੌਲਿਆਂ ਕੀਤਾ ਜਾਣਾ ਜਾਰੀ ਰਹਿੰਦਾ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਅਤੇ ਨੁਮਾਇੰਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰੀ ਖਿੱਚ ਲੈਣ।