ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ , 12 ਅਪ੍ਰੈਲ 2021 : ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਰਨਛੋਹ ਪ੍ਰਾਪਤ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਚੇਤ ਮਹੀਨੇ ਦੀ ਮੱਸਿਆ ਦਾ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਭਾਰੀ ਗਿਣਤੀ 'ਚ ਸ਼ਰਧਾਲੂਆਂ ਨੇ ਪਵਿੱਤਰ ਸਰੋਵਰ ਵਿੱਚ ਸ਼ਰਧਾ ਨਾਲ ਇਸ਼ਨਾਨ ਕੀਤਾ ਤੇ ਗੁਰਦੁਆਰਾ ਬੇਰ ਸਾਹਿਬ ਮੱਥਾ ਟੇਕਿਆ ਅਤੇ ਗੁਰਬਾਣੀ ਕੀਰਤਨ ਸਰਵਣ ਕੀਤਾ । ਇਸ ਸਮੇਂ ਸੰਗਤਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਆਪਣੇ ਪਾਵਨ ਹਸਤ ਕਮਲਾਂ ਨਾਲ ਲਗਾਈ ਬੇਰੀ ਸਾਹਿਬ ਦੇ ਦਰਸ਼ਨ ਪ੍ਰਕਰਮਾ ਵੀ ਕੀਤੀਆਂ । ਇਹ ਮੱਸਿਆ ਦਾ ਦਿਹਾੜਾ ਮੈਨੇਜਰ ਭਾਈ ਰੇਸ਼ਮ ਸਿੰਘ ਮੁਕਤਸਰੀ ਦੀ ਦੇਖਰੇਖ ਹੇਠ ਮਨਾਇਆ ਗਿਆ।
ਇਸ ਜੋੜ ਮੇਲੇ ਤੇ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਧਾਰਮਿਕ ਦੀਵਾਨ ਸਜਾਏ ਗਏ । ਜਿਸ ਵਿੱਚ ਭਾਈ ਹਰਵਿੰਦਰ ਸਿੰਘ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ , ਭਾਈ ਕਰਮ ਸਿੰਘ ਰੱਤਾ ਗੁੱਦਾ , ਭਾਈ ਰਣਜੀਤ ਸਿੰਘ ਚੋਹਲਾ ਸਾਹਿਬ,ਭਾਈ ਸਤਨਾਮ ਸਿੰਘ ਫਰੀਦਸਰਾਏ,ਭਾਈ ਕਾਰਜ ਸਿੰਘ ਰਾਹਲ ਚਾਹਲ,ਭਾਈ ਕੁਲਵੰਤ ਸਿੰਘ ਰਾਣੀਵਲਾਹ, ਭਾਈ ਨਿਸ਼ਾਨ ਸਿੰਘ ਪਨਗੋਟਾ ਭਾਈ ਸੁਖਦੇਵ ਸਿੰਘ ਬੂਹ ਢਾਡੀ ਜਥਾ ਆਦਿ ਜਥਿਆਂ ਨੇ ਦੀਵਾਨ ਵਿੱਚ ਹਾਜਰੀ ਭਰੀ ਤੇ ਸੰਗਤਾਂ ਨੂੰ ਗੁਰਇਤਿਹਾਸ ਸੁਣਾਇਆ । ਇਸ ਸਮੇਂ ਭਾਈ ਮਨਪ੍ਰੀਤ ਸਿੰਘ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਨੇ ਸਟੇਜ ਦੀ ਸੇਵਾ ਨਿਭਾਈ।ਇਸ ਮੌਕੇ ਤੇ ਸੰਗਤਾਂ ਲਈ ਗੁਰੂ ਕੇ ਅਤੁੱਟ ਲੰਗਰ ਲਗਾਏ ਗਏ ।
ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਭਾਈ ਰੇਸ਼ਮ ਸਿੰਘ ਮੁਕਤਸਰੀ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦੇ ਦੱਸਿਆ ਕਿ 13 ਅਪ੍ਰੈਲ ਨੂੰ ਵਿਸਾਖੀ ਮਹੀਨੇ ਦੀ ਸ਼ੰਗਰਾਂਦ ਦੇ ਦਿਹਾੜੇ ਤੇ ਖਾਲਸਾ ਸਾਜਨਾ ਦਿਵਸ ਮਨਾਇਆ ਜਾਵੇਗਾ ਤੇ ਗੁਰਦੁਆਰਾ ਬੇਰ ਸਾਹਿਬ ਵਿਖੇ ਦੀਵਾਨ ਸਜਾਏ ਜਾਣਗੇ । ਉਨ੍ਹਾਂ ਦੱਸਿਆ ਕਿ ਵਿਸਾਖੀ ਦੇ ਦਿਹਾੜੇ ਤੇ ਸਵੇਰੇ 11 ਵਜੇ ਸੰਗਤਾਂ ਨੂੰ ਅੰਮ੍ਰਿਤ ਸੰਚਾਰ ਵੀ ਪੰਜ ਪਿਆਰੇ ਸਾਹਿਬਾਨ ਵਲੋਂ ਕਰਵਾਇਆ ਜਾਵੇਗਾ । ਉਨ੍ਹਾਂ ਅੰਮ੍ਰਿਤ ਅਭਿਲਾਖੀਆਂ ਨੂੰ ਲਾਹਾ ਲੈਣ ਤੇ ਗੁਰੂ ਵਾਲੇ ਬਣ ਕੇ ਜੀਵਨ ਸਫਲ ਬਣਾਉਣ ਦੀ ਅਪੀਲ ਕੀਤੀ ।
ਇਸ ਮੌਕੇ ਤੇ ਭਾਈ ਚਾਨਣ ਸਿੰਘ ਦੀਪੇਵਾਲ ਸਕੱਤਰ , ਹੈਡ ਗ੍ਰੰਥੀ ਗਿਆਨੀ ਸੁਰਜੀਤ ਸਿੰਘ ਸਭਰਾ , ਗਿਆਨੀ ਗੁਰਪ੍ਰੀਤ ਸਿੰਘ ਮੁੱਖ ਕਥਾ ਵਾਚਕ , ਭਾਈ ਹਰਜਿੰਦਰ ਸਿੰਘ ਗ੍ਰੰਥੀ ,ਭਾਈ ਸਤਨਾਮ ਸਿੰਘ ਗ੍ਰੰਥੀ , ਭਾਈ ਬਲਜਿੰਦਰ ਸਿੰਘ ਗ੍ਰੰਥੀ , ਭਾਈ ਭੁਪਿੰਦਰ ਸਿੰਘ ਆਰ ਕੇ ਤੇ ਹੋਰਨਾਂ ਹਾਜਰੀ ਭਰੀ ।